ਫਿਰੋਜ਼ਪੁਰ, 19 ਅਪ੍ਰੈਲ (ਖਬਰ ਖਾਸ ਬਿਊਰੋ)
ਫਿਰੋਜ਼ਪੁਰ ’ਚ ਅੱਜ ਇਕ ਪਟਵਾਰੀ ਦੇ ਸਹਾਇਕ ਦੀ ਫ਼ਿਰੋਜ਼ਪੁਰ ਦੀ ਕੇਵੀਐਮ ਕਲੋਨੀ ਵਿਚ ਖ਼ੂਨ ਨਾਲ ਲੱਥ-ਪੱਥ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਦਿਆਲ ਸਿੰਘ ਵਾਸੀ ਪਿੰਡ ਅਲੀ ਕੇ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਗੁਰਦਿਆਲ ਸਿੰਘ ਦੀ ਪਤਨੀ ਨੇ ਦਸਿਆ ਕਿ ਉਸ ਦੇ ਪਤੀ ਨੂੰ ਦਫ਼ਤਰੀ ਕੰਮ ਕਾਜ ਲਈ ਵਸੀਅਤ ਕਰਵਾਉਣ ਆਏ ਵਿਅਕਤੀ ਵਲੋਂ ਧਮਕੀਆਂ ਵੀ ਆਉਂਦੀਆਂ ਸਨ। ਉਨ੍ਹਾਂ ਦਸਿਆ ਕਿ ਬੀਤੀ ਸ਼ਾਮ ਦੋ ਮੋਟਰਸਾਈਕਲ ਸਵਾਰ ਮੇਰੇ ਪਤੀ ਨੂੰ ਨਾਲ ਲੈ ਗਏ ਤੇ ਅੱਜ ਸਵੇਰੇ ਉਸ ਦੇ ਪਤੀ ਦੀ ਕੇਵੀਐਮ ਕਲੋਨੀ ’ਚ ਲਾਸ਼ ਪਈ ਹੋਣ ਬਾਰੇ ਜਾਣਕਾਰੀ ਮਿਲੀ।
ਉਸ ਨੇ ਦੋਸ਼ ਲਗਾਏ ਕਿ ਫ਼ੋਨ ’ਤੇ ਧਮਕੀਆਂ ਦੇਣ ਵਾਲੇ ਹੀ ਉਸ ਦੇ ਪਤੀ ਦੇ ਕਾਤਲ ਹਨ। ਮੌਕੇ ’ਤੇ ਪਹੁੰਚੇ ਡੀਐਸਪੀ ਨੇ ਲਾਸ਼ ਨੂੰ ਅਪਣੇ ਕਬਜੇ ’ਚ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਵਾਰ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਕੇ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।