ਸ਼ੰਭੂ, 18 ਅਪ੍ਰੈਲ (ਖ਼ਬਰ ਖਾਸ ਬਿਊਰੋ)
ਤਿੰਨ ਕਿਸਾਨ ਨੇਤਾਵਾਂ ਦੀ ਰਿਹਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਬੁੱਧਵਾਰ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਦਿੱਤਾ ਗਿਆ ਧਰਨਾ ਵੀਰਵਾਰ ਤੱਕ ਨਿਰੰਤਰ ਜਾਰੀ ਹੈ। ਪਤਾ ਲੱਗਿਆ ਹੈ ਕਿ ਸ਼ੰਭੂ ਰੇਲਵੇ ਸਟੇਸ਼ਨ ਰੇਲਵੇ ਟਰੈਕ ਤੇ 2000 ਤੋਂ ਵੱਧ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ ਹੈ ਜਿਸ ਕਰਕੇ 23 ਗੱਡੀਆਂ ਰੱਦ ਕੀਤੀਆਂ ਗਈਆਂ ਹਨ ਅਤੇ 138 ਦੇ ਕਰੀਬ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।
ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੇਲਵੇ ਟਰੈਕ ‘ਤੇ ਧਰਨਾ ਦੇਣ ਤੋਂ ਰੋਕਣ ਲਈ ਪੰਜਾਬ ਅਤੇ ਹਰਿਆਣਾ ਪੁਲਸ ਨੇ ਰੋਕਣ ਦਾ ਯਤਨ ਕੀਤਾ ਪਰ ਧੱਕਾ ਮੁੱਕੀ ਕਰਦੇ ਹੋਏ ਕਿਸਾਨ ਰੇਲਵੇ ਟਰੈਕ ਤੇ ਪਹੁੰਚ ਗਏ ਅਤੇ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਖਿਲਾਫ ਜਬਰਦਸਤ ਰੋਸ ਮੁਜ਼ਾਹਰਾ ਕੀਤਾ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਰਵਣ ਸਿੰਘ ਭੰਦੇਰ ਅਤੇ ਜਗਜੀਤ ਸਿੰਘ ਡੱਲੇ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਭਰੋਸਾ ਦਿੱਤਾ ਸੀ ਕਿ ਗ੍ਰਿਫਤਾਰ ਕੀਤੇ ਗਏ ਤਿੰਨ ਕਿਸਾਨ ਨੇਤਾਵਾਂ ਨੂੰ ਜਲਦੀ ਰਿਹਾ ਕਰ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੇ 16 ਅਪ੍ਰੈਲ ਤੱਕ ਦਾ ਤਿੰਨ ਆਗੂਆਂ ਨੂੰ ਰਿਹਾ ਕਰਨ ਦਾ ਅਲਟੀਮੇਟਮ ਦਿੱਤਾ ਸੀ ਪਰ ਹਰਿਆਣਾ ਸਰਕਾਰ ਨੇ ਕਿਸਾਨ ਆਗੂਆਂ ਦੀ ਰਿਹਾਈ ਨਹੀਂ ਕੀਤੀ ਜਿਸ ਕਰਕੇ ਕਿਸਾਨਾਂ ਨੂੰ ਇਹ ਫੈਸਲਾ ਲੈਣਾ ਪਿਆ।
ਕਿਸਾਨਾਂ ਦੇ ਰੋਸ ਧਰਨੇ ਕਾਰਨ ਫਿਰੋਜ਼ਪੁਰ ਮੰਡਲ ਦੀਆਂ ਪੰਜ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ ਜਦਕਿ 57 ਗੱਡੀਆਂ ਪ੍ਰਭਾਵਿਤ ਹੋਈਆਂ ਹਨ ਇਸੀ ਤਰ੍ਹਾਂ ਅੰਬਾਲਾ ਮੰਡਲ ਦੀਆਂ 18 ਟਰੇਨਾਂ ਰੱਦ ਕੀਤੀਆਂ ਗਈਆਂ ਹਨ ਜਦੋਂ ਕਿ 81 ਰੇਲ ਗੱਡੀਆਂ ਪ੍ਰਭਾਵ ਤੋਂ ਹੋਈਆਂ ਹਨ ਰੇਲਵੇ ਬੋਰਡ ਨੇ ਕਈ ਟ੍ਰੇਨਾਂ ਦੇ ਰੂਟ ਬਦਲ ਕੇ ਚਲਾਏ ਹਨ ਇਸ ਤਰ੍ਹਾਂ ਕੁੱਲ ਮਿਲਾ ਕੇ 23 ਗੱਡੀਆਂ ਰੱਦ ਕੀਤੀਆਂ ਗਈਆਂ ਹਨ ਤੇ 138 ਦੇ ਕਰੀਬ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।
ਵਰਨਣਯੋਗ ਹੈ ਕਿ ਵਾਟਰ ਕੈਨਨ ਬੁਆਏ ਦੇ ਨਾਮ ਨਾਲ ਪ੍ਰਸਿੱਧ ਨਵਦੀਪ ਸਿੰਘ ਤੇ ਉਸਦਾ ਸਾਥੀ ਗੁਰਕੀਰਤ ਸਿੰਘ ਅੰਬਾਲਾ ਦੀ ਜੇਲ ਵਿੱਚ ਬੰਦ ਹੈ ਜਦੋਂ ਕਿ ਇੱਕ ਹੋਰ ਅਨੀਸ਼ ਖਟਕੜ ਜੀਂਦ ਦੀ ਜੇਲ ਵਿੱਚ ਬੰਦ ਹੈ ਕਿਸਾਨ ਆਗੂ ਇਹਨਾਂ ਤਿੰਨਾਂ ਨੇਤਾਵਾਂ ਨੂੰ ਰਿਹਾਈ ਦੀ ਮੰਗ ਕਰ ਰਹੇ ਹਨ।