ਚੰਡੀਗੜ੍ਹ, 4 ਜੂਨ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਾਅਵਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਗਰਗ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਨਸ਼ਾ ਤਸਕਰੀ ਨੂੰ ਰੋਕਣ ਅਤੇ ਇਸਦੀ ਸਪਲਾਈ ਲੜੀ ਨੂੰ ਤੋੜਨ ਲਈ ਬੇਮਿਸਾਲ ਕਦਮ ਚੁੱਕੇ ਹਨ।
ਗਰਗ ਨੇ ਕਿਹਾ “ਹੁਣ ਤੱਕ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਸ਼ਾ ਸਪਲਾਈ ਦੀ ਲੜੀ ਨੂੰ ਤੋੜ ਦਿੱਤਾ ਹੈ। ਬਹੁਤ ਸਾਰੇ ਬਦਨਾਮ ਨਸ਼ਾ ਤਸਕਰ ਹੁਣ ਸਲਾਖਾਂ ਦੇ ਪਿੱਛੇ ਹਨ। ਇਹ ਸਪੱਸ਼ਟ ਹੈ ਕਿ ਰਾਜਾ ਵੜਿੰਗ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜ਼ਮੀਨੀ ਪੱਧਰ ਦੀ ਲਹਿਰ ਨੂੰ ਨਜ਼ਰਅੰਦਾਜ਼ ਕਰਨਾ ਪਸੰਦ ਕਰਦੇ ਹਨ, ਜਿੱਥੇ ਹਰ ਵਰਗ ਦੇ ਲੋਕ – ਸਰਪੰਚ, ਨੌਜਵਾਨ, ਔਰਤਾਂ ਅਤੇ ਬਜ਼ੁਰਗ – ਨਸ਼ਿਆਂ ਵਿਰੁੱਧ ਸਹੁੰ ਚੁੱਕਣ ਲਈ ਇਕੱਠੇ ਹੋਏ ਹਨ।
ਗਰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਰ ਹਫ਼ਤਿਆਂ ਦੇ ਅੰਦਰ ਨਸ਼ਿਆਂ ਨੂੰ ਖਤਮ ਕਰਨ ਦੇ ਅਧੂਰੇ ਵਾਅਦੇ ਦਾ ਹਵਾਲਾ ਦਿੰਦੇ ਹੋਏ ਕਾਂਗਰਸੀ ਆਗੂਆਂ ਦੀ ਉਨ੍ਹਾਂ ਦੇ ਝੂਠੇ ਵਾਅਦਿਆਂ ਲਈ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ, ਸੂਬੇ ਦੇ ਨੌਜਵਾਨਾਂ ਨੇ ਕਾਂਗਰਸ ਦੀਆਂ ਅਸਫਲਤਾਵਾਂ ਦਾ ਖਮਿਆਜ਼ਾ ਭੁਗਤਿਆ।
ਬਠਿੰਡਾ ਵਿੱਚ ਹਾਲ ਹੀ ਵਿੱਚ ਹੋਈ ਹਿਰਾਸਤੀ ਮੌਤ ਬਾਰੇ ਬੋਲਦਿਆਂ, ਗਰਗ ਨੇ ਮੁੱਖ ਮੰਤਰੀ ਮਾਨ ਦੇ ਨਿਰਪੱਖ ਜਾਂਚ ਦੇ ਨਿਰਦੇਸ਼ਾਂ ‘ਤੇ ਚਾਨਣਾ ਪਾਇਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਦੋਸ਼ੀ ਅਧਿਕਾਰੀ ਬਖਸ਼ਿਆ ਨਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ “ਕਾਨੂੰਨ ਆਪਣਾ ਕੰਮ ਕਰੇਗਾ ਅਤੇ ਮਾਨ ਦੀ ਸਰਕਾਰ ਵਿੱਚ ਨਿਆਂ ਦੀ ਗਰੰਟੀ ਹੈ।