-ਸਿਆਸੀ ਵਿਸ਼ਲੇਸ਼ਣ-
ਚੰਡੀਗੜ 2 ਜੂਨ ( ਰਮਨ ਸ਼ਰਮਾ)
ਅਠਾਰ੍ਹਵੀਂ ਲੋਕ ਸਭਾ ਚੋਣਾਂ ਨੂੰ ਲੈਕੇ ਵੋਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸਭ ਦੀਆਂ ਨਜ਼ਰਾਂ ਮਿਲਣ ਵਾਲੀਆਂ ਸੀਟਾਂ ‘ਤੇ ਲੱਗੀਆਂ ਹੋਈਆਂ ਹਨ। ਆਖਿਰੀ ਗੇੜ ਤੋਂ ਬਾਅਦ ਪੰਜਾਬ ਅੰਦਰ ਹੋਈ ਵੋਟਿੰਗ ਤੋਂ ਬਾਅਦ ਜੋੜ-ਘਟਾਓ ਲਗਾਤਾਰ ਜਾਰੀ ਹਨ। ਪੋਲਿੰਗ ਬੂਥ ਤੋਂ ਰਿਪੋਰਟ ਮੰਗਵਾਕੇ ਅੰਦਾਜ਼ੇ ਲਗਾਉਣ ਦਾ ਕੰਮ ਜਾਰੀ ਹੈ। ਸ਼ਹਿਰੀ ਵਰਗ ਕਿੱਥੇ ਭੁਗਤਿਆ ? ਸ਼ਹਿਰੀ ਹਿੰਦੂ ਕੀ ਰਾਮ ਮੰਦਰ ਤੋਂ ਪ੍ਰਭਾਵਿਤ ਸੀ ? ਸ਼ਹਿਰੀ ਸਿੱਖ ਵੋਟਰ ਕਿਹੜੇ ਮੁੱਦੇ ਤੋਂ ਪ੍ਰਭਾਵਿਤ ਰਿਹਾ, ਦਲਿਤ ਵੋਟਰ ਦਾ ਕੀ ਬਣਿਆ? ਰਵਿਦਾਸੀਆ ਭਾਈਚਾਰਾ ਕਿੱਥੇ ਗਿਆ? ਬਾਲਮੀਕੀ ਅਤੇ ਮਜ਼੍ਹਬੀ ਸਿੱਖ ਭਾਈਚਾਰਾ ਕਿਸ ਦੇ ਨਾਲ ਖੜਿਆ । ਪੇਂਡੂ ਵੋਟ ਕਿਧਰ ਗਿਆ, ਕਿਸਾਨੀ ਨੇ ਬੀਜੇਪੀ ਨੂੰ ਕਿੰਨੀ ਮਾਰ ਪਾਈ ਅਤੇ ਆਪ ਨਾਲ ਕਿਸਾਨਾਂ ਦਾ ਪਿਆਰ ਕਿਨਾਂ ਕੁ ਬਚਿਆ ਹੈ। ਇਸ ਤੋਂ ਇਲਾਵਾ ਮੁੱਦਿਆਂ ਦੀ ਸਿਆਸਤ ਕਿੰਨਾ ਪ੍ਰਭਾਵਸ਼ਾਲੀ ਰਹੀ। ਨਸ਼ੇ ਦਾ ਮੁੱਦਾ, ਕਾਨੂੰਨ ਵਿਵਸਥਾ ਦਾ ਮੁੱਦਾ, ਸਰਕਾਰ ਪ੍ਰਤੀ ਨਰਾਜਗੀ ਅਤੇ ਪਿਛਲੇ ਚੋਣ ਵਾਅਦੇ ਕਿੰਨੇ ਪੂਰੇ ਹੋਏ, ਬਿਜਲੀ ਯੂਨਿਟ ਮੁਆਫੀ ਦਾ ਕਿੰਨਾ ਅਸਰ ਰਿਹਾ , ਇਸ ਸਭ ਦੇ ਨੇੜੇ ਤੇੜੇ ਵੋਟਿੰਗ ਪੈਣ ਦੀ ਪ੍ਰਕਿਰਿਆ ਰਹੀ ਹੈ।
ਸ਼ਹਿਰੀ ਖੇਤਰ ਵਿੱਚ ਖਾਸ ਤੌਰ ਤੇ ਵੱਡੇ ਸ਼ਹਿਰ ਬੀਜੇਪੀ ਤੋ ਪ੍ਰਭਾਵਿਤ ਨਜਰ ਆਏ। ਬੀਜੇਪੀ ਵਲੋਂ ਪੰਜਾਬ ਦੇ ਹਿੰਦੂ ਭਾਈਚਾਰੇ ਦਾ ਮੂਡ ਸਮਝਿਆ ਗਿਆ। ਉਨ੍ਹਾਂ ਦੀ ਸਿੱਖ ਭਾਈਚਾਰੇ ਅਤੇ ਪੰਜਾਬੀ ਵਜੂਦ ਨੂੰ ਸਮਝਿਆ ਪਰਖਿਆ ਗਿਆ। ਇਸ ਕਰਕੇ ਸ਼ਹਿਰੀ ਹਿੰਦੂ ਸਾਹਮਣੇ ਜਿਆਦਾ ਕੱਟੜ ਮਾਹੌਲ ਬਣਾਉਣ ਦੀ ਕੋਸ਼ਿਸ਼ ਦੀ ਬਜਾਏ ਸਿਆਸੀ ਲੜਾਈ ਨੂੰ ਕਿਸਾਨ ਬਨਾਮ ਵਪਾਰੀ ਕੀਤਾ ਗਿਆ। ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਵਲੋ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਮੁੱਖ ਰੱਖ ਕੇ ਸ਼ਹਿਰੀ ਹਿੰਦੂਆਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕੀਤੀ ਗਈ। ਜਿਹੜੀ ਕਿਤੇ ਨਾ ਕਿਤੇ ਕਾਮਯਾਬ ਦਿਖਾਈ ਦਿੱਤੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਬਣਾਈ ਗਈ ਪੰਥਕ ਲਹਿਰ ਨੇ ਪੰਜਾਬੀ ਹਿੰਦੂ ਨੂੰ ਥੋੜਾ ਜਿਹਾ ਧਰੁਵੀਕਰਨ (ਪੋਲੋਰਾਇਜ) ਕੀਤਾ ਅਤੇ ਸ਼ਹਿਰੀ ਹਿੰਦੂ ਕੰਸੋਲੀਡੇਟ (ਇਕ ਥਾਂ ਇਕੱਠਾ) ਨਜ਼ਰ ਹੁੰਦਾ ਦਿਖਿਆ। ਇਸ ਦਾ ਜਿਆਦਾ ਨੁਕਸਾਨ ਸ਼ਹਿਰਾਂ ਦੇ ਵਿੱਚ ਕਾਂਗਰਸ ਨੂੰ ਹੋਇਆ। ਜਿਹੜਾ ਸ਼ਹਿਰੀ ਹਿੰਦੂ ਵੋਟਰ ਕਦੇ ਕਾਂਗਰਸ ਦੇ ਹੱਕ ਵਿਚ ਭੁਗਤਦਾ ਰਿਹਾ ਜਿਆਦਾ ਨਜਰ ਆਉਂਦਾ ਸੀ ਉਸ ਨੇ ਬੀਜੇਪੀ ਦਾ ਰਸਤਾ ਚੁਣਿਆ।
ਵਪਾਰੀ ਵਰਗ ਅਤੇ ਸ਼ਹਿਰੀ ਹਿੰਦੂ ਭਾਈਚਾਰੇ ਦੀ ਜਿਆਦਾਤਰ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਭੁਗਤੀ। ਬਿਜਲੀ ਯੂਨਿਟ ਵਾਲਾ ਮੁੱਦਾ ਕਾਨੂੰਨ ਵਿਵਸਥਾ ਦੇ ਮੁੱਦੇ ਸਾਹਮਣੇ ਦਮ ਤੋੜਦਾ ਨਜਰ ਆਇਆ। ਜਿਸ ਦਾ ਸਿੱਧਾ ਫਾਇਦਾ ਬੀਜੇਪੀ ਨੂੰ ਮਿਲਿਆ ਅਤੇ ਬੀਜੇਪੀ ਨੇ ਰਾਮ ਮੰਦਿਰ ਦੇ ਅਧਾਰ ਉਤੇ ਰੱਖੀ ਬੁਨਿਆਦ ਨੂੰ ਪੰਥਕ ਲਹਿਰ ਦੇ ਉਭਾਰ ਨਾਲ ਸ਼ਹਿਰੀ ਹਿੰਦੂ ਭਾਈਚਾਰੇ ਨੂੰ ਇਕਪਾਸੜ ਕਰਨ ਦੀ ਕੋਸ਼ਿਸ਼ ਵਿਚ ਕਾਮਯਾਬੀ ਹਾਸਿਲ ਕੀਤੀ।
