ਨਵੀਂ ਦਿੱਲੀ, 6 ਅਗਸਤ (ਖ਼ਬਰ ਖਾਸ ਬਿਊਰੋ)
ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਨੇ ਅੱਜ ਬੰਗਲਾਦੇਸ਼ ਵਿਚ ਧਾਰਮਿਕ ਸਥਾਨਾਂ ‘ਤੇ ਹਮਲਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਢਾਕਾ ਵਿਚ ਸਥਿਤ ਸਿੱਖ ਗੁਰਧਾਮਾਂ ਅਤੇ ਦੇਸ਼ ਵਿਚ ਹਿੰਦੂ ਮੰਦਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਰਵਨੀਤ ਬਿੱਟੂ ਨੇ ਵਿਦੇਸ਼ ਮੰਤਰੀ ਨੂੰ ਇੱਕ ਅਧਿਕਾਰਤ ਪੱਤਰ ਲਿਖ ਕੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਢਾਕਾ ਵਿੱਚ ਸਥਿਤ ਦੋ ਇਤਿਹਾਸਕ ਸਿੱਖ ਗੁਰਧਾਮਾਂ ਗੁਰਦੁਆਰਾ ਨਾਨਕ ਸ਼ਾਹੀ ਅਤੇ ਗੁਰਦੁਆਰਾ ਸੰਗਤ ਟੋਲਾ ਦੀ ਸੁਰੱਖਿਆ ਲਈ ਬੰਗਲਾਦੇਸ਼ ਵਿੱਚ ਫੌਜ ਦੇ ਅਧਿਕਾਰੀਆਂ ਕੋਲ ਉਠਾਉਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ ਗਏ ਸਨ ਅਤੇ ਉਨ੍ਹਾਂ ਦੀ ਯਾਦ ਵਿੱਚ ਇਹ ਗੁਰਦੁਆਰੇ ਬਣਾਏ ਗਏ ਸਨ।
ਬਿੱਟੂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਘੱਟ ਹੈ ਅਤੇ ਕੁਝ ਭਾਰਤ ਵਿਰੋਧੀ ਤੱਤ ਧਾਰਮਿਕ ਸਥਾਨਾਂ ਦੀ ਭੰਨਤੋੜ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਿੱਖ ਗੁਰਧਾਮਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਬੰਗਲਾਦੇਸ਼ ਅਤੇ ਭਾਰਤ ਵਿਚਲੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਸਿੱਖ ਗੁਰਧਾਮਾਂ ਦੀ ਸੁਰੱਖਿਆ ਲਈ ਕਦਮ ਚੁੱਕੇਗੀ।