ਬਲਰਾਮਪੁਰ, 19 ਅਪ੍ਰੈਲ (ਖਬਰ ਖਾਸ ਬਿਊਰੋ)
ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਨੇਪਾਲ ਵਿਚ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ ਘੱਟੋ-ਘੱਟ 25 ਭਾਰਤੀ ਸੈਲਾਨੀ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਜ਼ਖਮੀ ਲੋਕਾਂ ਨੂੰ ਇਲਾਜ ਲਈ ਬਲਰਾਮਪੁਰ ਦੇ ਤੁਲਸੀਪੁਰ ਵਿਖੇ ਸਥਿਤ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਸ਼ੁੱਕਰਵਾਰ ਨੂੰ ਨੇਪਾਲ ਦੇ ਡਾਂਗ ਜ਼ਿਲ੍ਹੇ ਦੇ ਚਿਸਾਪਾਨੀ ਦੇ ਨੇੜੇ ਵਾਪਰਿਆ। ਭਾਰਤੀ ਸੈਲਾਨੀਆਂ ਨੂੰ ਲੈ ਕੇ ਪੁਖਰਾ ਜਾ ਰਹੀ ਬੱਸ ਦੇ ਬ੍ਰੇਕ ਫੇਲ ਹੋ ਗਏ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਈ।
ਪੁਲੀਸ ਨੇ ਦੱਸਿਆ ਕਿ ਹਾਦਸੇ ਵਿਚ 25 ਸੈਲਾਨੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਲਖਨਉ, ਸੀਤਾਪੁਰ, ਹਰਦੋਈ ਅਤੇ ਬਾਰਾਬੰਕੀ ਜ਼ਿਲ੍ਹਿਆਂ ਦੇ ਨਿਵਾਸੀ ਹਨ। ਤੁਲਸੀਪੁਰ ਦੇ ਪੁਲੀਸ ਖੇਤਰੀ ਅਧਿਕਾਰੀ ਬ੍ਰਿਜਨੰਦਨ ਰਾਇ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇਪਾਲ ਦੇ ਗੜ੍ਹਵਾ ਵਿਖੇ ਸਥਿਤ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੋਂ 19 ਵਿਅਕਤੀਆਂ ਨੂੰ ਐਂਬੂਲੈਂਸ ਰਾਹੀਂ ਬਲਰਾਮਪੁਰ ਦੇ ਤੁਲਸੀਪੁਰ ਕਮਿਊਨਿਟੀ ਸੈਂਟਰ ਲਿਆਂਦਾ ਗਿਆ।
ਉਨ੍ਹਾਂ ਦੱਸਿਆ ਕਿ ਕੁਝ ਸੈਲਾਨੀਆਂ ਨੂੰ ਮੁਢਲਾ ਇਲਾਜ ਦੇਣ ਤੋਂ ਬਾਅਦ ਛੁੱਟੀ ਦਿੱਤੀ ਗਈ, ਜਦਕਿ ਤਿੰਨ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਇਲਾਜ ਨੇਪਾਲ ਦੇ ਹਸਪਤਾਲ ਵਿਚ ਚੱਲ ਰਿਹਾ ਹੈ।