ਪੇਂਡੂ ਪਿਛੋਕੜ ਦੇ ਵੋਟਰ ਦਾ ਸੁਭਾਅ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਖਿਲਾਫ ਭੁਗਤਿਆ। ਕਿਸਾਨੀ ਵੋਟ ਜਿਹੜੀ ਸਿੱਧਮ ਸਿੱਧੀ ਆਮ ਆਦਮੀ ਪਾਰਟੀ ਕੋਲ ਚਲੀ ਗਈ ਸੀ ਉਸ ਨੇ ਰਸਤਾ ਬਦਲਿਆ। ਆਮ ਆਦਮੀ ਖ਼ਿਲਾਫ਼ ਜਿਹੜੇ ਪਹਿਲੂ ਖਿਲਾਫ ਰਹੇ ਓਹਨਾ ਵਿਚ ਮੁੱਖ ਮੰਤਰੀ ਦੇ ਪੁਰਾਣੇ ਬਿਆਨ ਅਤੇ ਮੌਜੂਦਾ ਜ਼ਮੀਨੀ ਹਕੀਕਤ, ਮੁੱਖ ਮੰਤਰੀ ਨਾਲ ਚਲਣ ਵਾਲੇ ਕਾਫਲੇ, ਸੁਰੱਖਿਆ ਦਸਤੇ, ਜਿਹੜੇ ਪਹਿਲੂ ਭਗਵੰਤ ਮਾਨ ਨੂੰ ਦੂਜੇ ਸਿਆਸਤਦਾਨਾਂ ਤੋ ਵੱਖ ਕਰਦੇ ਸਨ, ਹੁਣ ਓਹਨਾ ਸਿਆਸਦਾਨਾਂ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਹਾ ਲੈਣਾ ਆਮ ਲੋਕਾਂ ਦੀ ਨਜਰ ਵਿਚ ਨਰਾਜਗੀ ਦਾ ਕਾਰਨ ਬਣਿਆ। ਮੰਤਰੀਆਂ ਵਿਧਾਇਕਾਂ ਦਾ ਆਮ ਤੋ ਖਾਸ ਹੋ ਜਾਣਾ ਨਰਾਜਗੀ ਦਾ ਕਾਰਨ ਬਣਿਆ। ਜਿਹੜੇ ਕਾਰਨਾਂ ਕਰਕੇ ਲੋਕਾਂ ਨੇ ਆਪ ਨੂੰ ਮੌਕਾ ਦਿੱਤਾ ਓਹਨਾ ਮੁੱਦਿਆਂ ਤੇ ਆਪ ਵਿਧਾਇਕਾਂ ਦੀ ਕਰਨੀ ਅਤੇ ਕਹਿਣੀ ਵਿਚ ਪਏ ਫਰਕ ਨੇ ਵੋਟਰ ਨੂੰ ਦੂਰ ਕੀਤਾ। ਤਹਿਸੀਲਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਰਿਸ਼ਵਤ ਦਾ ਬੋਲਬਾਲਾ ਸਰਕਾਰ ਦੀ ਨਰਾਜਗੀ ਦਾ ਕਾਰਣ ਰਿਹਾ। ਨਸ਼ੇ ਦੇ ਮੁੱਦੇ ਉਤੇ ਸਰਕਾਰ ਫੇਲ ਸਾਬਿਤ ਹੋਈ ਅਤੇ ਆਟਾ ਦਾਲ ਸਕੀਮ ਤਹਿਤ ਕੱਟੇ ਗਏ ਨੀਲੇ ਕਾਰਡਾਂ ਨੇ ਸਰਕਾਰ ਨੂੰ ਲਾਲ ਕੀਤਾ। ਆਪ ਦਾ ਉਹ ਕੇਡਰ ਜਿਸ ਨੇ ਵਿਧਾਨ ਸਭਾ ਚੋਣਾਂ ਵਿੱਚ ਮਿਹਨਤ ਕੀਤੀ ਉਸ ਦਾ ਘਰ ਬੈਠ ਜਾਣਾ ਅਤੇ ਯੋਗ ਸਨਮਾਨ ਨਾ ਮਿਲਣਾ ਆਪ ਨੂੰ ਨਰਾਸ਼ ਕਰਦੇ ਮੁੱਦੇ ਨਜਰ ਆਏ ਜਿਸ ਨੇ ਆਪ ਨੂੰ ਡੋਬਣ ਲਈ ਕਾਹਲ ਦਿਖਾਈ।
