ਚੰਡੀਗੜ 28 ਜਨਵਰੀ (ਖ਼ਬਰ ਖਾਸ ਬਿਊਰੋ)
ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਅਕਾਲੀ ਆਗੂਆਂ ਦੀ ਇਕ ਅਹਿਮ ਮੰਗਲਵਾਰ ਨੂੰ ਹੋਈ। ਜਿਸ ਵਿਚ ਫੈਸਲਾ ਹੋਇਆ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਕਮੇਟੀ ਮੈਂਬਰ ਮਿਲ ਕੇ ਲਿਖਤੀ ਪੱਤਰ ਦੇਣਗੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦਿੱਤੇ ਹੁਕਮਨਾਮੇ ਨੂੰ ਇੰਨ-ਬਿੰਨ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਅਕਾਲੀ ਦਲ ਉਤੇ ਕਾਬਜ ਧੜਾ ਆਪਣੇ ਤੌਰ ਉਤੇ ਲਗਾਤਾਰ ਭਰਤੀ ਕਰ ਰਿਹਾ ਹੈ। ਜਿਸ ਕਰਕੇ ਸਾਰੇ ਪਾਸੇ ਬੜਾ ਅਸੰਜਮ ਦਾ ਮਹੌਲ ਹੈ।
ਉਹਨਾਂ ਮੀਡੀਆ ਦੇ ਇਕ ਹਿੱਸੇ ਵਲੋਂ ਨਵੀਂ ਪਾਰਟੀ ਬਣਾਉਣ ਲਈ 9 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਇਕੱਠ ਕੀਤੇ ਜਾਣ ਦੀ ਖ਼ਬਰ ਨੂੰ ਵੀ ਸਚਾਈ ਤੋਂ ਕੋਹਾਂ ਦੂਰ ਦੱਸਿਆ ਹੈ। ਉਹਨਾਂ ਕਿਹਾ ਕਿ ਇਹ ਖ਼ਬਰ ਸਰਾਸਰ ਗਲਤ ਖ਼ਬਰ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਦਈ ਹਾਂ, ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੰਘਰਸ਼ ਕਰ ਰਹੇ ਹਾਂ। ਉਨਾਂ ਮੀਡੀਆ ਨੂੰ ਨਿਰਅਧਾਰ ਖਬਰ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ ਜਿਹੜੀ ਅੱਜ ਸਾਡੀ ਮੀਟਿੰਗ ਹੋਈ ਹੈ ਉਹ ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮੀਟਿੰਗ ਵਿਚ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਗਗਨਜੀਤ ਸਿੰਘ ਬਰਨਾਲਾ, ਚਰਨਜੀਤ ਸਿੰਘ ਬਰਾੜ,. ਜਸਟਿਸ ਨਿਰਮਲ ਸਿੰਘ ਸਮੇਤ ਹੋਰ ਲੀਡਰ ਹਾਜ਼ਰ ਸਨ। ਇਹ ਮੀਟਿੰਗ ਸੁਖਦੇਵ ਸਿੰਘ ਢੀਂਡਸਾ ਦੇ ਘਰ ਹੋਈ ਹੈ।