ਸੱਤ ਦਹਾਕਿਆਂ ਤੋਂ ਇਕੱਠੀ ਵੋਟ ਪਾਉਣ ਵਾਲੇ ਬਜ਼ੁਰਗ ਭਰਾਵਾਂ ਨੇ ਕੀ ਦਿੱਤੀ ਨੇਤਾਵਾਂ ਨੂੰ ਸਲਾਹ !

ਕਲਾਨੌਰ 1 ਜੂਨ (ਖ਼ਬਰ ਖਾਸ ਬਿਊਰੋ)

ਵੋਟ ਵਿਅਕਤੀ ਦਾ ਅਧਿਕਾਰ ਹੈ ਅਤੇ ਵੋਟ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਕਾਨੂੰਨ ਮੁਤਾਬਿਕ ਕੋਈ ਵਿਅਕਤੀ ਕਿਸੇ ਨੂੰ ਵੋਟ ਪਾਉਣ ਬਾਰੇ ਪੁੱਛ ਨਹੀਂ ਸਕਦਾ ਅਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵੋਟ ਪਾਉਣ ਲਈ ਦਬਾਅ ਬਣਾ ਸਕਦਾ ਹੈ। ਅੱਜ ਜਦੋਂ ਪਰਿਵਾਰ ਵਿਚ ਹਰ ਕੋਈ ਆਪਣੀ ਪਸੰਦ ਅਤੇ ਮਰਜ਼ੀ ਨਾਲ ਵੋਟ ਪਾਉਂਦਾ ਹੈ ਤਾਂ ਵੰਡ ਦਾ ਦਰਦ ਹੰਡਾ  ਚੁੱਕੇ ਦੋ ਸਗੇ ਭਰਾ ਪਿਛਲੇ ਦਹਾਕਿਆਂ ਤੋਂ ਇਕ ਸੁਰ, ਇਕ  ਸਲਾਹ ਨਾਲ ਵੋਟ ਪਾਉਂਦੇ ਹਨ।

ਉਜਾੜੇ ਦਾ ਅੱਖੀ ਹਾਲ ਦੇਖਣ ਵਾਲੇ ਸਕੇ ਭਰਾ ਸੂਰਤਾ ਸਿੰਘ (95) ਅਤੇ ਜੋਗਿੰਦਰ ਸਿੰਘ (86) ਨਿਵਾਸੀ ਕਲਾਨੌਰ ਨੇ ਵੋਟ ਪਾਉਣ ਉਪਰੰਤ ਦੱਸਿਆ ਕਿ ਪਿਛਲੇ ਸੱਤ ਦਹਾਕਿਆਂ ਤੋਂ ਸਲਾਹ ਮਸ਼ਵਰਾ ਕਰਕੇ ਵੋਟ ਪਾਉਂਦੇ ਹਨ। ਉਨਾਂ ਦੱਸਿਆ ਕਿ ਉਹਨਾਂ ਦਾ ਜਨਮ ਪਿਤਾ ਗੰਡਾ ਸਿੰਘ ਤੇ ਮਾਤਾ ਰਵੇਲ ਕੌਰ ਦੀ ਕੁੱਖੋਂ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਚੰਦੂ ਕੇ (ਪਾਕਿਸਤਾਨ) ਵਿਖੇ ਭਾਰਤ ਪਾਕਿਸਤਾਨ ਵੰਡ  ਤੋਂ ਪਹਿਲਾਂ ਹੋਇਆ ਸੀ।ਰਾਜਨੀਤੀ ਦੀ ਸੂਝ -ਬੂਝ ਰੱਖਣ ਵਾਲੇ ਸੂਰਤਾ ਸਿੰਘ ਦੱਸਦੇ ਹਨ ਕਿ ਉਹ ਸੱਤ ਦਹਾਕਿਆਂ ਤੋਂ ਅਤੇ ਜੋਗਿੰਦਰ ਸਿੰਘ ਪਿਛਲੇ ਛੇ ਦਹਾਕਿਆਂ ਤੋ ਵੋਟਾਂ ਪਾ ਰਹੇ ਹਨ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਪੁਰਾਣੇ ਤੇ ਹੁਣ ਦੇ ਲੀਡਰਾਂ ਵਿਚ ਕੀ ਹੈ ਅੰਤਰ 