ਹੜ ਮਾਰੀ ਦਾ ਮੁੱਦਾ ਅਤੇ ਸਿਰਫ ਗੱਲਾਂ ਨਾਲ ਲੋਕਾਂ ਨੂੰ ਭਰਮਾਉਣਾ ਇਸ ਨੇ ਸਰਕਾਰ ਨੂੰ ਸਿਆਸੀ ਜਮੀਨ ਵਿਖਾਈ। ਨੌਜਵਾਨਾਂ ਤੇ ਬਣੇ NSA ਵਰਗੇ ਕੇਸਾਂ ਨੇ ਮੁੱਖ ਮੰਤਰੀ ਪ੍ਰਤੀ ਨਰਾਜਗੀ ਜਾਹਿਰ ਕੀਤੀ। ਵਿਧਾਇਕਾਂ ਦੀ ਆਪੋ ਆਪਣੇ ਵਿਧਾਨ ਸਭਾ ਖੇਤਰ ਵਿਚ ਕਮਜੋਰ ਪਈ ਪਕੜ ਨੇ ਆਪ ਨੂੰ ਕਮਜੋਰ ਕੀਤਾ। ਜਿਸ ਦਾ ਪੇਂਡੂ ਖੇਤਰ ਵਿਚ ਕਾਂਗਰਸ ਨੂੰ ਲਾਹਾ ਮਿਲਿਆ। ਪੇਂਡੂ ਖੇਤਰ ਦੇ ਵੋਟਰਾਂ ਨੇ ਵੋਟਾਂ ਪਾਉਣ ਦਾ ਪੈਟਰਨ ਜਿੱਤਣ ਵਾਲੇ ਆਗੂ ਜਾਂ ਉਮੀਦਵਾਰ ਜਾਂ ਪਾਰਟੀ ਨੂੰ ਚੁਣਿਆ। ਜਿਸ ਦਾ ਸਿੱਧਾ ਫਾਇਦਾ ਕਾਂਗਰਸ ਦੇ ਹੱਥ ਲਗਾ। ਪੰਜਾਬ ਦੇ ਲੋਕ ਸੂਬੇ ਦੇ ਰਾਜੇ ਨੂੰ ਓਹਨਾ ਸਮਾਂ ਪਸੰਦ ਕਰਦੇ ਹਨ ਜਿਨਾ ਸਮਾਂ ਓਹ ਧਰਾਤਲ ਨਾਲ ਜੁੜੇ ਲੋਕਾਂ ਦੀ ਜ਼ਮੀਨੀ ਹਕੀਕਤ ਨੂੰ ਸਮਝੇ ਅਤੇ ਓਹਨਾ ਵਰਗਾ ਬਣਕੇ ਰਹੇ। ਜਿਹੜਾ ਨੁਕਸਾਨ ਸਿਆਸੀ ਧਰਾਤਲ ਨੂੰ ਨਾ ਸਮਝਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਆਪਣਾ ਕਰਵਾਇਆ ਇਸ ਤੋਂ ਵੱਧ ਨੁਕਸਾਨ ਮੁੱਖ ਮੰਤਰੀ ਭਗਵੰਤ ਮਾਨ ਕਰਵਾਉਂਦੇ ਹੋਏ ਨਜਰ ਆ ਰਹੇ ਹਨ। ਰਾਜੇ ਦੇ ਸਿਆਸੀ ਹੈਂਕੜ ਨੂੰ ਲੋਕ ਬਰਦਾਸ਼ਤ ਨਹੀਂ ਕਰਦੇ। ਜਿਸ ਸਿਆਸੀ ਹੈਕੜ ਨੇ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਤੋ ਦੂਰ ਕੀਤਾ ਉਸ ਰਸਤੇ ਤੇ ਚੱਲੇ ਭਗਵੰਤ ਮਾਨ ਖਿਲਾਫ ਨਰਾਜਗੀ ਨਜਰ ਆਈ।
ਕਾਂਗਰਸ ਪੇਂਡੂ ਖੇਤਰ ਵਿਚ ਜੱਟ ਸਿੱਖ ਵੋਟ ਹਥਿਆਉਣ ਵਿੱਚ ਕਾਮਯਾਬ ਦਿਖਾਈ। ਇਸ ਤੋਂ ਇਲਾਵਾ ਦਲਿਤ ਵੋਟ ਵੀ ਕਾਗਰਸ ਦੇ ਨੇੜੇ ਦਿਖਾਈ ਦਿੱਤੀ।
