ਚੰਡੀਗੜ੍ਹ, 27 ਜੂਨ (ਖ਼ਬਰ ਖਾਸ ਬਿਊਰੋ)
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਆਮ ਆਦਮੀ ਪਾਰਟੀ ਸਰਕਾਰ ਦੀ “ਸਿਆਸੀ ਰੰਜਿਸ਼” ਕਰਾਰ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਹਮਲੇ ਕੀਤੇ ਹਨ। ਚੁੱਘ ਨੇ ਕਿਹਾ, “ਜੇ ਮਜੀਠੀਆ ਸੱਚਮੁੱਚ ਦੋਸ਼ੀ ਸਨ, ਤਾਂ ਕੇਜਰੀਵਾਲ ਨੇ 2018 ਵਿੱਚ ਉਨ੍ਹਾਂ ਤੋਂ ਮਾਫ਼ੀ ਕਿਉਂ ਮੰਗੀ? ਅਤੇ ਜੇ ਉਹ ਮਾਫ਼ੀ ਸਹੀ ਸੀ, ਤਾਂ ਇਹ ਗ੍ਰਿਫ਼ਤਾਰੀ ਕਿਵੇਂ ਜਾਇਜ਼ ਹੈ? ਦੋਹਾਂ ਗੱਲਾਂ ਇਕੱਠੇ ਸਚ ਨਹੀਂ ਹੋ ਸਕਦੀਆਂ—ਇਹੀ ਕੇਜਰੀਵਾਲ ਦਾ ਅਸਲੀ ਚਿਹਰਾ ਤੇ ਪਖੰਡ ਹੈ।”
ਉਨ੍ਹਾਂ ਨੇ ਕਿਹਾ ਕਿ ਪੰਜਾਬ ਤੇਜ਼ੀ ਨਾਲ “ਪੁਲਿਸ ਰਾਜ” ਵੱਲ ਵਧ ਰਿਹਾ ਹੈ। ਇੰਦਿਰਾ ਗਾਂਧੀ ਵੱਲੋਂ ਥੋਪੇ ਗਏ ਐਮਰਜੈਂਸੀ ਦੇ ਪੰਜਾਹ ਸਾਲ ਪੂਰੇ ਹੋਣ ‘ਤੇ “ਕੇਜਰੀਵਾਲ ਨੇ ਓਸੇ ਤਾਨਾਸ਼ਾਹੀ ਸੋਚ ਨੂੰ ਪੰਜਾਬ ਵਿੱਚ ਮੁੜ ਜਿਉਂਦਾ ਕਰ ਦਿੱਤਾ ਹੈ, ਜਿੱਥੇ ਸਰਕਾਰ ਦੇ ਹੁਕਮ ‘ਤੇ ਵਿਰੋਧੀ ਆਵਾਜ਼ਾਂ ਨੂੰ ਕੁੱਚਲਿਆ ਜਾਂਦਾ ਸੀ।
ਚੁੱਘ ਨੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸਿਰਫ਼ ਇੱਕ ਪੀ.ਆਰ. ਸਟੰਟ ਸਾਬਤ ਹੋਈ ਹੈ, ਜਿਸ ਦਾ ਅਸਲ ਮਕਸਦ ਨਸ਼ਿਆਂ ਖਿਲਾਫ਼ ਲੜਾਈ ਨਹੀਂ, ਸਗੋਂ ਵਿਰੋਧੀ ਆਗੂਆਂ ਨੂੰ ਡਰਾ ਕੇ ਚੁੱਪ ਕਰਵਾਉਣਾ ਹੈ। ਜੇ ਮਜੀਠੀਆ ਖ਼ਿਲਾਫ਼ ਕੋਈ ਸਬੂਤ ਹਨ ਤਾਂ ਉਹਨਾਂ ਨੂੰ ਜਨਤਕ ਕੀਤਾ ਜਾਵੇ, ਜਾਂਚ ਨਿਰਪੱਖ ਅਤੇ ਪਾਰਦਰਸ਼ੀ ਹੋਵੇ, ਅਤੇ ਇਨਸਾਫ਼ ਜ਼ਰੂਰ ਮਿਲੇ—ਪਰ ਸਰਕਾਰ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਕੇ ਰਾਜ ਪ੍ਰਬੰਧਨ ਦਾ ਦੁੁਰਪਯੋਗ ਨਾ ਕਰੇ।
ਚੁੱਘ ਨੇ ਪੰਜਾਬ ਦੇ ਸਾਰੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਬਾਉ ਵਾਲੀ ਮਾਨਸਿਕਤਾ ਅਤੇ ਤਾਨਾਸ਼ਾਹੀ ਰਾਜਖੰਡ ਦੇ ਖਿਲਾਫ਼ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ। ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਵਿਧਾਨ ਵਿਰੋਧੀ, ਅਲੋਕਤਾਂਤਰਿਕ ਸਰਕਾਰ ਨੂੰ ਲੋਕਤਾਂਤਰਿਕ ਢੰਗ ਨਾਲ ਉਖਾੜਨ ਲਈ ਅੱਗੇ ਆਉਣ। ਉਨ੍ਹਾਂ ਨੇ ਕਿਹਾ, “ਜਿਸ ਪੰਜਾਬ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਨੂੰ ਚੁਣੌਤੀ ਦਿੱਤੀ ਸੀ, ਅੱਜ ਉਸੇ ਜੁਝਾਰੂਪਣ ਦੀ ਫਿਰ ਲੋੜ ਹੈ।”