ਅਕਲਾਂ ਬਾਝੋਂ ਖੂਹ ਖਾਲੀ !
ਜਦੋਂ ਸਾਡੇ ਪੁਰਖਿਆਂ ਨੇ ਇਹ ਕਹਾਵਤ ਬਣਾਈ ਹੋਵੇਗੀ ਤਾਂ ਉਸ ਵੇਲੇ ਸਮਾਜ ਕਿਹੋ ਜਿਹਾ ਹੋਵੇਗਾ?
“ਅਕਲਾਂ ਬਾਝੋਂ ਖੂਹ ਖਾਲੀ !”
ਕਹਾਵਤ ਘੜੀ ਸੀ, ਉਦੋਂ ਅਜੇ ਮਿੱਟੀ ਦੇ ਭਾਂਡਿਆਂ ਦਾ ਵੇਲ਼ਾ ਸੀ। ਘਰ ਵੀ ਕੱਚੇ ਅਤੇ ਭਾਂਡੇ ਵੀ ਕੱਚੇ ਹੁੰਦੇ ਸਨ ਪਰ ਬੰਦੇ ਜ਼ੁਬਾਨ ਦੇ ਪੱਕੇ ਹੁੰਦੇ ਸੀ। ਜੋ ਜ਼ੁਬਾਨ ਕਰ ਲਈ, ਬਸ ਕਰ ਲਈ। ਫੇਰ ਭਾਂਵੇਂ ਨਫ਼ਾ ਹੋਵੇ ਜਾਂ ਨੁਕਸਾਨ, ਕੋਈ ਪਰਵਾਹ ਨਹੀਂ ਸੀ ਹੁੰਦੀ । ਉਦੋਂ ਸੱਚੇ ਤੇ ਸੁੱਚੇ ਕਿਰਦਾਰ ਵਾਲ਼ੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਲੋਕਾਂ ਦਾ ਇਕ ਦੂਜੇ ‘ਤੇ ਰੱਬ ਵਰਗਾ ਭਰੋਸਾ ਹੁੰਦਾ ਸੀ। ਇਹ ਕਹਿਣਾ ਵੀ ਦਰੁਸਤ ਨਹੀਂ ਕਿ ਉਸ ਵੇਲੇ ਸਾਰੇ ਹੀ ਪੜ੍ਹਾਈ ਕਰਕੇ ਵਧੀਆ ਇਨਸਾਨ ਬਣਦੇ ਸੀ, ਸਗੋਂ ਲੋਕ ਆਪਣੇ ਪੁਰਖਿਆਂ ਦੀ ਸੰਗਤ ਕਰਕੇ ਪੀੜ੍ਹੀ ਦਰ ਪੀੜ੍ਹੀ ਇਕੱਠੇ ਕੀਤੇ ਗਿਆਨ ਨਾਲ਼ ਹੀ ਸਿਆਣੇ ਬਣਦੇ ਸੀ। ਖ਼ੈਰ, ਅਕਲ ਦੇ ਅੰਨ੍ਹੇ ਵੀ ਉਦੋਂ ਬਥੇਰੇ ਹੁੰਦੇ ਸਨ।
ਭਾਂਵੇਂ ਅਕਲ ਤੇ ਸ਼ਕਲ ਦਾ ਕੋਈ ਆਪਸੀ ਰਿਸ਼ਤਾ ਨਹੀਂ ਹੁੰਦਾ ਪਰ ਰਿਸ਼ਤਿਆਂ ਬਗੈਰ ਜ਼ਿੰਦਗੀ ਦੀ ਗੱਡੀ ਚੱਲਣੀ ਔਖੀ ਹੁੰਦੀ ਹੈ। ਭਲਿਆਂ ਸਮਿਆਂ ‘ਚ ਗੱਡੀਆਂ ਨਹੀਂ, ਗੱਡੇ ਹੁੰਦੇ ਸਨ। ਉਸ ਤੋਂ ਪਹਿਲਾਂ ਖੱਚਰਾਂ, ਊਠ ਤੇ ਘੋੜੇ ਹੁੰਦੇ ਸਨ ਜੋ ਸਫ਼ਰ ਕਰਨ ਦੇ ਕੰਮ ਆਉਂਦੇ ਸਨ। ਕੰਮ ਤਾਂ ਘੋੜੀਆਂ, ਖੱਚਰਾਂ ਤੇ ਖਚਰੇ ਹੁਣ ਵੀ ਆਉਦੇ ਹਨ ਪਰ ਇਹ ਕੰਮ ਘੱਟ ਕਰਦੇ ਹਨ ਤੇ ਦੁਲੱਤੀਆਂ ਵੱਧ ਮਾਰਦੇ ਹਨ।
ਹੁਣ ਨਾ ਖੂਹ ਰਹੇ ਤੇ ਨਾ ਹੀ ਖੂਹਾਂ ਤੋਂ ਪਾਣੀ ਭਰਨ ਵਾਲ਼ੀਆਂ ਮੁਟਿਆਰਾਂ ਰਹੀਆਂ ਤੇ ਨਾ ਹੀ ਇਹ ਕਹਿਣ ਵਾਲੇ ਰਹੇ,”ਖੂਹੇ ਤੋਂ ਪਾਣੀ ਭਰੇਂਦੀਏ ਮੁਟਿਆਰੇ ਨੀ,
ਪਾਣੀ ਦਾ ਘੁੱਟ ਪਿਲਾ ਬਾਂਕੀਏ ਨਾਰੇ ਨੀ।”
ਇਹ ਗੱਲ ਨਾ ਕਹਿਣ ਵਾਲ਼ੇ ਗੱਭਰੂ ਰਹੇ । ਹੁਣ ਤੇ ਮਿੱਟੀ ਦੇ ਮਾਧੋ ਤੇ ਪੱਥਰ ਦੀਆਂ ਮੂਰਤੀਆਂ ਹਨ। ਇਸੇ ਕਰਕੇ ਹੀ ਅਸੀਂ ਕੱਚ ਵਾਂਙੂ ਪਲ ਝੱਟ ਵਿੱਚ ਕੀਚਰ ਕੀਚਰ ਹੋ ਕੇ ਖਿੱਲਰ ਜਾਂਦੇ ਹਾਂ । ਫੇਰ ਅਸੀਂ ਟੁੱਟੀਆਂ ਕੀਚਰਾਂ ਨੂੰ ‘ਕੱਠੀਆਂ ਕਰਕੇ ਸੰਭਾਲ਼ ਲੈਦੇ ਹਾਂ। ਜਦੋਂ ਸਾਡੇ ਇਹਨਾਂ ਦੀਆਂ ਤਿੱਖੀਆਂ ਛਿਲਤਰਾਂ ਚੁੱਭਦੀਆਂ ਹਨ ਫੇਰ ਅਸੀਂ ਤੜਪਦੇ ਹਾਂ। ਸਾਡੀ ਤੜਪ ਵਿਚਾਰਾਂ ਦੀ ਤਪਸ਼ ਵਿੱਚ ਬਦਲ ਜਾਂਦੀ ਹੈ ਜਿਸ ਨਾਲ਼ ਕੋਮਲ ਜ਼ਜ਼ਬੇ ਸੜ ਕੇ ਸਵਾਹ ਹੋ ਜਾਂਦੇ ਹਨ। ਜਦੋਂ ਕਿ ਸਾਡੇ ਪੁਰਖੇ ਸਵਾਹ ਨੂੰ ਫੁੱਲ ਬਣਾਉਣ ਦੀ ਲਿਆਕਤ ਰੱਖਦੇ ਸਨ। ਕੀ ਉਹ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਨ ਗਏ ਸੀ? ਨਹੀਂ। ਉਹਨਾਂ ਲਈ ਘਰ, ਸਕੂਲ ਤੇ ਪਿੰਡ ਦੀ ਸੱਥ ਹੀ ਕਾਲਜ ਤੇ ਯੂਨੀਵਰਸਿਟੀ ਹੋਇਆ ਕਰਦੀ ਸੀ, ਜਿੱਥੇ ਨਵੀਂ ਪੀੜ੍ਹੀ ਨੂੰ ਰੰਬੇ ਵਾਂਙੂ ਚੰਡਿਆ ਜਾਂਦਾ ਸੀ । ਕਿਸੇ ਸਿਆਣੇ ਤੇ ਦਾਨੇ ਬੰਦੇ ਦਾ ਚੰਡਿਆ ਜਵਾਕ ਕਦੇ ਮਾਰ ਨਹੀਂ ਖਾਂਦਾ। ਕੀ ਸਾਡੇ ਉਹਨਾਂ ਪੁਰਖਿਆਂ ਨੇ ਕੋਈ ਜੰਗ ਆਪਣੇ ਲਈ ਲੜੀ ਸੀ? ਨਹੀਂ, ਸਭ ਇੱਕਜੁਟ ਹੋ ਕੇ ਆਪਣੇ ਸਮਾਜ ਨੂੰ ਬਚਾਉਣ ਲਈ ਲੜਦੇ ਸਨ ? ਪਰ ਅਸੀਂ ਹਰ ਲੜਾਈ ਸਿਰਫ਼ ਆਪਣੇ ਨਿੱਜ ਲਈ ਲੜਦੇ ਹਾਂ । ਭਾਂਵੇਂ ਸਾਡੇ ਉਹ ਪੁਰਖੇ ਅਨਪੜ੍ਹ ਸਨ, ਪਰ ਹਰ ਜੰਗ ਜਿੱਤਦੇ ਸਨ। ਹੁਣ ਅਸੀਂ ਭਾਂਵੇਂ ਪੜ੍ਹ-ਲਿਖ ਗਏ ਹਾਂ, ਫਿਰ ਵੀ ਹਰ ਜੰਗ ਹਾਰਦੇ ਹਾਂ । ਹਾਰਦੇ ਕਿਉਂ ਹਾਂ, ਇਸਦਾ ਮੰਥਨ ਨਹੀਂ ਕਰਦੇ ਸਗੋਂ ਇਕ ਦੂਜੇ ਦੇ ਸਿਰ ਦੋਸ਼ ਮੜ੍ਹਦੇ ਹਾਂ ਤੇ ਆਪਣਾ ਚੰਮ ਬਚਾਉਦੇ ਹਾਂ । ਹੁਣ ਤਾਂ ਸਾਡਾ ਚੰਮ ਵੀ ਅਗਲਿਆਂ ਨੇ ਗਹਿਣੇ ਪਾ ਦਿੱਤਾ ਹੈ । ਇਹ ਸਭ ਕੁਝ ਅਚਾਨਕ ਨਹੀਂ ਹੋਇਆ, ਇਹ ਉਨ੍ਹਾਂ ਨੇ ਸਾਡੀ ਚੁੱਪ ਦਾ ਫ਼ਾਇਦਾ ਚੁੱਕਿਆ ਹੈ। ਦਲਾਲੀ ਉਨ੍ਹਾਂ ਆਪਣੀ ਖਰੀ ਕਰ ਲਈ ਤੇ ਗਹਿਣੇ ਸਾਨੂੰ ਧਰ ਦਿੱਤਾ। ਇਹ ਕੁੱਝ ਉਨ੍ਹਾਂ ਸਾਨੂੰ ਨਿੱਸਲ਼ ਹੋਏ ਦੇਖ ਕੇ ਹੀ ਕੀਤਾ ਹੈ। ਅਸੀਂ ਕਦੇ ਜ਼ਮੀਨਾਂ ਤੇ ਕਦੇ ਜ਼ਮੀਰਾਂ ਗਹਿਣੇ ਪਾਉਂਦੇ ਆ ਰਹੇ ਹਾਂ। ਫਿਰ ਵੀ ਸਾਡੀ ਰੂਹ ਕਦੇ ਨਹੀਂ ਕੰਬੀ। ਸਾਡੇ ਪੁਰਖਿਆਂ ਨੇ ਤਾਂ ਕਾਬੁਲ ਕੰਧਾਰ ਤੱਕ ਧਰਤੀ ਕੰਬਣ ਲਾ ਦਿੱਤੀ ਸੀ । ਹੁਣ ਸਾਡੇ ਦੁਸ਼ਮਣ ਦੀ ਨਹੀਂ ਸਗੋਂ ਹਮੇਸ਼ਾ ਸਾਡੀ ਦੇਹ ਕੰਬਦੀ ਹੈ। ਅਸੀਂ ਬੜ੍ਹਕ ਸਾਨ੍ਹ ਵਾਲ਼ੀ ਤੇ ਦਹਾੜ ਸ਼ੇਰ ਵਾਲ਼ੀ ਮਾਰਦੇ ਹਾਂ ਤੇ ਮੋਕ ਗਊ ਦੇ ਜਾਏ ਵਾਲ਼ੀ ਪਰ ਕਦੇ ਸੋਚਿਆ ਹੀ ਨਹੀਂ ਕਿ ਇਹ ਸਭ ਕੁਝ ਕਿਉਂ ਹੋਇਆ ਹੈ? ਉਂਞ ਟੋਕਰਾ ਅਸੀਂ ਡਿਗਰੀਆਂ ਦਾ ਚੁੱਕੀ ਫਿਰਦੇ ਹਾਂ । ਤਾਂ ਹੀ ਤੇ ਬੀਬਾ ਰਣਜੀਤ ਕੌਰ ਮਿੱਠਾ ਜਿਹਾ ਮੇਹਣਾ ਮਾਰਦੀ ਹੈ:
