ਚੰਡੀਗੜ੍ਹ, 22 ਦਸੰਬਰ (ਖ਼ਬਰ ਖਾਸ ਬਿਊਰੋ)
ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ 21ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਤੀਜੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ‘ਰੀਟੇਕ ਜ਼ਿੰਦਗੀ’ ਨਾਟਕ ਖੇਡਿਆ ਗਿਆ।
ਰਾਜਵਿੰਦਰ ਦੇ ਨਾਲ ਸਹਿਯੋਗੀ ਮੈਂਬਰ ਵੀ ਹਨ। ਇਹ ਨਾਟਕ ਅਦਾਲਤ ਵਿੱਚ ਤਲਾਕ ਲੈਣ ਲਈ ਅੜੇ ਖੜੇ ਪਤੀ ਪਤਨੀ ਦੀ ਕਹਾਣੀ ਹੈ, ਪਰ ਉਸ ਵੇਲ਼ੇ ਨਾਟਕ ਤਿੱਖਾ ਮੋੜ ਕੱਟਦਾ ਹੈ, ਜਦੋਂ ਐਲਾਨ ਕਰਦਾ ਹੈ ਕਿ ਉਨ੍ਹਾਂ ਨੂੰ ਪਹਿਲਾਂ 15 ਦਿਨਾਂ ਲਈ ਅਦਾਲਤ ਦੇ ਖਰਚੇ ‘ਤੇ ਪੰਦਰਾਂ ਦਿਨਾਂ ਲਈ ਹੋਟਲ ਦੇ ਇੱਕ ਕਮਰੇ ਵਿੱਚ ਇਕੱਠੇ ਰਹਿਣਗੇ।
ਇਨ੍ਹਾਂ ਹਾਲਾਤ ਵਿੱਚ ਸੰਜੀਦਾ ਤੇ ਗੰਭੀਰ ਸਥਿਤੀ ਕਾਮੇਡੀ ਦਾ ਰੂਪ ਅਖਤਿਆਰ ਕਰ ਲੈਂਦੀ ਹੈ। ਇਸਦੇ ਬਾਵਜੂਦ ਪਤੀ-ਪਤਨੀ ਦੇ ਸੂਖਮ ਸਬੰਧਾਂ ‘ਤੇ ਕੇਂਦਰਿਤ ਰਹਿੰਦਾ ਹੈ, ਜਿਸ ਵਿੱਚ ਸ਼ੱਕ, ਪਿਆਰ, ਵਿਸ਼ਵਾਸ, ਅਣਗਹਿਲੀ, ਅਪਣੱਤ, ਉਮੀਦ ਤੇ ਇੱਛਾਵਾਂ ਸਭ ਕੁਝ ਹੁੰਦਾ ਹੈ। ਪਰ ਇਹਨਾਂ ਨੂੰ ਸਮਝਣਾ ਤੇ ਅਮਲ ਕਰਨਾ ਦੋਨਾਂ ਲਈ ਹੀ ਚੁਣੌਤੀ ਭਰਪੂਰ ਹੁੰਦਾ ਹੈ। ਕਈ ਵਾਰ ਇਸ ਰਿਸ਼ਤੇ ਦੀ ਗਹਿਰਾਈ ਨੂੰ ਸਮਝਣ ਵਿੱਚ ਭੁੱਲ ਹੋ ਜਾਂਦੀ ਹੈ ਅਤੇ ਦੋਸਤ-ਮਿੱਤਰ ਤੇ ਰਿਸ਼ਤੇਦਾਰ ਵੀ ਜਾਣੇ-ਅਣਜਾਣੇ ਵਿੱਚ ਹੀ ਵਿੱਥ ਨੂੰ ਘਟਾਉਣ ਦੀ ਬਜਾਏ ਵਧਾ ਦਿੰਦੇ ਹਨ। ਨਾਟਕ ਇਸ ਰਿਸ਼ਤੇ ਵਿੱਚ ਆਈ ਉਹਨਾਂ ਕੁੜੱਤਣ ਨੂੰ ਉਜਾਗਰ ਕਰਦਾ ਹੈ, ਜੋ ਉਹ ਆਪਣੇ ਅੰਦਰ ਮਹਿਸੂਸ ਤਾਂ ਕਰਦੇ ਹਨ, ਪਰ ਕਿਸੇ ਕਾਰਨ ਕਹਿ ਨਹੀਂ ਪਾਉਂਦੇ।
ਇਹ ਨਾਟਕ ਆਪਣੇ ਸਿਖ਼ਰ ’ਤੇ ਜਾ ਕੇ ਦੋਵਾਂ ਅੰਦਰ ਅਹਿਸਾਸ ਜਗਾਉਂਦਾ ਹੈ। ਇਹ ਵੀ ਜ਼ਾਹਰ ਹੋ ਜਾਂਦਾ ਹੈ ਕਿ ਉਹ ਅਦਾਲਤੀ ਖਰਚੇ ’ਤੇ ਨਹੀਂ, ਬਲਕਿ ਜੱਜ ਦੇ ਖਰਚੇ ’ਤੇ ਹੋਟਲ ਵਿੱਚ ਰਹੇ ਸਨ, ਜਿਸਨੇ ਇਸ ਤਰੀਕੇ ਨਾਲ ਆਪਣੇ ਜੀਵਨ ਵਿੱਚ ਭੁਗਤੀ ਭੁੱਲ ਸੁਧਾਰ ਲਈ ਸੀ। ਇਸ ਨਾਟਕ ਵਿੱਚ ਟਾਪੁਰ ਸ਼ਰਮਾ, ਕੁਲਤਰਨ ਗਿੱਲ, ਵਿਸ਼ਾਲ ਸੋਨਵਾਲ ਤੇ ਨੈਨਸੀ ਨੇ ਅਦਾਕਾਰੀ ਕੀਤੀ। ਇਸਦਾ ਸੰਗੀਤ ਕਰਮਨ ਸਿੱਧੂ ਦਾ ਸੀ ਅਤੇ ਸੈੱਟ ਦਮਨਪ੍ਰੀਤ ਜੇਜ਼ੀ ਦਾ ਸੀ। ਨਾਟਕ ਦੀ ਸਹਾਇਕ ਨਿਰਦੇਸ਼ਕ ਡਾ. ਇੰਦਰਜੀਤ ਕੌਰ ਨੇ ਕਸਟਿਊਮ ਵੀ ਤਿਆਰ ਕੀਤੀ ਸੀ।