ਗੁਰਦਾਸਪੁਰ, 4 ਜੂਨ ( ਖ਼ਬਰ ਖਾਸ ਬਿਊਰੋ)
ਕਰੀਬ ਦਸ ਕੇਸਾਂ ਵਿਚ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਮੁਰਾਦਪੁਰ ਪਹੁੰਚੀ ਪੁਲਿਸ ਟੀਮ ਉਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੁਲਿਸ ਟੀਮ ਨੂੰ ਦੇਖਕੇ ਬਾਪ-ਪੁੱਤ ਆਪਣੇ ਘਰ ਦੀ ਛੱਤ ‘ਤੇ ਚੜ੍ਹ ਗਏ ਅਤੇ ਦੋਵਾਂ ਨੇ ਹਾਈ ਵੋਲਟੇਜ ਡਰਾਮਾ ਕਰਦੇ ਹੋਏ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਬਾਪ ਪੁੱਤ ਦੇ ਛੱਤ ਉਤੇ ਚੜ੍ਹੇ ਹੋਣ ਕਾਰਨ ਪੁਲਿਸ ਟੀਮ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਬੇਰੰਗ ਵਾਪਸ ਮੁੜ ਗਈ।
ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਵਿਰੁੱਧ ਨਸ਼ਾ ਤਸਕਰੀ ਦੇ ਦਸ ਮਾਮਲੇ ਦਰਜ ਹਨ। ਐਸ.ਐਚ.ਓ ਨੇ ਦੱਸਿਆ ਕਿ ਇੱਕ ਮਾਮਲੇ ਵਿੱਚ ਉਸਨੂੰ ਗ੍ਰਿਫ਼ਤਾਰ ਕਰਨ ਆਏ ਸਨ, ਪਰ ਪੁਲਿਸ ਨੂੰ ਦੇਖ ਕੇ ਉਹ ਛੱਤ ‘ਤੇ ਚੜ੍ਹ ਗਿਆ। ਐਸ.ਐਚ.ਓ ਨੇ ਕਿਹਾ ਕਿ ਪੁਲਿਸ ਨੂੰ ਦੇਖਕੇ ਉਹਨਾਂ ਇੱਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ‘ਤੇ ਹਮਲਾ ਕਰ ਦਿੱਤਾ। ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ।
ਘਟਨਾਂ ਬੁੱਧਵਾਰ ਸਵੇਰੇ ਕਾਦੀਆਂ ਥਾਣੇ ਅਧੀਨ ਪੈਂਦੇ ਪਿੰਡ ਮੁਰਾਦਪੁਰ ਵਿਖੇ ਵਾਪਰੀ। ਪੁਲਿਸ ਅਨੁਸਾਰ ਦਸ ਮਾਮਲਿਆਂ ਵਿੱਚ ਨਾਮਜ਼ਦ ਸ਼ਮਿੰਦਰ ਸਿੰਘ ਦੇ ਬੇਟੇ ਨੂੰ ਹਿਰਾਸਤ ਵਿਚ ਲੈਣ ਲਈ ਪੁਲਿਸ ਟੀਮ ਨੇ ਉਸਦੇ ਘਰ ਨੂੰ ਘੇਰ ਲਿਆ। ਪੁਲਿਸ ਟੀਮ ਨੂੰ ਦੇਖਕੇ ਸ਼ਮਿੰਦਰ ਸਿੰਘ ਆਪਣੇ ਪੁੱਤਰ ਨਾਲ ਘਰ ਦੀ ਛੱਤ ‘ਤੇ ਚੜ੍ਹ ਗਿਆ। ਪੁਲਿਸ ਕਾਫ਼ੀ ਦੇਰ ਤੱਕ ਸ਼ਮਿੰਦਰ ਸਿੰਘ ਨੂੰ ਮਨਾਉਣ ਦਾ ਯਤਨ ਕਰਦੀ ਰਹੀ ਪਰ ਉਹਨਾਂ ਹਾਈ ਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ। ਸ਼ਮਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਆਏ ਪੁਲਿਸ ਅਧਿਕਾਰੀਆਂ ‘ਤੇ ਇੱਟਾਂ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ।ਜ਼ਮਾਨਤ ‘ਤੇ ਬਾਹਰ ਆਏ ਸਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਉਸਨੂੰ ਗ੍ਰਿਫ਼ਤਾਰ ਕਰਨ ਕਿਉਂ ਆਏ ਹਨ ਅਤੇ ਉਨ੍ਹਾਂ ਕੋਲ ਕਿਹੜਾ ਵਾਰੰਟ ਹੈ, ਉਸ ‘ਤੇ ਕੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਪੁਲਿਸ ਬਿਨਾਂ ਕਿਸੇ ਕਾਰਨ ਉਸਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਪੌੜੀ ਦੀ ਸਹਾਇਤਾ ਨਾਲ ਛੱਤ ‘ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ, ਪਰ ਸ਼ਮਿੰਦਰ ਦੀ ਗਰਜ ਅਤੇ ਹਥਿਆਰਾਂ ਦੇ ਹਮਲੇ ਤੋਂ ਪੁਲਿਸ ਟੀਮ ਡਰ ਗਈ।