ਚੰਡੀਗੜ 6 ਜੂਨ( ਖ਼ਬਰ ਖਾਸ ਬਿਊਰੋ)
ਲੋਕ ਸਭਾ ਚੋਣਾਂ ਵਿਚ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਦੇ ਅੱਠ ਮੰਤਰੀਆਂ ਅਤੇ 54 ਵਿਧਾਇਕਾਂ ਦੇ ਹਲਕਿਆਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਨਿਰਾਸ਼ਜਨਕ ਰਹੀ ਹੈ। ਦਿਲਚਸਪ ਗੱਲ ਹੈ ਕਿ ਖਡੂਰ ਸਾਹਿਬ ਤੋ ਚੋਣ ਲੜ ਰਹੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਬਠਿੰਡਾ ਤੋ ਚੋਣ ਮੈਦਾਨ ਵਿਚ ਉਤਰੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆ ਆਪਣੇ ਵਿਧਾਨ ਸਭਾ ਹਲਕਾ ਲੰਬੀ ਤੋਂ ਹਾਰ ਗਏ। ਵਿਧਾਨ ਸਭਾ ਚੋਣਾਂ 2022 ਵਿਚ 92 ਸੀਟਾਂ ਉਤੇ ਜਿੱਤਣ ਵਾਲੀ ਪਾਰਟੀ 32 ਹਲਕਿਆਂ ਵਿਚ ਲੀਡ ਪ੍ਰਾਪਤ ਕਰ ਸਕੀ। ਪਾਰਟੀ ਨੂੰ ਮਾਲਵਾ ਦੇ ਸੰਗਰੂਰ ਤੇ ਦੁਆਬਾ ਤੇ ਪੁਆਧ ਵਿਚੋ ਹੁਸ਼ਿਆਰਪੁਰ ਅਤੇ ਆਨੰਦਪੁਰ ਸਾਹਿਬ ਹਲਕੇ ਵਿਚੋ ਤਿੰਨ ਸੀਟਾਂ ਪ੍ਰਾਪਤ ਹੋਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ 13-0 ਦਾਅਵਾ ਕਰ ਰਹੇ ਸਨ। ਆਪ ਦਾ ਵੋਟ ਪ੍ਰਤੀਸ਼ਤ ਘੱਟਕੇ 26.02 ਫੀਸਦੀ ਰਹਿ ਗਿਆ ਹੈ
ਜੇਕਰ ਚੋਣ ਨਤੀਜ਼ਿਆਂ ਨੂੰ ਘੋਖਿਆ ਜਾਵੇ ਤਾਂ ਅੱਠ ਵਜੀਰਾਂ ਨੂੁੰ ਆਪਣੇ ਹਲਕਿਆਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਬਠਿੰਡਾ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਹਲਕਾ ਲੰਬੀ ਤੋਂ ਹਾਰ ਗਏ ਤੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 54337 ਵੋਟਾਂ ਮਿਲੀਆਂ ਜਦਕਿ ਗੁਰਮੀਤ ਖੁਡੀਆ 31073 ਵੋਟਾਂ ਹੀ ਲੈ ਸਕੇ। ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੱਟੀ ਹਲਕੇ ਤੋਂ 27804 ਵੋਟਾਂ ਮਿਲੀਆਂ ਹਨ,ਇਥੋਂ ਅਜ਼ਾਦ ਉਮਦੀਵਾਰ ਅੰਮ੍ਰਿਤਪਾਲ ਸਿੰਘ 56758 ਵੋਟਾਂ ਲੈ ਗਏ। ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਡਾ ਬਲਜੀਤ ਕੌਰ ਦੇ ਹਲਕੇ ਮਲੋਟ ਵਿਚ ਆਪ ਦਾ ਉਮੀਦਵਾਰ 842 ਵੋਟਾਂ ਦੇ ਅੰਤਰ ਨਾਲ ਪਿਛੜਿਆ। ਆਪ ਨੂੰ 31973 ਵੋਟਾਂ ਮਿਲੀਆਂ ਹਨ, ਜਦਕਿ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਨੂੰ 32815 ਵੋਟਾਂ ਮਿਲੀਆਂ ਹਨ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਹਲਕੇ ਹੁਸ਼ਿਆਰਪੁਰ ਵਿਖੇ ਆਪ ਨੂੰ 36957 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ 38664 ਤੇ ਕਾਂਗਰਸ ਨੂੰ 25180 ਵੋਟਾਂ ਮਿਲੀਆਂ।
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਦੇ ਭੋਹਾ ਹਲਕੇ ਤੋ ਆਪ ਨੂੰ 31372 ਅਤੇ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ 56393 ਵੋਟਾਂ ਮਿਲੀਆਂ । ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਹਲਕਾ ਜੰਡਿਆਲਾ ਵਿਖੇ ਆਪ ਨੂੰ 23571 ਵੋਟਾਂ ਪ੍ਰਾਪਤ ਹੋਈਆਂ ਅਤੇ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ 45190 ਵੋਟਾਂ ਮਿਲੀਆ। ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਗਗਨ ਅਨਮੋਲ ਮਾਨ ਦੇ ਹਲਕਾ ਖਰੜ ਵਿਚ ਆਪ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ 40983ਵੋਟਾਂ ਮਿਲੀਆਂ ਅਤੇ ਕਾਂਗਰਸ ਦੇ ਵਿਜੈਇੰਦਰ ਸਿੰਗਲਾਂ ਨੂੰ 46622 ਵੋਟਾਂ ਮਿਲੀਆ ਤੇ ਭਾਜਪਾ ਦੇ ਡਾ ਸੁਭਾਸ਼ ਸ਼ਰਮਾ 40391 ਵੋਟਾਂ ਮਿਲੀਆ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਦੇ ਹਲਕੇ ਕਰਤਾਰਪੁਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ 45158 ਅਤੇ ਆਪ ਦੇ ਪਵਨ ਟੀਨੂੰ ਨੂੰ 29106 ਨੂੰ ਵੋਟਾਂ ਮਿਲੀਆਂ।