ਚੰਡੀਗੜ 22 ਦਸੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਰੱਦ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਪੇਸ਼ ਕਰਨ ਤੋਂ ਇਨਕਾਰੀ ਹੋ ਚੁੱਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮਾਨਸਿਕ ਸਥਿਤੀ ਨੂੰ ਕਰਾਰ ਦਿੱਤਾ ਹੈ। ਭਾਈ ਮਨਜੀਤ ਸਿੰਘ ਇਸ ਗੱਲ ਦਾ ਪੂਰਨ ਦਾਅਵਾ ਪੇਸ਼ ਕੀਤਾ ਕਿ ਇਸ 72 ਘੰਟਿਆਂ ਦੇ ਘੱਟ ਸਮੇਂ ਦੇ ਨੋਟਿਸ ਤੇ ਸਿੰਗਲ ਏਜੰਡੇ ਨੂੰ ਪੇਸ਼ ਅਤੇ ਪਾਸ ਕਰਨ ਦੇ ਮਕਸਦ ਨਾਲ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਪਰ ਇਸ ਵਿਚਕਾਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਸੁਖਬੀਰ ਧੜੇ ਵਲੋ ਪਰੋਸੇ ਏਜੰਡੇ ਨੂੰ ਪੇਸ਼ ਕਰਨ ਤੋਂ ਕੀਤੇ ਇਨਕਾਰ ਤੋ ਬਾਅਦ ਮੀਟਿੰਗ ਨੂੰ ਰੱਦ ਕਰਨਾ ਪਿਆ ਹੈ।
ਉਹਨਾਂ ਨੇ ਕਿਹਾ ਕਿ ਉਹ ਬੜੀ ਨੇੜਲੇ ਸੂਤਰਾਂ ਤੋਂ ਉਕਤ ਏਜੰਡੇ ਦੀ ਭਾਵਨਾ ਤੋਂ ਚੰਗੀ ਤਰਾਂ ਜਾਣੂ ਹਨ ਪਰ ਉਹ ਚਾਹੁੰਦੇ ਹਨ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਨਾ ਦਾ ਓਹ ਦਿਲ ਤੋ ਬੜਾ ਸਤਿਕਾਰ ਕਰਦੇ ਹਨ, ਇਸ ਪੇਸ਼ ਕੀਤੇ ਜਾਣ ਵਾਲੇ ਸੁਖਬੀਰ ਧੜੇ ਦੇ ਏਜੰਡੇ ਨੂੰ ਖੁਦ ਧਾਮੀ ਸਾਹਿਬ ਸੰਗਤ ਦੀ ਕਚਹਿਰੀ ਵਿੱਚ ਨਸ਼ਰ ਕਰਨ ਤਾਂ ਜੋ ਸੰਗਤ ਦੀ ਕਚਹਿਰੀ ਵਿੱਚ ਇਸ ਸਿਆਸੀ ਅਤੇ ਸਾਜਿਸ਼ੀ ਖੇਡ ਦਾ ਪਰਦਾਫਾਸ਼ ਹੋ ਸਕੇ।
ਭਾਈ ਮਨਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨ ਕੁਝ ਅੰਤ੍ਰਿੰਗ ਕਮੇਟੀ ਮੈਂਬਰ ਅਤੇ ਐਸਜੀਪੀਸੀ ਮੈਂਬਰਾਂ ਨੇ ਸਾਂਝੇ ਰੂਪ ਵਿੱਚ ਏਜੰਡੇ ਨੂੰ ਘੱਟੋ-ਘੱਟ 48 ਘੰਟੇ ਪਹਿਲਾਂ ਪੇਸ਼ ਕਰਨ ਦੀ ਮੰਗ ਕੀਤੀ ਗਈ ਸੀ ਪਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਮਾਨਸਿਕ ਸਥਿਤੀ ਦਰਸਾਉਂਦੀ ਹੈ ਕਿ ਉਹ ਮਜਬੂਰਨ ਅਕ੍ਰਿਤਘਣ, ਛਲਕਪਟ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾਉਣ ਅਤੇ ਭਗੌੜੇ ਹੋਣ ਵਾਲੇ ਫੈਸਲਿਆਂ ਵਿੱਚ, ਤਖ਼ਤ ਅਤੇ ਸ਼੍ਰੋਮਣੀ ਕਮੇਟੀ ਵਿੱਚ ਬਣ ਰਹੇ ਟਕਰਾਅ ਵਾਲੀ ਸਥਿਤੀ ਦੇ ਭਾਗੀਦਾਰ ਬਣ ਰਹੇ ਹਨ, ਪਰ ਧਾਮੀ ਸਾਹਿਬ ਦੀ ਆਪਣੀ ਅੰਤਰ ਆਤਮਾ ਇਸ ਦੀ ਹਾਮੀ ਨਹੀਂ ਭਰਦੀ।
ਭਾਈ ਮਨਜੀਤ ਸਿੰਘ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਕੌਮ ਅਤੇ ਪੰਥ ਸਾਹਮਣੇ ਬਣ ਰਹੀ ਗੁੰਝਲਦਾਰ ਸਥਿਤੀ ਨੂੰ ਅਜਿਹੀ ਗੰਢ ਨਾ ਮਾਰ ਦੇਣਾ ਕਿ ਹੱਥਾਂ ਦੀ ਬਜਾਏ ਮੂੰਹ ਨਾਲ ਵੀ ਨਾ ਖੁੱਲ੍ਹੇ, ਇਸ ਕਰਕੇ ਸਮਾਂ ਰਹਿੰਦੇ ਸੰਗਤ ਦੇ ਸਾਹਮਣੇ ਸੁਖਬੀਰ ਧੜੇ ਦੇ ਲੁਕਵੇਂ, ਪੰਥ ਦੀਆਂ ਮਰਿਯਾਦਾ ਨੂੰ ਛਿੱਕੇ ਟੰਗਣ ਵਾਲੇ ਏਜੰਡਿਆਂ ਨੂੰ ਜਨਤਕ ਕਰਨ ਜਿਸ ਲਈ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਿਸ਼ਵਾਸ਼ ਪੈਦਾ ਹੋਵੇਗਾ।
ਭਾਈ ਮਨਜੀਤ ਸਿੰਘ ਨੇ ਤਖ਼ਤ ਤੋਂ ਨਕਾਰੀ ਅਕਾਲੀ ਲੀਡਰਸ਼ਿਪ ਵਲੋ ਬੀਤੇ ਦਿਨ ਮਾਛੀਵਾੜੇ ਦੀ ਇਤਿਹਾਸਕ, ਕੁਰਬਾਨੀਆਂ ਅਤੇ ਤਿਆਗ ਦੇ ਫਲਸਫੇ ਨਾਲ ਸਿੰਜੀ ਪਾਵਨ ਧਰਤੀ ਤੇ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਲਈ ਵੱਡਾ ਗੁਨਾਹ ਕੀਤਾ ਹੈ ਖਾਸ ਕਰ ਉਸ ਦਿਨ ਜਦੋਂ ਦਸਮ ਪਿਤਾ ਦਾ ਪਰਿਵਾਰ ਲਾਸਾਨੀ ਕੁਰਬਾਨੀ ਕਰ ਰਿਹਾ ਸੀ ਪਰ ਗੁਰੂ ਤੋ ਬੇਮੁੱਖ ਹੋਏ ਲੋਕ ਇੱਕ ਅਹੁਦੇ ਨੂੰ ਤਿਆਗਣ ਦੀ ਅੜੀ ਅਤੇ ਜ਼ਿਦ ਕਰੀ ਬੈਠੇ ਹਨ।