ਦੋਵਾਂ ਪਾਰਟੀਆਂ ਵਿਚ ਬਗਾਵਤੀ ਸੁਰ ਉਭਰਨ ਦੇ ਆਸਾਰ ਬਣੇ
ਚੰਡੀਗੜ 6 ਜੂਨ (ਖ਼ਬਰ ਖਾਸ ਬਿਊਰੋ)
ਲੋਕ ਸਭਾ ਚੋਣਾਂ ਦੇ ਤਾਜ਼ਾ ਨਤੀਜ਼ਿਆਂ ਵਿਚ ਪੰਜਾਬ ਦੇ ਵੋਟਰਾਂ ਨੇ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਅਕਾਲੀ ਦਲ ਜਿੱਥੇ ਸਿਰਫ਼ ਇਕ ਸੀਟ ਹੀ ਜਿੱਤ ਸਕਿਆ ਹੈ, ਉਥੇ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਹਨ, ਜਦਕਿ ਮੁੱਖ ਮੰਤਰੀ ਭਗਵੰਤ ਮਾਨ 13-0 ਦਾ ਦਾਅਵਾ ਕਰ ਰਹੇ ਸਨ। ਮੁੱਖ ਮੰਤਰੀ ਨੇ ਇਕੱਲਿਆ ਹੀ ਸੂਬੇ ਵਿਚ 125 ਤੋ ਵੱਧ ਰੋਡ ਸ਼ੋਅ ਕੀਤੇ, ਪਰ ਨਤੀਜ਼ਾ ਆਪ ਦੀ ਲੀਡਰਸ਼ਿਪ ਦੀਆਂ ਉਮੀਦਾਂ ਤੋ ਉਲਟ ਆਇਆ ਹੈ। ਆਪ ਦੇ ਕੌਮੀ ਜਨਰਲ ਸਕੱਤਰ ਡਾ ਸੰਦੀਪ ਪਾਠਕ ਨੇ ਬੀਤੇ ਕੱਲ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ 2019 ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ ਹੈ, ਪਰ ਨਤੀਜ਼ਾ ਆਸ ਤੋ ਉਲਟ ਆਇਆ ਹੈ। ਡਾ ਸੰਦੀਪ ਪਾਠਕ ਦੇ ਬਿਆਨ ਤੋ ਸਪਸ਼ਟ ਜਾਪਦਾ ਹੈ ਕਿ ਹਾਰ ਦੇ ਕਾਰਨ ਲੀਡਰਸ਼ਿਪ ‘ਤੇ ਸਵਾਲ ਉਠਣਾ ਸੁਭਾਵਿਕ ਹੈ।
ਸ਼੍ਰੋਮਣੀ ਅਕਾਲੀ ਦਲ ਲਈ ਇਹ ਚੌਥੀ ਚੋਣ ਸੀ, ਜਿਸ ਵਿਚ ਪਾਰਟੀ ਹਾਸ਼ੀਏ ‘ਤੇ ਪਹੁੰਚ ਗਈ ਹੈ। ਪਾਰਟੀ ਸੂਬੇ ਦੀਆਂ 13 ਸੀਟਾਂ ‘ਚੋਂ ਸਿਰਫ ਬਠਿੰਡਾ ਹਲਕੇ ਵਿਚ ਹੀ ਜਿੱਤ ਹਾਸਲ ਕਰ ਸਕੀ ਹੈ। ਜਦਕਿ 11 ਸੀਟਾਂ ‘ਤੇ ਚੌਥੇ ਅਤੇ ਇਕ ਸੀਟ ‘ਤੇ ਪੰਜਵੇਂ ਸਥਾਨ ‘ਤੇ ਰਹੀ ਹੈ। ਅਕਾਲੀ ਦਲ ਬਠਿੰਡਾ ਨੂੰ ਛੱਡ ਕੇ ਕਿਸੇ ਹੋਰ ਸੀਟ ਉਤੇ ਮੁਕਾਬਲੇ ਵਿਚ ਵੀ ਨਹੀਂ ਰਹੀ। ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਪਾਰਟੀ ਨੇ ਹਾਰ ਦੇ ਕਾਰਨਾਂ ਪਤਾ ਲਾਉਣ ਲਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ। ਕਮੇਟੀ ਨੇ ਕਰੀਬ ਸੌ ਹਲਕਿਆ ਵਿਚ ਪਾਰਟੀ ਲੀਡਰਸ਼ਿਪ, ਵਰਕਰਾਂ ਤੇ ਲੋਕਾਂ ਨਾਲ ਗੱਲਬਾਤ ਦੇ ਆਧਾਰਿਤ ਇਕ ਰਿਪੋਰਟ ਤਿਆਰ ਕਰਕੇ ਪਾਰਟੀ ਪ੍ਰਧਾਨ ਨੂੰ ਸੌਂਪੀ ਸੀ ਜਿਸ ਵਿੱਚ ਪਾਰਟੀ ਨੂੰ ਮੁੜ ਪੈਰਾਂ ਉਤੇ ਖੜਾ ਕਰਨ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਰਿਪੋਰਟ ਵਿਚ ਸਭ ਤੋਂ ਵੱਡੀ ਸਿਫ਼ਾਰਸ਼ ਪੂਰੇ ਢਾਂਚੇ ਨੂੰ ਹੇਠਾਂ ਤੋਂ ਉੱਪਰ ਤੱਕ ਬਦਲਣ ਦੀ ਸੀ ਪਰ ਪਾਰਟੀ ਮੁਖੀ ਸੁਖਬੀਰ ਬਾਦਲ ਨੇ ਅਜਿਹਾ ਨਹੀਂ ਕੀਤਾ। ਇੰਨਾ ਹੀ ਨਹੀਂ ਜਦੋਂ ਇਹ ਰਿਪੋਰਟ ਦੇਣ ਵਾਲੇ ਇਕਬਾਲ ਸਿੰਘ ਝੂੰਦਾਂ ਨੂੰ ਇਸ ਵਾਰ ਸੰਗਰੂਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਤਾਂ ਉਹ ਪੰਜਵੇਂ ਸਥਾਨ ‘ਤੇ ਰਹੇ ਅਤੇ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ |
ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦਾ ਅਕਾਲੀ ਦਲ ਵਿਚ ਰਲੇਵਾਂ ਵੀ ਕਰ ਲਿਆ ਸੀ ਪਰ ਉਨਾਂ ਦੇ ਬੇਟੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਸਭਾ ਹਲਕੇ ਤੋ ਟਿਕਟ ਨਾ ਦਿੱਤੀ ਗਈ, ਜਿਸ ਕਰਕੇ ਉਹ ਖਫ਼ਾ ਹੋ ਗਏ। ਢੀਂਡਸਾ ਦੀ ਨਾਰਾਜ਼ਗੀ ਦਾ ਅਸਰ ਸੰਗਰੂਰ ਸੀਟ ’ਤੇ ਵੀ ਦੇਖਣ ਨੂੰ ਮਿਲਿਆ ਜਿੱਥੇ ਪਾਰਟੀ ਨੂੰ ਕੁਝ ਨਹੀਂ ਮਿਲਿਆ।
ਇਸੀ ਤਰਾਂ ਅਕਾਲੀ ਦਲ ਦੇ ਸੁਖਬੀਰ ਬਾਦਲ ਨੇ ਪੱਟੀ ਦੇ ਸਾਬਕਾ ਵਿਧਾਇਕ ਅਤੇ ਆਪਣੇ ਨਜ਼ਦੀਕੀ ਰਿਸ਼ਤੇਦਾਰ (ਜੀਜਾ) ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ, ਜਾਂ ਉਹਨਾਂ ਦਾ ਪੱਖ ਪੁੱਛੇ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ। ਢੀਂਡਸਾ ਤੇ ਹੋਰਨਾਂ ਆਗੂਆਂ ਨੇ ਇਸ ਫੈਸਲੇ ਦਾ ਬੁਰਾ ਮਨਾਇਆ। ਭਾਈ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਗਏ। ਉਧਰ ਆਨੰਦਪੁਰ ਸਾਹਿਬ ਤੋ ਚੋਣ ਹਾਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਪਾਰਟੀ ਦੀ ਗਲਤ ਨੀਤੀਆਂ ਕਾਰਨ ਅਜਿਹਾ ਹਸ਼ਰ ਹੋਇਆ ਹੈ। ਸੂਤਰ ਦੱਸਦੇ ਹਨ ਕਿ ਵੀਰਵਾਰ 6 ਜੂਨ ਨੂੰ ਘੱਲੂਘਾਰਾ ਦਿਵਸ ਹੋਣ ਕਰਕੇ ਅਕਾਲੀ ਲੀਡਰਸ਼ਿਪ ਅਜੇ ਚੁੱਪ ਹੈ ਅਤੇ ਆਗਾਮੀ ਦਿਨਾਂ ਵਿਚ ਪਾਰਟੀ ਵਿਚ ਬਗਾਵਤੀ ਸੁਰਾਂ ਮੁੜ ਉਠਣ ਦੀਆਂ ਸੰਭਾਵਨਾਂ ਤੋ ਮੁਨਕਰ ਨਹੀਂ ਹੋਇਆ ਜਾ ਸਕਦਾ। ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਪਾਰਟੀ ਅੰਦਰ ਤੁਫਾਨ ਆਉਣ ਤੋ ਪਹਿਲਾਂ ਵਾਲੀ ਸਾਂਤੀ ਬਣੀ ਹੋਈ ਹੈ। ਆਗਾਮੀ ਦਿਨਾਂ ਵਿਚ ਸੀਨੀਅਰ ਲੀਡਰਸ਼ਿਪ ਕੀ ਰੁਖ਼ ਅਖਤਿਆਰ ਕਰੇਗੀ ਇਸਨੂੰ ਲੈ ਕੇ ਅੰਦਰੋ ਅੰਦਰੀ ਚਰਚਾ ਸ਼ੁਰੂ ਹੋ ਗਈ ਹੈ।
