ਚੰਡੀਗੜ੍ਹ, 23 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖਨੌਰੀ ਮੋਰਚੇ ਵਿਖੇ ਪਿਛਲੇ 27 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ 70 ਸਾਲਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਸਮੂਹਿਕ ਯਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਆਪਣੇ ਹਉਮੈ ਤਿਆਗ ਕੇ ਮਰਨ ਵਰਤ ਖਤਮ ਕਰਵਾਉਣ ਲਈ ਪਹਿਲਾਂ ਸੰਜੀਦਾ ਯਤਨ ਕਰਨੇ ਚਾਹੀਦੇ ਹਨ |
ਡੱਲੇਵਾਲ ਬਾਰੇ ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕਿਸੇ ਵਿਅਕਤੀ ਦੇ ਮਰਨ ਵਰਤ ਦਾ ਸਿਧਾ ਨੋਟਿਸ ਲੈਂਦਿਆਂ ਗੱਲ ਕਰਨ ਦੀ ਪੇਸ਼ਕਸ਼ ਕੀਤੀ ਹੈ | ਉਨਾਂ ਕਿਹਾ ਕਿ ਹੁਣ ਬਿਹਤਰ ਹੋਵੇਗਾ ਕਿ ਉਹ ਆਪਣੀਆਂ ਮੰਗਾਂ ਸੁਪਰੀਮ ਕੋਰਟ ਦੇ ਸਾਹਮਣੇ ਰੱਖਣ | ਅਜਿਹਾ ਨਹੀਂ ਹੈ ਕਿ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ |
ਡੱਲੇਵਾਲ ਦੇ ਸਮਰਥਨ ਵਿੱਚ ਮੋਮਬੱਤੀ ਮਾਰਚ ਦੇ ਸੱਦੇ ‘ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਕਈ ਕਿਸਾਨ ਆਗੂ ਇਹ ਦਲੀਲ ਦੇ ਕੇ ਕਿਨਾਰਾ ਕੀਤੀ ਬੈਠੇ ਹਨ ਕਿ ਉਨ੍ਹਾਂ ਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਇਹ ਮੰਗ ਪੂਰੀ ਹੋ ਗਈ ਹੈ | ਮਤਭੇਦਾਂ ਕਾਰਨ ਸਾਰੇ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣ ਲਈ ਤਿਆਰ ਨਹੀਂ ਹੈ | ਲੱਗਦਾ ਹੈ ਕਿ ਪਿਛਲੇ 10 ਦਿਨਾਂ ਤੋਂ ਸ੍ਰੀ ਡੱਲੇਵਾਲ ਦਾ ਹਾਲ-ਚਾਲ ਪੁੱਛਣ ਜਾ ਰਹੇ ਆਗੂ ਸਿਆਸੀ ਨਜਰੀਏ ਨਾਲ ਅਜਿਹਾ ਕਰ ਰਹੇ ਹਨ ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਉਸ ਦੀ ਸਮੱਸਿਆ ਦੇ ਹੱਲ ਲਈ ਅੱਗੇ ਆਉਣ ਲਈ ਤਿਆਰ ਹਾਂ | ਜੇਕਰ ਸ੍ਰੀ ਡੱਲੇਵਾਲ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਉਨ੍ਹਾਂ ਦਾ ਬਾਕੀ ਦੀ ਜ਼ਿੰਦਗੀ ਆਰਾਮ ਨਾਲ ਬਤੀਤ ਕਰਨਾ ਅÏਖਾ ਹੋ ਜਾਵੇਗਾ | ਹਰ ਕਿਸੇ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਨਾ ਕਿ ਆਪਣੀ ਸਿਆਸੀ ਲਾਹੇ ਲਈ ਫੋਟੋ ਕਲਿੱਕ ਕਰਵਾਉਣ ਬਾਰੇ |
ਜਾਖੜ ਨੇ ਕਿਹਾ ਕਿ ਪਹਿਲਾਂ ਇੰਟੈਲੀਜੈਂਸ ਬਿਊਰੋ ਦੇ ਦਫ਼ਤਰ ‘ਤੇ ਬੰਬ ਸੁੱਟਿਆ ਗਿਆ, ਉਸ ਤੋਂ ਬਾਅਦ ਥਾਣਿਆਂ ‘ਤੇ ਹੈਂਡ ਗ੍ਰਨੇਡ ਜਾਂ ਬੰਬ ਸੁੱਟਣ ਦੀਆਂ 9 ਘਟਨਾਵਾਂ ਸਾਹਮਣੇ ਆਈਆਂ ਹਨ | ਇਸ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਵਿਨਾਸ਼ਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਬੇਤਾਬ ਹੈ | ਨੌਜਵਾਨਾਂ ਵਿੱਚ ਬੇਰੁਜ਼ਗਾਰੀ ਅਤੇ ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਲਾਲਸਾ ਉਨ੍ਹਾਂ ਨੂੰ ਕੁਰਾਹੇ ਪਾ ਸਕਦੀ ਹੈ | ਇਸ ਸਥਿਤੀ ਨੂੰ ਤੁਰੰਤ ਰੋਕਣ ਦੀ ਲੋੜ ਹੈ ਕਿਉਂਕਿ ਪੰਜਾਬ ਪਹਿਲਾਂ ਵੀ ਅੱਤਵਾਦ ਦਾ ਸੰਤਾਪ ਭੋਗ ਚੁੱਕਾ ਹੈ |
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ-ਆਪ ਨੂੰ ਕਿਸਾਨਾਂ ਦਾ ਵਕੀਲ ਅਖਵਾਉਂਦੇ ਸਨ ਪਰ ਹੁਣ ਉਹ ਇਸ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਉਹ ਆਸਟਰੇਲੀਆ ਜਾਣ ਦੀ ਤਿਆਰੀ ਕਰ ਰਹੇ ਹਨ | ਯਾਦ ਆਉਂਦਾ ਹੈ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ | ਮਾਨ ਸਾਹਬ ਬਾਰੇ ਵੀ ਕੁਝ ਅਜਿਹਾ ਹੀ ਕਿਹਾ ਜਾ ਸਕਦਾ ਹੈ ਕਿ ਇੱਥੇ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਪਰ ਮੁੱਖ ਮੰਤਰੀ ਵਿਦੇਸ਼ ਜਾਣ ਨੂੰ ਲੈ ਕੇ ਬੇਤਾਬ ਹਨ | ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ | ਉਹ ਨਾ ਤਾਂ ਸੂਬੇ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਕਿਸਾਨਾਂ ਦੇ ਹਿੱਤ ਵਿੱਚ ਹੈ | ਬਾਕੀ ਸਭ ਕੁਝ ਛੱਡ ਕੇ ਨੇਕ ਇਰਾਦੇ ਨਾਲ ਸ੍ਰੀ ਡੱਲੇਵਾਲ ਦਾ ਮਰਨ ਵਰਤ ਖਤਮ ਕਰਨ ਲਈ ਸਾਰੀਆਂ ਨੂੰ ਮਿਲ ਕੇ ਗੰਭੀਰ ਯਤਨ ਕਰਨੇ ਚਾਹੀਦੇ ਹਨ |