ਕਲਾਨੌਰ 22 ਦਸੰਬਰ (ਖ਼ਬਰ ਖਾਸ ਬਿਊਰੋ)
ਥਾਣਾ ਕਲਾਨੌਰ ਅਧੀਨ ਪੈਂਦੇ ਬਖਸ਼ੀਵਾਲ ਅਤੇ ਵਡਾਲਾ ਬਾਂਗਰ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਦੋਵੇਂ ਪੁਲਿਸ ਚੌਕੀਆਂ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪੁਲਿਸ ਚੌਕੀਆਂ ‘ਤੇ ਹੋਏ ਧਮਾਕਿਆਂ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਥਾਣਾ ਕਲਾਨੌਰ ਅਧੀਨ ਪੈਂਦੇ ਪੁਲਿਸ ਚੌਕੀ ਬਖਸ਼ੀਵਾਲ ਅਤੇ ਵਡਾਲਾ ਬਾਂਗਰ ਅਤਿਵਾਦ ਦੇ ਦੌਰ ਵਿੱਚ ਹੋਂਦ ਵਿੱਚ ਆਈਆਂ ਸਨ। ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ ਹਾਲ ਹੀ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਖਾਲੀ ਪੁਲਿਸ ਚੌਕੀਆਂ ਵਿੱਚ ਧਮਾਕੇ ਕਰਨ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਬੱਬਰ ਖਾਲਸਾ ਨੇ ਲਈ ਸੀ। ਇਲਾਕੇ ਦੇ ਲੋਕਾਂ ਨੇ ਪੁਲਿਸ ਚੌਕੀ ਵਡਾਲਾ ਬਾਂਗਰ ਨੂੰ ਬਹਾਲ ਕਰਨ ਦੀ ਮੰਗ ਕੀਤੀ ਸੀ। ਇਸ ਦੇ ਮੱਦੇਨਜ਼ਰ ਇੱਥੇ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।