ਡੇਰਾ ਬਾਬਾ ਨਾਨਕ (ਗੁਰਦਾਸਪੁਰ), 29 ਅਪ੍ਰੈਲ (ਖ਼ਬਰ ਖਾਸ ਬਿਊਰੋ)
ਕੰਡਿਆਲੀ ਤਾਰ ਪਾਰ ਕਿਸਾਨ ਜਾਨ ਤਲੀ ਉਤੇ ਰੱਖਕੇ ਫਸਲਾਂ ਪਾਲ ਰਹੇ ਹਨ। ਪਹਿਲਾਂ ਜਿੱਥੇ ਫਸਲਾਂ ਬੀਜਣਾ ਸਿਰਦਰਦੀ ਬਣੀ ਹੁੰਦੀ ਹੈ, ਉਸਤੋ ਬਾਅਦ ਫਸਲ ਸੰਭਾਲਣ ਦੀ ਜੁੰਮੇਵਾਰੀ ਉਸਤੋ ਵੀ ਵੱਡੀ ਹੋ ਜਾਂਦੀ ਹੈ। ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀਆਂ ਪੈਂਦੀਆਂ ਜ਼ਮੀਨਾਂ ਵਿੱਚ ਕਣਕ ਪੂਰੀ ਤਰ੍ਹਾਂ ਪੱਕ ਚੁੱਕੀ ਹੈ । ਕਿਸਾਨ ਆਪਣੀ ਮਰਜ਼ੀ ਬਿਨਾਂ ਕੁੱਝ ਨਹੀਂ ਕਰ ਸਕਦੇ। ਉਹ ਸੀਮਾ ਸੁਰੱਖਿਆ ਪੁਲਿਸ ਫੋਰਸ (ਬੀ.ਐੱਸ.ਐੱਫ.) ਦੀ ਨਿਗਰਾਨੀ ਤੇ ਦਿਆ ਦ੍ਰਿਸ਼ਟੀ ਨਾਲ ਹੀ ਖੇਤੀ ਕਰ ਸਕਦੇ ਹਨ।
ਪਿਛਲੇ ਕੁੱਝ ਦਿਨਾਂ ਤੋ ਮੌਸਮ ਦੇ ਬਦਲੇ ਰੁਝਾਨ ਨੇ ਕਿਸਾਨਾਂ ਦੀ ਸਮੱਸਿਆ ਹੋਰ ਵੀ ਵਧਾਈ ਹੋਈ ਹੈ। ਖੇਤਾਂ ਵਿਚ ਲਹਿਰਾਉਂਦੀ ਸੋਨੇ ਰੰਗੀ ਫਸਲ (ਕਣਕ) ਨੂੰ ਸੰਭਾਲਣ ਲਈ ਕਿਸਾਨਾਂ ਨੂੰ ਦੋ ਚਾਰ ਹੋਣਾ ਪੈ ਰਿਹਾ ਹੈ ਜਦਕਿ ਉਪਰ ਤੋ ਮੌਸਮ ਬੇਈਮਾਨ ਹੋ ਰਿਹਾ ਹੈ। ਹਾਲਾਂਕਿ ਕਿਸਾਨਾਂ ਜਗਦੀਸ਼ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ, ਮੋਹਰ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਮੁ੍ਖਮਿੰਦਰ ਸਿੰਘ, ਕੇਸਰ ਸਿੰਘ ਨੇ ਬੀ.ਐੱਸ.ਐੱਫ ਦੁਆਰਾ ਕਿਸਾਨਾਂ ਨੂੰ ਪੂਰਾ ਸਹਿਯੋਗ ਦੇਣ ਦੀ ਗ੍ਲ ਕਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬੀ.ਐਸ.ਐਫ ਦੁਆਰਾ ਗੇਟ ਖੋਲਣ ਬਾਅਦ ਹੀ ਉਹ ਪਾਰ ਜਾ ਸਕਦੇ ਹਨ। ਪੁਲਿਸ ਜਾਣ ਲੱਗੇ ਅਤੇ ਆਉਣ ਲੱਗੇ ਬਕਾਇਦਾ ਤਲਾਸ਼ੀ ਲੈਂਦੀ ਹੈ।
ਕਿਸਾਨਾਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਵਾਢੀ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ ਹੈ,। ਉਹਨਾਂ ਅਨੁਸਾਰ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿਚ ਕਣਕ ਵੱਢਣ ਦਾ ਕੰਮ ਹੁਣ ਧੁੱਪ ਨਿਕਲਣ ਬਾਅਦ ਬੀਐੱਸਐੱਫ ਦੇ ਜਵਾਨਾਂ ਦੀ ਦੇਖਰੇਖ ਹੇਠ ਸ਼ੁਰੂ ਹੋਇਆ ਹੈ।
ਕਦੋਂ ਤੱਕ ਕਰ ਸਕਦੇ ਹਨ ਕਿਸਾਨ ਵਾਢੀ
ਲਹਿੰਦੇ ਵਾਲੇ ਪਾਸੇ ਸਥਿਤ ਜ਼ਮੀਨਾਂ ਵਿਚ ਕਿਸਾਨ ਬੀਐੱਸਐੱਫ ਜਵਾਨਾਂ ਵੱਲੋਂ ਚੈਕਿੰਗ ਕਰਨ ਤੋਂ ਬਾਅਦ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਹੀ ਰਹਿ ਸਕਦੇ ਹਨ। ਦੋਵਾਂ ਦੇਸ਼ਾਂ ਦੀ ਸਰਹੱਦ ਉਤੇ ਲੱਗੀ ਤਾਰ ਦੇ ਗੇਟ ਖੁੱਲਣ ਬਾਅਦ ਹੀ ਕਿਸਾਨ ਟਰੈਕਟਰ, ਟਰਾਲੀਆਂ ਰਾਹੀਂ ਜਾ ਸਕਦੇ ਹਨ ਪਰ ਕਿਸਾਨਾਂ ਦੀ ਬਰੀਕੀ ਨਾਲ ਤਲਾਸ਼ੀ ਲਈ ਜਾਂਦੀ ਹੈ। ਕਿਸਾਨਂ ਦੇ ਸਾਰੇ ਸੰਦ, ਮਸ਼ੀਨਰੀ ਦੀ ਵੀ ਜਾਂਚ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਬੀਐੱਸਐੱਫ ਜਵਾਨਾਂ ਦੀ ਦੇਖਰੇਖ ਹੇਠ ਭੇਜਿਆ ਜਾਂਦਾ ਹੈ। ਕਿਸਾਨਾਂ ਅਨੁਸਾਰ ਜੇਕਰ ਮੌਸਮ ਕੁਝ ਦਿਨ ਸਾਥ ਦਿੰਦਾ ਹੈ ਤਾਂ ਦੋ ਤਿੰਨ ਦਿਨ ਵਿੱਚ ਕਣਕ ਅਤੇ ਤੂੜੀ ਦੀ ਸਾਂਭ ਸੰਭਾਲ ਮੁਕੰਮਲ ਹੋ ਜਾਵੇਗੀ। ਕਿਸਾਨ ਜ਼ਲਦੀ ਕੰਮ ਨਿਬੇੜਨ ਲਈ ਕੰਬਾਈਨਾਂ ਤੇ ਰੀਪਰਾ ਦਾ ਸਹਾਰਾ ਲੈ ਰਹੇ ਹਨ।