ਚੰਡੀਗੜ੍ਹ 6 ਜੂਨ (ਖ਼ਬਰ ਖਾਸ ਬਿਊਰੋ)
ਲੁਧਿਆਣਾ ਜ਼ਿਲ੍ਹੇ ਦੇ ਵਿਜੀਲੈਂਸ ਦੇ ਐੱਸ.ਐੱਸ.ਪੀ ਜਗਤਪ੍ਰੀਤ ਸਿੰਘ (ਪੀਪੀਐੱਸ) ਨੂੰ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ ਸੰਮਨ ਕਰਨਾ ਮਹਿੰਗਾ ਪੈ ਗਿਆ ਹੈ। ਆਸ਼ੂ ਨੂੰ ਸੰਮਨ ਜਾਰੀ ਕਰਨ ਉਤੇ ਸੂਬੇ ਦੀ ਸਿਆਸਤ ਦਾ ਪਾਰਾ ਚੜ੍ਹ ਗਿਆ ਅਤੇ ਪੰਜਾਬ ਸਰਕਾਰ ਨੇ ਜਗਤਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। ਗ੍ਰਹਿ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਨੇ ਮੁੱਅਤਲੀ ਦੇ ਹੁਕਮ ਜਾਰੀ ਕਰਦੇ ਹੋਏ ਜਗਤਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਹੈਡਕੁਆਟਰ ਵਿਖੇ ਡੀਜੀਪੀ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਮੁਅਤਲੀ ਦੌਰਾਨ ਉਕਤ ਅਧਿਕਾਰੀ ਉਚ ਅਧਿਕਾਰੀ ਨੂੰ ਬਿਨਾਂ ਦੱਸੇ ਆਪਣਾ ਸਟੇਸ਼ਨ ਨਹੀਂ ਛੱਡੇਗਾ।
ਇਸ ਲਈ ਜਾਰੀ ਕੀਤਾ ਸੀ ਸੰਮਨ
ਐੱਸ.ਐੱਸ.ਪੀ ਨੇ ਸਰਾਭਾ ਨਗਰ ਸਥਿਤ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਕਰਕੇ 2400 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਜਾਰੀ ਕੀਤੇ ਸਨ। ਆਸ਼ੂ ਲੁਧਿਆਣਾ ਪਛਮੀ ਤੋ ਕਾਂਗਰਸ ਦੇ ਉਮੀਦਵਾਰ ਹਨ।
ਆਪ ਆਗੂਆਂ ਨੇ ਲਾਏ ਇਹ ਦੋਸ਼
ਆਪ ਆਗੂ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਵਿਰੁੱਧ ਜਾਰੀ ਕੀਤਾ ਗਿਆ ਵਿਜੀਲੈਂਸ ਨੋਟਿਸ ਆਸ਼ੂ ਦੁਆਰਾ ਖ਼ੁਦ ਰਚੀ ਗਈ ਇੱਕ ਧੋਖਾਧੜੀ ਵਾਲੀ ਚਾਲ ਦਾ ਹਿੱਸਾ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਨੋਟਿਸ ਜਾਰੀ ਕਰਨ ਵਾਲਾ ਵਿਅਕਤੀ ਵਿਜੀਲੈਂਸ ਐਸਐਸਪੀ ਆਸ਼ੂ ਦਾ ਜਮਾਤੀ ਅਤੇ ਕਰੀਬੀ ਦੋਸਤ ਸੀ। ਮੰਤਰੀ ਨੇ ਖ਼ੁਲਾਸਾ ਕੀਤਾ ਕਿ ਆਸ਼ੂ ਨੇ ਨੋਟਿਸ ਜਾਰੀ ਕਰਨ ਲਈ ਆਪਣੇ ਸਬੰਧਾਂ ਦੀ ਦੁਰਵਰਤੋਂ ਕੀਤੀ, ਜਿਸ ਦਾ ਉਦੇਸ਼ ਖ਼ੁਦ ਨੂੰ ਪੀੜਤ ਵਜੋਂ ਪੇਸ਼ ਕਰਨਾ ਅਤੇ ਸਕੂਲ ਜ਼ਮੀਨ ਘੁਟਾਲੇ ਵਿੱਚ ਕਥਿਤ ਬਹੁ-ਕਰੋੜੀ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਉਣਾ ਸੀ। ਸੌਂਧ ਨੇ ਦੱਸਿਆ ਕਿ ਆਸ਼ੂ ਨੂੰ ਸੰਮਨ ਭੇਜਣ ਪਿੱਛੇ ਦੋਵਾਂ ਦੀ ਆਪਸੀ ਮਿਲੀ ਭੁਗਤ ਹੈ। ਅਜਿਹਾ ਆਸ਼ੂ ਨੇ ਖੁਦ ਨੂੰ ਬਦਲਾਖੋਰੀ ਦੀ ਰਾਜਨੀਤੀ ਦਾ ਸ਼ਿਕਾਰ ਦਿਖਾਕੇ ਵੋਟਰਾਂ ਦੀ ਹਮਦਰਦੀ ਲੈ ਕੇ ਵੋਟਾਂ ਮੰਗਣ ਲਈ ਕੀਤਾ। ਮੰਤਰੀ ਨੇ ਆਖਿਆ ਕਿ ਸਰਕਾਰ ਨੇ ਸੰਬੰਧ ਦੇ ਮਾਮਲੇ ਵਿੱਚ ਡੁੰਘਾਈ ਨਾਲ ਜਾਂਚ ਕਰਕੇ ਐਸਐਸਪੀ ਦੀ ਸਾਰੀ ਵਿਉਂਤ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਐਸਐਸਪੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਜਾਅਲੀ ਨੋਟਿਸ ਦਾ ਉਦੇਸ਼ ਕਰੋੜਾਂ ਰੁਪਏ ਦੇ ਸਕੂਲ ਜ਼ਮੀਨ ਘੁਟਾਲੇ ਤੋਂ ਧਿਆਨ ਹਟਾਉਣਾ ਸੀ ਜਿਸ ਵਿੱਚ ਆਸ਼ੂ ਅਤੇ ਉਨ੍ਹਾਂ ਦੇ ਸਾਥੀਆਂ, ਜਿਨ੍ਹਾਂ ਵਿੱਚ ਉਨ੍ਹਾਂ ਦਾ ਭਰਾ ਵੀ ਸ਼ਾਮਲ ਹੈ, ‘ਤੇ ਸਕੂਲਾਂ ਲਈ ਅਲਾਟ ਕੀਮਤੀ ਜ਼ਮੀਨ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਇਸ ਘੁਟਾਲੇ ਨੇ ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ, ਜੋ ਹੁਣ ਨਿਆਂ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।
‘ਆਪ’ ਆਗੂ ਨੇ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ ਹੋਣ ਵਾਲੀ ਹਾਰ ਦੇ ਡਰੋਂ, ਕਾਂਗਰਸ ਪਾਰਟੀ ਨਿਰਾਸ਼ਾਜਨਕ ਅਤੇ ਅਨੈਤਿਕ ਚਾਲਾਂ ਦਾ ਸਹਾਰਾ ਲੈ ਰਹੀ ਹੈ।
ਆਸ਼ੂ ਨੇ SSP ਦੀ ਅਰੋੜਾ ਨਾਲ ਫੋਟੋ ਕੀਤੀ ਜਾਰੀ
ਸਾਬਕਾ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਐੱਸ.ਐੱਸ.ਪੀ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਫੋਟੋ ਜਾਰੀ ਕਰ ਦਿੱਤੀ ਇਹ ਫੋਟੋ ਸੋਸ਼ਲ ਮੀਡੀਆਂ ਉਤੇ ਵਾਇਰਲ ਵੀ ਹੋ ਗਈ। ਮੀਟਿੰਗ ਵਿੱਚ ਵਿਜੀਲੈਂਸ ਦੇ ਮੁਅੱਤਲ ਕੀਤੇ ਜਾ ਚੁੱਕੇ ਐਸਐਸਪੀ ਜਗਤਪ੍ਰੀਤ ਸਿੰਘ ਬੈਠੇ ਨਜ਼ਰ ਆ ਰਹੇ ਹਨ। ਆਸ਼ੂ ਨੇ ਦੋਸ਼ ਲਾਇਆ ਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤਾਂ ਇਕ ਅਧਿਕਾਰੀ ਕਿਵੇਂ ਸਿਵਲ ਵਰਦੀ ਵਿਚ ਹੁਕਮਰਾਨ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਚੁੱਕਦਿਆਂ ਆਖਿਆ ਕਿ ਮੌਜੂਦਾ ਸਰਕਾਰ ਦਾ ਕੋਈ ਵੀ ਉਮੀਦਵਾਰ ਅਧਿਕਾਰੀਆਂ ਨਾਲ ਇਸ ਤਰ੍ਹਾਂ ਮੀਟਿੰਗ ਕਰ ਸਕਦਾ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਭਾਰਤ ਭੂਸ਼ਣ ਆਸ਼ੂ ਨੂੰ ਡਰਾਉਣ ਲਈ ਗਿਣੀ-ਮਿਥੀ ਸਾਜਿਸ਼ ਤਹਿਤ ਸੰਮਨ ਭਿਜਵਾਇਆ ਹੈ। ਉਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਲੋਚਨਾ ਕੀਤੀ।
ਬਾਜਵਾ ਨੇ ਕਿਹਾ ਕਿ ਸਰਕਾਰ ਨੇ ਕਿਸੇ ਅਸਲ ਜਾਂਚ ਦੇ ਹਿੱਸੇ ਵਜੋਂ ਨਹੀਂ, ਸਗੋਂ ਰਾਜਨੀਤਿਕ ਲਾਭ ਹਾਸਲ ਕਰਨ ਲਈ ਅਜਿਹਾ ਕੀਤਾ ਹੈ।
ਸਾਬਕਾ ਮੰਤਰੀ ਪਰਗਟ ਸਿੰਘ ਸਮੇਤ ਕਾਂਗਰਸ ਦੇ ਹੋਰਨਾਂ ਲੀਡਰਾਂ ਨੇ ਵੀ ਸਰਕਾਰ ਉਤੇ ਵਿਰੋਧੀ ਉਮੀਦਵਾਰ ਨੂੰ ਪਰੇਸ਼ਾਨ ਕਰਨ ਅਤੇ ਵੋਟਰਾਂ ਨੂੰ ਡਰਾਉਣ ਲਈ ਅਜਿਹਾ ਕਰਨ ਦੇ ਦੋਸ਼ ਲਾਏ ਹਨ।
25 ਹੋਰ ਵਿਅਕਤੀਆਂ ਨੂੰ ਵੀ ਜਾਰੀ ਹੋਏ ਸੰਮਨ
ਵਿਜੀਲੈਂਸ ਨੇ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਆਸ਼ੂ ਸਮੇਤ 25 ਹੋਰ ਵਿਅਕਤੀਆਂ ਨੂੰ ਸੰਮਨ ਜਾਰੀ ਕੀਤਾ ਹੈ।ਵਿਜੀਲੈਂਸ ਨੇ ਭਾਰਤ ਭੂਸ਼ਨ ਆਸ਼ੂ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ, ਪਰ ਆਸ਼ੂ ਨੇ ਵੋਟਾਂ ਤੋਂ ਬਾਅਦ ਪੇਸ਼ ਹੋਣ ਦੀ ਗੱਲ ਕਹੀ ਸੀ। ਇਸਤੋਂ ਬਾ੍ਦ ਸੂਬੇ ਦੀ ਸਿਆਸਤ ਭਖ਼ ਗਈ।
ਇਹ ਹੈ ਮਾਮਲਾ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਸ਼ਿਕਾਇਤ ਉਤੇ 8 ਜਨਵਰੀ ਨੂੰ ਨਿਊ ਹਾਇਰ ਸੈਕੰਡਰੀ ਸਕੂਲ ਸਿਵਿਲ ਲਾਈਨ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ। ਚੇਅਰਮੈਨ ਦੇ ਮੁਤਾਬਕ ਸਕੂਲ ਨੂੰ 1996-1997 ਵਿੱਚ 4.71 ਏਕੜ ਦੀ ਜ਼ਮੀਨ 94,200 ਰੁਪਏ ਦੀ ਰਿਆਇਤ ਕੀਮਤ ਤੇ ਅਲਾਟ ਕੀਤੀ ਗਈ ਸੀ, ਉਸ ਜ਼ਮੀਨ ਤੇ ਸਕੂਲ ਸਥਾਪਿਤ ਕੀਤਾ ਜਾਣਾ ਸੀ। ਅਲਾਟਮੈਂਟ ਦੀਆਂ ਸ਼ਰਤਾਂ ਵਿੱਚ ਆਖਿਆ ਗਿਆ ਸੀ ਕਿ ਜਮੀਨ ਦੀ ਵਰਤੋਂ ਸਿਰਫ ਵਿਦਿਅਕ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਇਸ ਜ਼ਮੀਨ ਤੇ ਕਿਸੇ ਹੋਰ ਗਤੀਵਿਧੀ ਲਈ ਪਾਬੰਦੀ ਲਗਾਈ ਗਈ ਸੀ।