ਚੰਡੀਗੜ 28 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਕਾਂਗਰਸ ਪਾਰਟੀ ਨੂੰ ਸੰਗਰੂਰ ਵਿਚ ਵੀ ਕੀ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਖੰਗੂੜਾ (ਦਲਬੀਰ ਗੋਲਡੀ) ਦੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਗੋਲਡੀ ਨੇ ਆਪਣੀ ਫੇਸਬੁੱਕ ‘ਤੇ ਇਕ ਸ਼ੇਅਰ ਲਿਖਿਆ ਹੈ, ਜੋ ਉਸਦੇ ਨਵੇਂ ਸਫ਼ਰ ਦੀ ਸ਼ੁਰੂਆਤ ਵੱਲ ਇਸ਼ਾਰਾ ਕਰਦਾ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਗੋਲਡੀ ਵੀ ਕਾਂਗਰਸ ਦਾ ਹੱਥ ਛੱਡ ਸਕਦੇ ਹਨ। ਦਲਬੀਰ ਗੋਲਡੀ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਉਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਪਾਰਟੀ ਛੱਡਣ ਦੀ ਪੁਸ਼ਟੀ ਨਹੀਂ ਕੀਤੀ, ਪਰ ਜਿਹੜੀ ਸ਼ਬਦਾਵਲੀ ਗੋਲਡੀ ਨੇ ਆਪਣੇ ਸੋਸ਼ਲ ਫੇਸਬੁੱਕ ਪੇਜ਼ ‘ਤੇ ਲਿਖੀ ਹੈ, ਉਹ ਦਰਸਾਉਂਦੀ ਹੈ ਕਿ ਆਗਾਮੀ ਦਿਨਾਂ ਵਿਚ ਉਹ ਕੋਈ ਨਵਾਂ ਫੈਸਲਾ ਲੈ ਸਕਦੇ ਹਨ।
ਇਹ ਲਿਖਿਆ ਹੈ ਗੋਲਡੀ ਨੇ
ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਆਪਣੀ ਫੇਸਬੁੱਕ ਤੇ ਲਿਖਿਆ ਹੈ ਕਿ “ਸੋਚਦੇ ਹਾਂ ਇਕ ਨਵਾਂ,ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ,ਰੁਕ ਗਈ ਇਸ ਜਿੰਦਗੀ ਨੂੰ ਧੱਕੇ ਦੀ ਲੋੜ ਹੈ,ਇਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ, ਹਨੇਰਿਆ ਦੀ ਰਾਤ ਵਿਚ ਚਾਨਣ ਦੀ ਲੋੜ ਹੈ, ਦੀਵੇ ਨਹੀਂ ਜੁਗਨੂੰ ਸਹੀ ਪਰ ਜਗਦੇ ਰਹਾਂਗੇ।” ਸਿਆਸੀ ਮਾਹਿਰ ਗੋਲਡੀ ਦੀ ਇਸ ਬਿਆਨਬਾਜ਼ੀ ਨੂੰ ਪਾਰਟੀ ਨਾਲ ਨਰਾਜ਼ਗੀ ਦੇ ਰੂਪ ਵਿਚ ਦੇਖ ਰਹੇ ਹਨ।
ਵਿਧਾਨ ਸਭਾ ਦੀਆ ਚੋਣਾਂ ਵਿਚ ਦਲਬੀਰ ਗੋਲਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋ ਹਾਰ ਗਏ ਸਨ। ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਪਾਰਟੀ ਨੇ ਦਲਬੀਰ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਸਿਮਰਨਜੀਤ ਸਿੰਘ ਮਾਨ ਤੋ ਚੋਣ ਹਾਰ ਗਏ ਸਨ। ਗੋਲਡੀ ਇਸ ਵਾਰ ਸੰਗਰੂਰ ਲੋਕ ਸਭਾ ਹਲਕੇ ਤੋ ਮੁੜ ਟਿਕਟ ਦੇ ਦਾਅਵੇਦਾਰ ਸਨ ਕਿਉਂਕਿ ਜ਼ਿਮਨੀ ਚੋਣ ਵੇਲੇ ਉਨਾਂ ਨੂੰ ਆਮ ਚੋਣਾਂ ਵਿਚ ਟਿਕਟ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ, ਪਰ ਪਾਰਟੀ ਨੇ ਹੁਣ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਹੈ। ਇਸ ਕਾਰਨ ਦਲਬੀਰ ਗੋਲਡੀ ਖਫ਼ਾ ਹੋ ਗਏ ਸਨ। ਗੋਲਡੀ ਨੇ ਆਪਣਾ ਰੋਸ ਜਾਹਿਰ ਕਰਦਿਆ ਕਿਹਾ ਸੀ ਕਿ ਔਖੇ ਸਮੇ ਵਿਚ ਸੀਨੀਅਰ ਆਗੂ ਕਿੱਥੇ ਚਲੇ ਜਾਂਦੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਇਕੱ ਹੋ ਕੇ ਗੋਲਡੀ ਦੇ ਘਰ ਪੁੱਜੇ ਸਨ। ਉਸ ਵਕਤ ਗੋਲਡੀ ਨੇ ਪਾਰਟੀ ਨਾਲ ਚੱਲਣ ਅਤੇ ਸੁਖਪਾਲ ਖਹਿਰਾ ਦੀ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ ਸੀ। ਪਰ ਹੁਣ ਉਹਨਾਂ ਦੀ ਤਾਜ਼ਾ ਲਿਖਤ ਨੇ ਕਈ ਅਟਕਲਾਂ ਨੂੰ ਜਨਮ ਦਿੱਤਾ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਗੋਲਡੀ ਕਾਂਗਰਸ ਦਾ ਸਾਥ ਛੱਡ ਸਕਦੇ ਹਨ । ਗੋਲਡੀ ਨਾਲ ਕਈ ਵਾਰ ਗੱਲ ਸੰਪਰਕ ਕੀਤਾ ਪਰ ਸੰਪਰਕ ਨਹੀ ਹੋ ਸਕਿਆ। ਭਾਜਪਾ ਨੇ ਅਜੇ ਤੱਕ ਸੰਗਰੂਰ ਤੋਂ ਉਮੀਦਵਾਰ ਨਹੀਂ ਐਲਾਨਿਆ। ਇਸ ਲਈ ਕਿਆਸਰਾਈਆ ਲਾਈਆ ਜਾ ਰਹੀਆ ਹਨ ਕਿ ਦਲਬੀਰ ਗੋਲਡੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਨੂੰ ਸੰਗਰੂਰ ਵਿਚ ਵੱਡਾ ਝਟਕਾ ਹੋਵੇਗਾ।