ਚੰਡੀਗੜ 16 ਅਗਸਤ (ਖ਼ਬਰ ਖਾਸ ਬਿਊਰੋ)
ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੇ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ, ਉਹ ਦਿੱਲੀ ਦੇ ਧਾੜਵੀਆਂ ਤੋਂ ਖਹਿੜ੍ਹਾ ਛੁਡਾ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ। ਝੂੰਦਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੀ ਵੀਡਿਓ ਤੇ ਬੋਲਦਿਆਂ ਕਿਹਾ ਕਿ, ਇਸ ਵੀਡਿਓ ਵਿੱਚ ਸੱਤਾ ਦੇ ਬਲਬੂਤੇ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਡਿਓ ਵਿੱਚ ਮਨੀਸ਼ ਸਿਸੋਦੀਆ ਆਪਣੇ ਵਰਕਰਾਂ ਨੂੰ ਕਹਿ ਰਹੇ ਹਨ ਕਿ, 2027 ਕੇ ਚੋਣਾਂ ਜਿਤਾਨੇ ਕੇ ਲੀਏ, ਸਾਮ,ਦਾਮ,ਢੰਡ,ਭੇਦ, ਸੱਚ, ਝੂਠ,ਸਵਾਲ, ਜਵਾਬ ,ਲੜਾਈ, ਝਗੜਾ ਜੋ ਕਰਨਾ ਪਿਆ ਕਰਾਂਗੇ। ਜਦੋਂ ਮਨੀਸ਼ ਸਿਸੋਦੀਆ ਇਹ ਸ਼ਬਦ ਬੋਲ ਰਹੇ ਸਨ ਤਾਂ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਹੇਠਲੀਆਂ ਕੁਰਸੀਆਂ ਉੱਪਰ ਬੇਬੱਸ ਬੈਠੇ ਨਜਰ ਆ ਰਹੇ ਸਨ।
ਝੂੰਦਾਂ ਨੇ ਇਸ ਵੀਡਿਉ ਦੇ ਅਧਾਰ ਤੇ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਝੂੰਦਾਂ ਨੇ ਕਿਹਾ ਕਿ ਲੋਕਤੰਤਰਿਕ ਪ੍ਰਕਿਰਿਆ ਦੇ ਵਿੱਚ ਅਜਿਹੀ ਸੋਚ ਨਾ ਕਾਬਲੇ ਬਰਦਾਸ਼ਤ ਹੈ, ਜਿਹੜੀ ਸੰਵਿਧਾਨ ਵਿੱਚ ਦਰਜ ਚੋਣ ਲੜਨ ਦੇ ਅਧਿਕਾਰਾਂ ਦੇ ਜਾਬਤੇ ਦੀ ਉਲੰਘਣਾ ਕਰਦੀ ਹੋਵੇ।
ਝੂੰਦਾਂ ਨੇ ਕਿਹਾ ਕਿ, ਬਦਲਾਅ ਦੀ ਅਸਲੀਅਤ ਸਾਹਮਣੇ ਹੈ। ਝੂਠੇ ਬਦਲਾਅ ਦੇ ਨਾਅਰੇ ਨੇ ਪੰਜਾਬ ਦੀ ਲੁੱਟ ਕੀਤੀ। ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਹੱਥਾਂ ਵਿੱਚ ਦਿੱਤੀ ਸੱਤਾ ਪੰਜਾਬ ਦੇ ਹਿੱਤਾਂ ਦੀ ਪੂਰਤੀ ਨਹੀਂ ਕਰ ਸਕਦੀ ਹੈ, ਇਸ ਲਈ ਪੰਜਾਬ ਵਾਸੀ ਆਪਣੀ ਸਿਆਸੀ ਜਮਾਤ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ।