ਚੰਡੀਗੜ 11 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪੰਜਾਬ ਕਾਂਗਰਸ ਦੀ ਅੱਜ ਇੱਥੇ ਕਾਂਗਰਸ ਭਵਨ ਵਿਚ ਮਹੱਤਵਪੂਰਨ ਮੀਟਿੰਗ ਸ਼ੁਰੂ ਗਈ ਹੈ। ਇਹ ਮੀਟਿੰਗ ਪਾਰਟੀ ਦੇ ਢਾਂਚੇ ਨੂੰ ਨਵੀਨਤਮ ਰੂਪ ਦੇਣ ਅਤੇ ਆਉਣ ਵਾਲੀਆਂ ਉਪਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਅੰਦਰੂਨੀ ਮੁੱਦਿਆਂ ਨੂੰ ਹੱਲ ਕਰਨਾ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਮੀਟਿੰਗ ਦੀ ਅਗਵਾਈ ਪੰਜਾਬ ਇੰਚਾਰਜ ਭੂਪੇਸ਼ ਬਘੇਲ ਕਰ ਰਹੇ ਹਨ, ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹਨ।
ਮੀਟਿੰਗ ਤੋਂ ਪਹਿਲਾਂ ਭੂਪੇਸ਼ ਬਘੇਲ ਨੇ ਕਿਹਾ, “ਸਾਨੂੰ ਸੰਗਠਨ ਨੂੰ ਮਜ਼ਬੂਤ ਕਰਕੇ ਬੂਥ ਪੱਧਰ ਤੱਕ ਲੈ ਕੇ ਜਾਣਾ ਹੋਵੇਗਾ, ਜਿਸ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਜਾਣਗੀਆਂ।’’ ਉਨ੍ਹਾਂ ਕਿਹਾ ‘‘ਅੰਦਰੂਨੀ ਝਗੜਿਆਂ ਬਾਰੇ ਗੱਲਬਾਤ ਮੀਟਿੰਗਾਂ ਵਿੱਚ ਹੋਣੀ ਚਾਹੀਦੀ ਹੈ, ਮੀਡੀਆ ਵਿੱਚ ਨਹੀਂ।’’
ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਮੀਟਿੰਗ ਵਿਚ ਉਪਚੋਣਾਂ ਨੂੰ ਲੈ ਕੇ ਰਣਨੀਤੀ ਬਣਾਉਣ ’ਤੇ ਚਰਚਾ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਪਾਰਟੀ ਵਿੱਚ “ਸਲੀਪਰ ਸੈੱਲ” ਹੋਣ ਦੀ ਗੱਲ ਕੀਤੀ ਸੀ ਅਤੇ ਅਜਿਹੇ ਤੱਤਾਂ ਵਿਰੁੱਧ ਜਲਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਹਿੰਦੂ ਤੇ ਦਲਿਤ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।” ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੀ ਪਾਲੀਟਿਕਲ ਅਫੇਅਰਜ਼ ਕਮੇਟੀ (PAC) ਦੀ ਮੀਟਿੰਗ ਅੱਜ ਦੁਪਹਿਰ ਸਮੇਂ ਹੋਣੀ ਹੈ, ਜਿਸ ਵਿੱਚ ਹੋਰ ਮਹੱਤਵਪੂਰਨ ਚਰਚਾਵਾਂ ਦੀ ਉਮੀਦ ਕੀਤੀ ਜਾ ਰਹੀ ਹੈ।