“ਕਮਲ਼ਾ ਹੋਇਆ ਫਿਰਦਾ ਪੰਡ ਜਮਾਤਾਂ ਦੀ ਪੜ੍ਹਕੇ ।”
ਹੁਣ ਤੁਸੀਂ ਸੋਚੋ ਪੰਡ ਵਿੱਚ ਕੀ ਬੰਨ੍ਹਿਆ ਜਾਂਦਾ ਹੈ ? ਤੂੜੀ ਤੇ ਪੱਠੇ। ਤਾਂ ਹੀ ਤੇ ਸਿਆਣਿਆਂ ਕਿਹਾ ਹੈ:
“ਅਕਲਾਂ ਬਾਝੋਂ ਖੂਹ ਖਾਲੀ ।”
ਖੂਹ ਤਾਂ ਹੁਣ ਕਿੱਧਰੇ ਬਚੇ ਹੀ ਨਹੀਂ, ਜਿੱਥੇ ਕਦੇ ਸਵੇਰੇ ਸ਼ਾਮ ਰੌਣਕਾਂ ਲੱਗਿਆ ਕਰਦੀਆਂ ਸਨ। ਉਹਨਾਂ ਦੀ ਥਾਂ ਹੁਣ ਮੌਲਾਂ ਤੇ ਮੈਕਡੋਨਲਾਂ ਨੇ ਲੈ ਲਈ ਹੈ। ਰਹੀ ਗੱਲ ਅਕਲ ਦੀ, ਉਹ ਤੇ ਪਾਸਪੋਰਟ ਬਣਾ ਕੇ ਵਿਦੇਸ਼ਾਂ ਵੱਲ ਉਡਦੀ ਜਾ ਰਹੀ ਹੈ। ਪਿੱਛੇ ਜੋ ਬਚਿਆ ਹੈ ? ਕਦੇ ਸੰਤ ਰਾਮ ਉਦਾਸੀ ਨੇ ਲਿਖਿਆ ਸੀ:
“ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲਾਂ ਦੇ ਵਿਚੋਂ ਨੀਰ ਵਗਿਆ!”
ਹੁਣ ਨਾ ਤੇ ਕੋਈ ਉਦਾਸੀ ਰਿਹਾ ਤੇ ਨਾ ਹੀ ਕੋਈ ਲਾਲ ਸਿੰਘ। ਹੁਣ ਤਾਂ ਨੱਥਾ ਸਿੰਘ ਤੇ ਪੱਥਾ ਸਿੰਘ ਸਰਦਾਰ ਤੇ ਸਰਦਾਰਨੀਆਂ ਰਹਿ ਗਈਆਂ ਨੇ।
ਪਹਿਲਾਂ ਹੱਥ ਚੱਕ ਲਫਟੈਣ ਹੁੰਦੇ ਸੀ ਤੇ ਹੁਣ ਸ਼੍ਰੋਮਣੀ ਪੁਰਸਕਾਰ ਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਹਨ। ਹੁਣ ਕੌਣ ਲਿਖੇਗਾ ਸੀਰੀ ਦੇ ਦੁੱਖਾਂ ਦੀ ਵਾਰਤਾ? ਹੁਣ ਤਾਂ ਜੱਟਵਾਦ ਵੀ ਕਰਦਾ ਪਿਆ ਹੈ, ਕੁਰਸੀ ਦਾ ਆਰਤਾ, ਇਹਨਾਂ ਰਲ਼ ਮਿਲ਼ ਕੇ ਸੱਚੇ ਸੁੱਚੇ ਸਾਹਿਤ ਦਾ ਸਾਰਾ ਮੱਚ ਮਾਰਤਾ, ਜਿਵੇਂ ਇਹਨਾਂ ਤੋਂ ਬਿਨਾਂ ਧਰਤੀ ਤੇ ਹੋਰ ਕੋਈ ਹੈ ਹੀ ਨਹੀਂ। ਪਰ ਅਜੇ ਸਾਰੇ ਪਾਸੇ ਘੋੜੇ ਵਾਲ਼ਾ ਨੀ ਫਿਰਿਆ, ਨਹੀਂ ਤਾਂ ਇਹਨਾਂ ਨੇ ਵੀ ਨਵੇਂ ਬਾਹਮਣ ਬਣ ਜਾਣਾ ਸੀ। ਪੰਜਾਬ ਦੀ ਵੰਡ ਤੋਂ ਪਹਿਲਾਂ ਕਿਸੇ ਧਰਮ ਦੇ ਆਗੂ ਨੇ ਆਖਿਆ ਸੀ ਕਿ “ਹੁਣ ਤੱਕ ਤੁਸਾਂ ਗੁਲਾਮ ਬਾਹਮਣ ਹੀ ਦੇਖਿਆ ਹੈ, ਜਦੋਂ ਆਜ਼ਾਦ ਹੋ ਗਿਆ, ਫਿਰ ਇਸਦੇ ਕਾਰੇ ਦੇਖਿਓ । ਹੁਣ ਦੇਖੋ ਆਜ਼ਾਦੀ ਦੇ ਰੰਗ ਢੰਗ ! ਹੁਣ ਖੇਤੀਬਾੜੀ ਦੇ ਬਿੱਲ ਵਾਪਸ ਲੈ ਕੇ ਬਿਜਲੀ ਦਾ ਬਿੱਲ ਲਿਆ ਰਹੇ ਨੇ। ਉਨ੍ਹਾਂ ਨੇ ਹਥਿਆਰ ਤੇ ਵਿਚਾਰ ਨਹੀਂ ਬਦਲੇ, ਥੋੜ੍ਹੀ ਜਿਹੀ ਦਿਸ਼ਾ ਹੀ ਬਦਲੀ ਹੈ। ਸੋਚ ਉਹੀ ਹੈ ਲੋਕਾਂ ਨੂੰ ਗੁਲਾਮ ਬਣਾਉਣ ਦੀ ਤੇ ਗੁਲਾਮ ਅਸੀਂ ਖੁਦ ਬਣ ਰਹੇ ਹਾਂ । ਕਿਉਂਕਿ ਅਕਲਾਂ ਬਾਝੋਂ ਸਾਡੇ ਖੂਹ ਖਾਲੀ ਹਨ।
ਜੇ ਗੱਲ ਸੋਹਣੀਆਂ ਸ਼ਕਲਾਂ ਦੀ ਹੋਵੇ,
ਫੇਰ ਭਲਾ ਕੋਈ ਗੋਰੀ ਕਿਉਂ ਰੋਵੇਂ?
ਅਕਲ ਤੇ ਪੜ੍ਹਿਆਂ ਤੇ ਗੁੜ੍ਹਿਆਂ ਹੀ ਆਉਣੀ ਹੈ। ਗੁਲਾਮਗੀਰੀ ਵਾਲ਼ੀਆਂ ਨੀਤੀਆਂ ਤੇ ਫੀਤੀਆਂ ਨੂੰ ਗਲ਼ੇ ਨਾ ਲਾਓ… ਸਗੋਂ ਜੁੜੋ… ਤੁਰੋ… ਨਿੱਠ ਕੇ ਸੰਘਰਸ਼ ਕਰੋ! ਅੰਬੇਦਕਰ ਜੀ ਨੇ ਕਿਹਾ ਸੀ ਕਿ “ਮੈਨੂੰ ਪੰਜਾਹ ਪੜ੍ਹੇ ਲਿਖੇ ਬੰਦੇ ਦੇ ਦਿਓ, ਮੈਂ ਦੇਸ਼ ਦਾ ਨਕਸ਼ਾ ਬਦਲ ਦੇਵਾਂਗਾ।” ਪਰ ਉਨ੍ਹਾਂ ਨੂੰ ਧੋਖਾ ਵੀ ਤਾਂ ਪੜ੍ਹਿਆਂ ਲਿਖਿਆਂ ਨੇ ਦਿੱਤਾ ਹੈ। ਹੁਣ ਪੜ੍ਹੇ ਲਿਖੇ ਤੇ ਅਨਪੜ੍ਹ, ਸਭ ਬਰਾਬਰ ਹਨ। ਹੁਣ ਹਰ ਦਿਨ ਜੰਗ ਦੇ ਤੌਰ ਤਰੀਕੇ ਤੇ ਰੂਪ ਬਦਲ ਰਿਹਾ ਹੈ। ਉੱਚੀਆਂ ਅਟਾਰੀਆਂ ਵਿਚ ਰਹਿਣ ਵਾਲ਼ਿਆਂ ਨੇ ਸਾਨੂੰ ਗੁਲਾਮ ਬਣਾਉਣ ਲਈ ਹਰ ਹਰਬਾ ਵਰਤਣਾ ਹੈ। ਅਸਾਂ ਆਪਣੀ ਜਾਨ ਵੀ ਬਚਾਉਣੀ ਹੈ ਤੇ ਜੀਊਂਦੇ ਰਹਿਣ ਲਈ ਜੰਗ ਵੀ ਜਿੱਤਣੀ ਹੈ! ਅਕਲਾਂ ਬਾਝੋਂ ਖਾਲੀ ਹੋਏ ਖੂਹ ਹੁਣ ਅਕਲ ਨਾਲ਼ ਤਾਂ ਭਰੇ ਨਹੀਂ ਜਾ ਸਕਦੇ ਕਿਉਂਕਿ ਹੁਣ ਨਵੀਂ ਸਿੱਖਿਆ ਨੀਤੀ ਨਾਲ਼ ਜਿਹੜੀ ਅਕਲ ਨਵੀਂ ਪਨੀਰੀ ਨੂੰ ਦਿੱਤੀ ਜਾਣੀ ਹੈ, ਉਹ ਸਾਡੇ ਪੁਰਖਿਆਂ ਵੱਲੋਂ ਸੱਥਾਂ ਵਿਚ ਕੀਤੀ ਜਾਂਦੀ ਰਹੀ ਚੰਡਾਈ ਨਾਲ਼ੋਂ ਕਈ ਦਰਜੇ ਨੀਵੀਂ ਹੈ। ਹੁਣ ਹਾਕਮ ਦੀ ਹਰ ਗੱਲ ਨੂੰ “ਮਿੱਠਾ ਲੱਗੇ ਤੇਰਾ ਭਾਣਾ” ਕਹਿ ਕੇ ਨਾ ਮੰਨੀ ਚੱਲੋ। ਸਾਡੇ ਹੱਕਾਂ ਤੇ ਚੜ੍ਹਾਈ ਕਰ ਰਹੇ ਹਾਕਮ ਨੂੰ ਰਫ਼ਲ ਦੇ ਨਾਲ਼ ਨਹੀਂ, ਅਕਲ ਦੇ ਨਾਲ਼ ਰੋਕਣ ਦੇ ਹੀਲੇ ਵਸੀਲੇ ਕਰੋ। ਹੁਣ ਜੰਗ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਹੈ। ਜੇ ਵਿਚਾਰ ਉੱਚੇ ਤੇ ਸੱਚੇ ਸੁੱਚੇ ਹੋਣਗੇ ਤਾਂ ਜੰਗ ਜ਼ਰੂਰ ਜਿੱਤੀ ਜਾਵੇਗੀ। ਲੋੜ ਹੈ ਵਿਚਾਰ ਪੈਦਾ ਕਰਨ ਦੇ ਕਾਰਖਾਨੇ ਲਾਉਣ ਦੀ ਜਿੱਥੇ ਹਥਿਆਰਾਂ ਦੀ ਥਾਂ ਚੰਗੀਆਂ ਕਿਤਾਬਾਂ ਪੈਦਾ ਕੀਤੀਆਂ ਜਾਣ। ਕਿਲੇ ਅੰਦਰ ਬੈਠੇ ਤਾਨਾਸ਼ਾਹ ਹਾਕਮ ਨੂੰ ਕਿਵੇਂ ਜਿੱਤਣਾ ਹੈ, ਇਸਦੀ ਜਾਚ ਭਗਤ ਕਬੀਰ ਜੀ ਨੇ ਸਾਨੂੰ ਛੇ ਸਦੀਆਂ ਪਹਿਲਾਂ ਦੱਸੀ ਹੋਈ ਹੈ:
ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥ ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥ ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥ (ਅੰਗ ੧੧੬੧)