ਸਰਕਾਰ ਤੇ ਆਪ ਲੀਡਰਸ਼ਿਪ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਉਠਣੇ ਸ਼ੁਰੂ
ਉਧਰ ਹੁਕਮਰਾਨ ਆਮ ਆਦਮੀ ਪਾਰਟੀ ਨੂੰ ਉਮੀਦ ਤੋ ਉਲਟ ਤਿੰਨ ਸੀਟਾਂ ਮਿਲਣ ਨੂੰ ਲੈ ਕੇ ਪਾਰਟੀ ਅੰਦਰ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਹਾਲਾਂਕਿ ਪਾਰਟੀ ਦੇ ਜਰਨਲ ਸਕੱਤਰ ਡਾ ਸੰਦੀਪ ਪਾਠਕ ਕਹਿ ਚੁੱਕੇ ਹਨ ਕਿ ਉਹਨਾਂ ਨੂੰ ਉਮੀਦ ਤੋ ਉਲਟ ਸੀਟਾਂ ਮਿਲੀਆਂ ਹਨ, ਪਰ ਇਹ 2019 ਦੇ ਮੁਕਾਬਲੇ ਬਿਹਤਰ ਹਨ। ਆਪ ਦੀ ਸੂਬਾਈ ਕਮਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ। ਜਿਸ ਕਰਕੇ ਮੌਜੂਦਾ ਹਾਲਾਤਾਂ ਦੀ ਸਾਰੀ ਜੁ਼ੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਆਉਂਦੀ ਹੈ। ਸੂਤਰ ਦੱਸਦੇ ਹਨ ਕਿ ਆਗਾਮੀ ਦਿਨਾਂ ਵਿਚ ਪਾਰਟੀ ਲੀਡਰਸ਼ਿਪ ਵਿਚ ਬਦਲਾਅ ਹੋ ਸ ਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੂਬੇ ਵਿਚ ਪੰਚਾਇਤੀ ਤੇ ਮਿਊਂਸਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਨੇ ਤਿਆਰੀ ਆਰੰਭ ਕੀਤੀ ਸੀ ਤਾਂ ਹੇਠਲੇ ਪੱਧਰ ਤੇ ਵਲੰਟੀਅਰਜ਼ ਨੇ ਇਹ ਸ਼ਿਕਵਾ ਕੀਤੀ ਸੀ ਕਿ ਪਾਰਟੀ ਵਰਕਰਾ ਦੀ ਸੁਣਵਾਈ ਨਹੀਂ ਹੋ ਰਹੀ। ਜਿਸ ਕਰਕੇ ਵਲੰਟੀਅਰਜ਼ ਨਾਲ ਤਾਲਮੇਲ ਬਣਾਉਣ ਲਈ ਪਾਰਟੀ ਲੀਡਰਸ਼ਿਪ ਵਿਚ ਬਦਲਾਅ ਕਰਨ ਦਾ ਫੈਸਲਾ ਕੀਤਾ ਸੀ। ਸੂਤਰ ਦੱਸਦੇ ਹਨ ਕਿ ਜਦੋਂ ਪਾਰਟੀ ਪ੍ਰਧਾਨ ਦਾ ਅਹੁੱਦਾ ਕਿਸੇ ਹੋਰ ਆਗੂ ਨੂੰ ਦੇਣ ਦੀ ਗੱਲ ਚੱਲੀ ਤਾਂ ਮੁੱਖ ਮੰਤਰੀ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਤੋਂ ਮਨਾ ਕਰਦਿਆ ਕਿਹਾ ਕਿ ਸੱਭ ਠੀਕ ਚੱਲ ਰਿਹਾ ਹੈ। ਫਿਰ ਉਨਾਂ ਦੀ ਸਲਾਹ ਮੁਤਾਬਿਕ ਪ੍ਰਿੰਸੀਪਲ ਬੁੱਧਰਾਮ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਕਰਦਿਆਂ ਕਈ ਆਗੂਆਂ ਨੂੰ ਜੁੰਮੇਵਾਰੀ ਸੌਪੀ ਗਈ ਸੀ। ਪਰ ਇਹਨਾਂ ਚੋਣਾਂ ਵਿਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁ੍ੱਖ ਮੰਤਰੀ ਭਗਵੰਤ ਮਾਨ ਹੀ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੇ ਅਨੁਸੂਚਿਤ ਜਾਤੀ ਸੈੱਲ, ਬੀਸੀ ਸੈਲ ਸਮੇਤ ਹੋਰਨਾਂ ਵਿੰਗਾਂ ਦੇ ਪ੍ਰਧਾਨਾਂ ਦੀ ਸੂਬੇ ਵਿਚ ਕਿਤੇ ਐਕਟੀਵਿਟੀ ਨਜ਼ਰ ਨਹੀਂ ਆਈ ਬਲਕਿ ਉਹ ਆਪਣੇ ਹਲਕਿਆਂ ਤੱਕ ਹੀ ਸੀਮਤ ਰਹਿ ਗਏ। ਇਹੀ ਹਾਲਤ ਮੰਤਰੀਆਂ ਦਾ ਰਿਹਾ ਹੈ, ਉਹ ਵੀ ਜ਼ਿਆਦਾਤਰ ਆਪਣੇ ਹਲਕੇ ਵਿਚ ਪ੍ਰਚਾਰ ਕਰਦੇ ਰਹੇ। ਖਾਸਕਰਕੇ ਕੈਬਨਿਟ ਮੰਤਰੀ ਅਮਨ ਅਰੋੜਾ ਪਾਰਟੀ ਦਾ ਇਕ ਹਿੰਦੂ ਚਿਹਰਾ ਹਨ ਉਸਦੀਆਂ ਸੇਵਾਵਾਂ ਸ਼ਹਿਰੀ ਸੀਟਾਂ ਉਤੇ ਲਈਆ ਜਾ ਸਕਦੀਆ ਜਾ ਸਕਦੀਆਂ ਸਨ, ਪਰ ਪਾਰਟੀ ਹਾਈਕਮਾਨ ਨੇ ਅਜਿਹਾ ਨਹੀਂ ਕੀਤਾ। ਪਾਰਟੀ ਦੇ ਵੱਡੇ ਦਲਿਤ ਆਗੂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਸਮੇਤ ਹੋਰ ਦਲਿਤ ਆਗੂਆਂ ਦੀ ਅਣਦੇਖੀ ਵੀ ਪਾਰਟੀ ਲਈ ਮਹਿੰਗੀ ਸਾਬਤ ਹੋਈ ਹੈ। ਜਿਸ ਕਰਕੇ ਆਗਾਮੀ ਦਿਨਾਂ ਵਿਚ ਪਾਰਟੀ ਅੰਦਰ ਹੋ ਰਹੀ ਘੁਸਰ ਮੁਸਰ ਜਥੇਬੰਦਕ ਬਦਲਾਅ ਲਈ ਬਗਾਵਤੀ ਰੂਪ ਲੈ ਸਕਦੀ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਲਈ ਸੁਖਦ ਗੱਲ ਹੈ ਕਿ ਪਾਰਟੀ ਦਿੱਲੀ ਵਿੱਚ ਖਾਤਾ ਨਹੀਂ ਖੋਲ ਸਕੀ। ਜਿਸ ਕਰਕੇ ਤੇਰਾਂ ਨਹੀਂ ਤਾਂ ਤਿੰਨ ਸੀਟਾਂ ਜਿਤਾਉਣ ਦਾ ਦਾਅਵਾ ਤਾਂ ਉਹ ਕਰ ਹੀ ਸਕਦੇ ਹਨ। ਇਕ ਗੱਲ ਜਰੂਰ ਹੈ ਕਿ ਵੋਟਰਾਂ ਨੇ ਜਿਹੜਾ ਜਨਮਤ ਦਿੱਤਾ ਹੈ ਉਸ ਅਨੁਸਾਰ ਸਪਸ਼ਟ ਹੈ ਕਿ ਵੋਟਰ ਪਾਰਟੀ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੋ ਖੁਸ਼ ਨਹੀਂ ਹਨ। ਸਰਕਾਰ ਕੋਲ ਅਜੇ ਢਾਈ ਸਾਲ ਦਾ ਸਮਾਂ ਬਚਿਆ ਹੈ ਅਤੇ ਮੁੱਖ ਮੰਤਰੀ ਨੂੰ ਪੰਜਾਬੀਆਂ ਦਾ ਭਰੋਸਾ ਚੁੱਕਣ ਲਈ ਨਵੇਂ ਕਦਮ ਚ ਚੁੱਕਣੇ ਪੈਣਗੇ ਨਹੀਂ ਤਾਂ ਪਾਰਟੀ ਦੀ ਸਥਿਤੀ ਅਕਾਲੀ ਦਲ ਵਰਗੀ ਹੋਣ ਨੂੰ ਵਾਹਲਾ ਸਮਾਂ ਨਹੀਂ ਲੱਗਣਾ।