ਚੰਡੀਗੜ੍ਹ 16 ਅਗਸਤ (ਖ਼ਬਰ ਖਾਸ ਬਿਊਰੋ)
ਆਜ਼ਾਦੀ ਦਿਵਸ ਵਾਲੇ ਦਿਨ 84 ਸਿੱਖਾਂ ਦੇ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸਨਮਾਨ ਦੇ ਕੇ ਕਾਂਗਰਸ ਨੇ ਇੱਕ ਵਾਰ ਫ਼ਿਰ ਤੋਂ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਕੀਤਾ।
ਬੱਲੀਏਵਾਲ ਨੇ ਕਿਹਾ ਕਿ ਜਦੋਂ ਸਾਰਾ ਦੇਸ਼ ਆਜ਼ਾਦੀ ਦੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਸੀ, ਉਸੇ ਦਿਨ ਜਗਦੀਸ਼ ਟਾਈਟਲਰ, ਜਿਸ ’ਤੇ 1984 ਦੇ ਸਿੱਖ ਕਤਲੇਆਮ ਦੀ ਅਗਵਾਈ ਦੇ ਦੋਸ਼ ਹਨ, ਉਸਨੂੰ ਕਾਂਗਰਸ ਦਫ਼ਤਰ ਬੁਲਾਇਆ ਗਿਆ ਅਤੇ ਉਸ ਦੀਆਂ ਤਸਵੀਰਾਂ ਖੁਦ ਸ਼੍ਰੀ ਰਾਹੁਲ ਗਾਂਧੀ ਵੱਲੋਂ ਸ਼ੇਅਰ ਕੀਤੀਆਂ ਗਈਆਂ। ਕਾਂਗਰਸ ਦੀ ਇੱਕ ਰਾਸ਼ਟਰੀ ਬੁਲਾਰੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਉਸ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ, ਕੀ ਇਸਦਾ ਮਤਲਬ ਉਹ ਬੇ ਕਸੂਰ ਹੈ..??
ਬੱਲੀਏਵਾਲ ਨੇ ਕਿਹਾ ਕਿ ਇਸ ਮੌਕੇ ਪੰਜਾਬ ਤੋਂ ਕਾਂਗਰਸੀ ਸਾਂਸਦ ਵੀ ਮੌਜੂਦ ਸਨ, ਜਿਸ ਨਾਲ ਇਹ ਸਪਸ਼ੱਟ ਹੈ ਕਿ ਉਹ ਵੀ ਚੁੱਪਚਾਪ ਟਾਈਟਲਰ ਦੀ ਮੌਜੂਦਗੀ ਦਾ ਸਮਰਥਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਜਿਸ ਨੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਈਆਂ। ਦੂਜੇ ਪਾਸੇ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਸਨਮਾਨ ਦੇ ਰਹੀ ਹੈ । ਕੇਂਦਰ ਦੀ ਮੋਦੀ ਸਰਕਾਰ ਨੇ S.I.T ਬਣਾ ਕੇ ਕੇਸਾਂ ਨੂੰ ਦੋਬਾਰਾ ਖੁੱਲਵਾਇਆ ਤੇ ਸੱਜਣ ਕੁਮਾਰ ਵਰਗਿਆਂ ਨੂੰ ਸਜ਼ਾ ਦਿਵਾਈ ਤੇ ਹੁਣ ਜਗਦੀਸ਼ ਟਾਈਟਲਰ ਨੂੰ ਸਜ਼ਾ ਦਾ ਨੰਬਰ ਵੀ ਜਲਦੀ ਹੀ ਲੱਗਣ ਵਾਲਾ ਹੈ। ਬੱਲੀਏਵਾਲ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਸਾਂਸਦਾ ਦੀ ਇਸ ਮੁੱਦੇ ਤੇ ਚੁੱਪੀ ਵੀ ਬਿਆਨ ਕਰਦੀ ਹੈ ਕਿ ਸਿਰਫ਼ ਸਿੱਖ ਹਿਮਾਇਤੀ ਹੋਣ ਦਾ ਡਰਾਮਾ ਕਰਦੇ ਹਨ, ਅਸਲ ਵਿੱਚ ਉਨ੍ਹਾਂ ਨੂੰ ਸਿੱਖਾਂ ਨਾਲ ਕੋਈ ਹਮਦਰਦੀ ਨਹੀਂ ਹੈ।