ਇਸ ਤਰ੍ਹਾਂ ਦਾ ਗਿਆਨ ਕਿਤਾਬਾਂ ਵਿੱਚੋਂ ਹੀ ਹਾਸਲ ਹੁੰਦਾ ਹੈ। ਪਰ ਹਕੂਮਤ ਤੁਹਾਡੇ ਕੋਲ਼ੋਂ ਤੁਹਾਡੇ ਪੁਰਖਿਆਂ ਦਾ ਦਿੱਤਾ ਗਿਆਨ ਵੀ ਖੋਹਣ ਦੇ ਰਸਤੇ ਤੁਰ ਪਈ ਹੈ। ਸਰਕਾਰ ਆਖਦੀ ਹੈ ਕਿ ਸਭ ਕੁੱਝ ਢਡਿਜੀਟਲ ਕਰ ਦੇਣਾ ਹੈ ਤੇ ਹਰ ਸ਼ੈਅ ਉਸਦੀ ਅੱਖ ਰਾਹੀਂ ਹੀ ਵੇਖਣੀ ਪਵੇਗੀ। ਸਭ ਕੁੱਝ ਆਨ ਲਾਈਨ ਹੋਇਆ ਕਰੇਗਾ ਤੇ ਅਨਪੜ੍ਹ ਗਰੀਬ ਗੁਰਬਾ ਅੱਖਾਂ ‘ਚ ਘਸੁੰਨ ਦੇਕੇ ਰੋਇਆ ਕਰੇਗਾ। ਫੇਰ ਨਾ ਰਹਿਣੇ ਬਾਂਸ ਤੇ ਨਾ ਬੰਸਰੀਆਂ ਵਜਾਉਣ ਵਾਲੇ! ਸੱਤਾ ਦੇ ਵਪਾਰੀ, ਪੁਜਾਰੀ, ਅਧਿਕਾਰੀ ਤੇ ਲਿਖਾਰੀ ਦੀ ਚੰਡਾਲ ਚੌਕੜੀ ਨੂੰ ਭੰਨਣ ਦੀ ਲੋੜ ਹੈ ਪਰ ਭੰਨੇ ਕੌਣ ? ਲੋਕਾਂ ਦੇ ਏਕੇ ਬਿਨਾਂ ਇਹ ਹੋ ਨਹੀਂ ਸਕਣਾ ਤੇ ਸਰਕਾਰ ਕਿਸੇ ਵੀ ਹਾਲਤ ਵਿੱਚ ਇਹ ਏਕਾ ਹੋਣ ਨਹੀਂ ਦੇਣਾ ਚਾਹੁੰਦੀ। ਹੁਣ ਲੋੜ ਤਾਂ ਬਹੁਤ ਕੁਝ ਕਰਨ ਦੀ ਹੈ। ਬਿੱਲੀ ਦੇ ਗਲ਼ ਟੱਲੀ ਨੀ ਸਗੋਂ ਰੱਸਾ ਪਾਉਣ ਦੀ ਜਰੂਰਤ ਹੈ! ਇਹ ਰੱਸਾ ਖਾਲੀ ਖੂਹ ਦੇ ਵਿਚੋਂ ਨਹੀਂ ਨਿਕਲਣਾ, ਇਹ ਤੇ ਨਵਾਂ ਹੀ ਵੱਟਣਾ ਪਵੇਗਾ?” ਲੋਕਾਂ ਨੂੰ ਜਾਗਣਾ ਪੈਣਾ ਹੈ। ਸੁੱਤਿਆਂ ਨੂੰ ਜਗਾਉਣਾ ਪੈਣਾ ਜਾਗਦਿਆਂ ਨੂੰ ਤੋਰਨਾ ਪੈਣਾ ਹੈ। ਤਾਂ ਕੁੱਝ ਬਦਲਾਓ ਹੋਵੇਗਾ। ਨਹੀਂ ਤਾਂ ਜੋ ਕੁਝ ਹੁਣ ਹੋ ਰਿਹਾ, ਭਵਿੱਖ ਵਿੱਚ ਹੋਵੇਗਾ ! ਫੇਰ ਹਰ ਕੋਈ ਰੋਵੇਗਾ!
ਬੁੱਧ ਸਿੰਘ ਨੀਲੋ
94643 70823