ਚੰਡੀਗੜ੍ਹ 29 ਜਨਵਰੀ (ਖ਼ਬਰ ਖਾਸ ਬਿਊਰੋ)
5 ਫਰਵਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸਾਧਵੀਆਂ ਨਾਲ ਜਿਨਸ਼ੀ ਸੋਸ਼ਣ ਬਣਾਉਣ ਦੇ ਦੋਸ਼ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਮੁੜ ਪੈਰੋਲ ਮਿਲ ਗਈ ਹੈ। ਪੈਰੋਲ, ਫਰਲੋ ਮਿਲਣ ਉਪਰੰਤ ਗੁਰਮੀਤ ਰਾਮ ਰਹੀਮ ਜੇਲ ਵਿਚੋਂ ਬਾਹਰ ਆ ਗਏ ਹਨ ਅਤੇ ਉਹ ਇਸ ਵਾਰ ਡੇਰਾ ਸਿਰਸਾ ਵਿਖੇ ਰਹਿਣਗੇ। ਡੇਰਾ ਮੁਖੀ ਨੂੰ ਇਸ ਵਾਰ 30 ਦਿਨਾਂ ਦੀ ਪੈਰੋਲ ਮਿਲੀ ਹੈ।
ਜੇਲ ਹੋਣ ਤੋਂ ਬਾਅਦ ਕਰੀਬ ਸੱਤ ਸਾਲ ਬਾਅਦ ਗੁਰਮੀਤ ਰਾਮ ਰਹੀਮ ਡੇਰਾ ਸਿਰਸਾ ਵਿਚ ਪੁੱਜੇ ਹਨ। ਅਦਾਲਤ ਨੇ ਸਖ਼ਤ ਹੁਕਮ ਦਿੱਤੇ ਹਨ ਕਿ ਉਹ ਇਸ ਦੌਰਾਨ ਆਪਣੇ ਪ੍ਰੇਮੀਆਂ ਦੀ ਭੀੜ ਇਕੱਠੀ ਨਹੀਂ ਕਰਨਗੇ ਅਤੇ ਨਾ ਹੀ ਕੋਈ ਸਤਸੰਗ ਕਰਨਗੇ। ਇਸ ਦੌਰਾਨ ਉਹ ਕਿਤੇ ਹੋਰ ਨਹੀਂ ਜਾ ਸਕਣਗੇ। ਡੇਰਾ ਮੁਖੀ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਵਕਤ ਉਹ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਸਨ।
ਹਾਲਾਂਕਿ ਕਿਸੀ ਵੀ ਕੈਦੀ ਨੂੰ ਪੈਰੋਲ ਜਾਂ ਫਰਲੋ ਮਿਲਣਾ ਜੇਲ ਮੈਨੂਅਲ ਮੁਤਾਬਿਕ ਉਸਦਾ ਅਧਿਕਾਰ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਰਲੋ ਮਿਲਣ ਦਾ ਵਾਰ ਵਾਰ ਵਿਰੋਧ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਲੀਲ ਦਲੀਲ ਦਿੰਦੇ ਹਨ ਕਿ ਜਾਣਬੁੱਝਕੇ ਵਾਰ ਵਾਰ ਡੇਰਾ ਮੁਖੀ ਨੂੰ ਫਰੋਲ ਜਾਂ ਪੈਰੋਲ ਦਿੱਤੀ ਜਾ ਰਹੀ ਹੈ, ਜਦਕਿ ਸਜ਼ਾਵਾਂ ਪੂਰੀ ਕਰ ਚੁੱਕੇ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਂਦੀ।
ਡੇਰਾ ਮੁਖੀ ਦੇ ਬਾਹਰ ਆਉਣ ਨਾਲ ਚਰਚਾ ਸ਼ੁਰੂ ਹੋ ਗਈ ਹੈ ਕਿ ਇਸਦਾ ਅਸਰ ਦਿੱਲੀ ਚੋਣਾਂ ਉਤੇ ਪੈ ਸਕਦਾ ਹੈ। ਦਿੱਲੀ ਤੇ ਸਮੀਕਰਣ ਬਦਲ ਸਕਦੇ ਹਨ। ਪਿਛਲੀ ਵਾਰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਬਾਹਰ ਆਏ ਸਨ। ਹਾਲਾਂਕਿ ਸਿਆਸੀ ਹਲਕਿਆਂ ਤੇ ਲੋਕਾਂ ਵਿਚ ਇਹ ਚਰਚਾ ਸੀ ਕਿ ਹਰਿਆਣਾ ਵਿਚ ਸਿਆਸਤ ਦੇ ਸਮੀਕਰਣ ਬਦਲ ਸਕਦੇ ਹਨ , ਪਰ ਭਾਜਪਾ ਨੇ ਹੈਟ੍ਰਿਕ ਬਣਾਕੇ ਹਰਿਆਣਾ ਵਿਚ ਇਤਿਹਾਸ ਸਿਰਜ਼ਿਆ ਹੈ।
ਇਸੀ ਤਰਾਂ ਡੇਰਾ ਮੁਖੀ ਹਰਿਆਣਾ ਪੰਚਾਇਤ ਚੋਣਾਂ ਤੋਂ ਪਹਿਲਾਂ ਵੀ ਪੈਰੋਲ ਮਿਲਣ ਕਾਰਨ ਜੇਲ ਵਿਚੋ ਬਾਹਰ ਆਏ ਸਨ। ਹੁਣ ਤੱਕ ਡੇਰਾ ਮੁਖੀ ਨੂੰ 12 ਵੀਂ ਵਾਰ ਪੈਰੋਲ ਜਾਂ ਫਰਲੋ ਮਿਲੀ ਹੈ।
ਰਾਮ ਰਹੀਮ ਨੂੰ ਪਹਿਲਾਂ ਇਹਨਾਂ ਦਿਨਾਂ ਵਿਚ ਮਿਲੀ ਸੀ ਪੈਰੋਲ
24 ਅਕਤੂਬਰ 2020 – ਇੱਕ ਦਿਨ
21 ਮਈ 2021 – ਇੱਕ ਦਿਨ
ਅਕਤੂਬਰ 2022 – 40 ਦਿਨ
ਜੂਨ 2022 – ਇੱਕ ਮਹੀਨਾ
7 ਫਰਵਰੀ 2022 – 21 ਦਿਨ
21 ਜਨਵਰੀ 2023 – 40 ਦਿਨ
20 ਜੁਲਾਈ 2023 – 30 ਦਿਨ
ਨਵੰਬਰ 2023 – 21 ਦਿਨ
19 ਜਨਵਰੀ 2024 – 50 ਦਿਨ, ਬਾਅਦ ਵਿੱਚ ਇਸਨੂੰ 10 ਦਿਨ ਵਧਾ ਦਿੱਤਾ ਗਿਆ।