ਅਕਾਲੀ ਦਲ ਲਈ ਪੰਜ ਲੋਕ ਸਭਾ ਹਲਕੇ ਆਸ ਤੋ ਵੱਧ ਉਮੀਦ ਬਣੇ ਦਿਖਾਈ ਦਿੱਤੇ। ਪਟਿਆਲਾ, ਬਠਿੰਡਾ, ਸ੍ਰੀ ਆਨੰਦਪੁਰਾ ਸਾਹਿਬ, ਫਿਰੋਜਪੁਰ ਅਤੇ ਅੰਮ੍ਰਿਤਸਰ ਵਿਚ ਅਕਾਲੀ ਦਲ ਸਨਮਾਨਜਨਕ ਵੋਟ ਲੈਕੇ ਜਾਣ ਵਿਚ ਕਾਮਯਾਬ ਦਿਖਾਈ ਦੇ ਰਿਹਾ ਹੈ। ਬਠਿੰਡਾ ਸੀਟ ਜਿਹੜੀ ਥੋੜੀ ਜਿਹੀ ਕਮਜੋਰ ਨਜਰ ਆ ਰਹੀ ਸੀ ਉਥੇ ਦਲਿਤ ਭਾਈਚਾਰੇ ਅਤੇ ਆਟੇ ਦਾਲ ਸਕੀਮ ਨੇ ਬਾਦਲ ਪਰਿਵਾਰ ਦਾ ਸਿਆਸੀ ਚੁੱਲ੍ਹਾ ਤਪਦਾ ਰੱਖਿਆ। ਆਟੇ ਦਾਲ ਵਰਗੀ ਲੋਕ ਭਲਾਈ ਸਕੀਮ ਤੇ ਅਕਾਲੀ ਦਲ ਤਕੜਾ ਨਜਰ ਆਇਆ। ਜਹਾਨ ਤੋਂ ਰੁਖਸਤ ਹੋਏ ਬਾਦਲ ਸਾਹਿਬ ਨੇ ਬਾਦਲ ਪਰਿਵਾਰ ਦੇ ਧਰਤੀ ਉਤੇ ਸਿਆਸੀ ਪੈਰ ਲਗਾਉਣ ਵਿਚ ਮਦੱਦ ਕੀਤੀ।
ਇਸ ਵੇਲੇ ਕਾਗਰਸ ਜਲੰਧਰ, ਲੁਧਿਆਣਾ ,ਗੁਰਦਾਸਪੁਰ ਲਗਭਗ ਜਿੱਤਦੀ ਨਜਰ ਆ ਰਹੀ ਹੈ ਤਾਂ ਹੁਸ਼ਿਆਰਪੁਰ ਤੇ ਸ੍ਰੀ ਫਤਿਹਗੜ ਸਾਹਿਬ ਵਿਚ ਆਪ ਭਾਰੂ ਨਜਰ ਆ ਰਹੀ ਹੈ। ਅੰਮ੍ਰਤਿਸਰ ਵਿਚ ਕਾਂਗਰਸ ਦਾ ਪਲੜਾ ਭਾਰੀ ਹੈ ਤਾਂ ਪਟਿਆਲਾ ਵਿਚ ਅਕਾਲੀ ਦਲ ਨੇ ਕਾਗਰਸ ਦੇ ਸਾਹ ਸੂਤੇ ਹੋਏ ਹਨ। ਏਸੇ ਤਰੀਕੇ ਫਿਰੋਜਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਨੇ ਸਿਆਸੀ ਉਥਲ ਪੁਥਲ ਦੀ ਨੀਂਹ ਰੱਖੀ ਹੈ। ਫਰੀਦਕੋਟ ਅਤੇ ਖਡੂਰ ਸਾਹਿਬ ਤੇ ਪੰਥਕ ਲਹਿਰ ਨੇ ਸ਼ਹਿਰੀ ਖੇਤਰ ਵਿਚ ਬੀਜੇਪੀ ਦਾ ਵੋਟ ਬੈਂਕ ਵਧਾਇਆ ਤਾਂ ਦੋਹੇ ਸੀਟਾਂ ਤੇ ਆਪਣੇ ਵੱਲ ਧਿਆਨ ਖਿੱਚਿਆ। ਸੰਗਰੂਰ ਸੀਟ ਉਤੇ ਗੁਰਮੀਤ ਸਿੰਘ ਮੀਤ ਹੇਅਰ ਲਈ ਸੁਖਪਾਲ ਸਿੰਘ ਖਹਿਰਾ ਰਸਤਾ ਔਖਾ ਕਰਦੇ ਨਜਰ ਆ ਰਹੇ ਹਨ ਜਦਕਿ ਸਿਮਰਨਜੀਤ ਸਿੰਘ ਮਾਨ ਦੀ ਸਿਆਸੀ ਚਮਕ ਜਾਰੀ ਹੈ।
Raman Sharma 83769-76534