ਹੁਣ ਅਤੇ ਅਤੀਤ ਦੇ ਆਗੂਆਂ ਬਾਰੇ ਉਹਨਾਂ ਦੱਸਿਆ ਕਿ ਪਹਿਲਾਂ ਵਾਲੇ ਨੇਤਾਵਾਂ ਅਤੇ ਵੋਟਰਾਂ ਵਿਚ ਇਤਫਾਕ ਸੀ। ਅਤੀਤ ਵਿਚ ਲੀਡਰ  ਵੋਟਰ ਦੀ ਕਦਰ ਕਰਦਾ ਸੀ ਅਤੇ ਵੋਟਰ ਵੀ ਆਪਣੇ ਆਗੂ ਦੀ ਕਦਰ ਕਰਦਾ ਸੀ। ਅਜੋਕੇ ਸਮੇਂ ਵਿੱਚ ਰਾਜਨੀਤਿਕ ਲੀਡਰਾਂ ਵੱਲੋਂ ਵੋਟਰ ਦੀ ਬੇਕਦਰੀ ਕੀਤੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਤੋ ਰਾਜਸੀ ਲੋਕਾਂ ਵਿਚ ਵੱਡੀ ਗਿਰਾਵਟ ਦੇਖਣ ਨੁੂੰ ਮਿਲ ਰਹੀ ਹੈ ਪਹਿਲਾਂ ਆਗੂ ਲੋਕ ਸੇਵਾ ਨੂੰ ਸਮਰਪਿਤ ਹੁੰਦੇ ਸਨ, ਪਰ ਹੁਣ ਦੇ ਸਿਆਸੀ ਆਗੂ ਆਪਣੇ ਨਿੱਜੀ ਸਵਾਰਥਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਵੋਟਾਂ ਲੈ ਕੇ ਤਾਕਤ ਪ੍ਰਾਪਤ ਕਰਨ ਵਾਲੇ ਲੀਡਰਾਂ ਨੂੰ ਆਪੋ ਧਾਪੀ ਪਈ ਹੋਈ ਹੈ ਅਤੇ ਵੋਟਰਾਂ ਦੀ  ਪੁੱਛ ਪ੍ਰਤੀਤ ਸਿਰਫ਼ ਵੋਟਾਂ ਤੱਕ ਹੀ ਹੈ। ਸਿਆਸਤਦਾਨਾਂ ਦੇ ਨਾਲ ਨਾਲ ਉਹ ਵੋਟਰਾਂ ਉਤੇ ਵੀ ਹਰਖ਼ ਕਰਦੇ ਹਨ। ਉਹਨਾਂ ਦਾ ਕਹਿਣਾ ਹੈ  ਕਿ ਸਿਆਸਤਦਾਨਾਂ ਨੂੰ ਦੇਖਕੇ ਵੋਟਰ ਵੀ ਪੂਰਾ ਚਲਾਕ ਹੋ ਚੁੱਕਾ ਹੈ, ਵੋਟਰਾਂ ਉਤੇ ਵੀ ਸਿਆਸਤਦਾਨਾਂ ਵਾਲਾ ਰੰਗ ਚੜ ਗਿਆ ਹੈ। ਪਿਛਲਿਆਂ ਸਮਿਆਂ ਵਿਚ ਵੋਟਰ ਆਪਣੀ ਪਾਰਟੀ ਜਾਂ ਉਮੀਦਵਾਰ ਨਾਲ ਵੋਟ ਪਾਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਖੜਾ ਹੋ ਜਾਂਦਾ ਸੀ, ਜਿਸ ਨਾਲ ਸਪਸ਼ਟ ਹੰਦਾ ਸੀ ਕਿ ਪਿੰਡ ਵਿਚ ਕੋਣ ਕਿਸ ਨਾਲ ਹੈ, ਪਰ ਹੁਣ ਵੋਟਰ ਵੋਟ ਪਾਉਣ ਬਾਰੇ ਮੂੰਹ ਨਹੀਂ ਖੋਲਦਾ। ਭਾਵੇ ਕਿ ਵੋਟ ਗੁਪਤ ਹੁੰਦੀ ਹੈ, ਕਿਸੇ ਨੂੰ ਦੱਸਣਾ ਵੀ ਨਹੀਂ ਚਾਹੀਦਾ ਪਰ ਮੌਜੂਦਾ ਸਮੇਂ ਵੋਟਰ ਚਾਰੇ ਪਾਸੇ ਫਿਰੀ ਜਾਂਦਾ ਹੈ। ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਬਜ਼ੁਰਗਾਂ ਨੇ ਸਿਆਸੀ ਆਗੂਆਂ ਨੂੰ  ਲੋਕ ਸੇਵਾ ਨੂੰ ਸਮਰਪਿਤ ਹੋਣ ਦੀ ਨਸੀਹਤ ਦਿੰਦਿਆ ਕਿਹਾ ਕਿ ਜੇਕਰ ਉਹ ਲੋਕ ਸੇਵਾ ਨੂੰ ਸਮਰਪਿਤ ਹੋਣਗੇ ਤਾਂ ਲੋਕ ਵੀ ਖੁੱਲ ਦਿਲੀ ਨਾਲ ਉਹਨਾਂ ਨਾਲ ਲੱਗਣਗੇ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

 

Leave a Reply

Your email address will not be published. Required fields are marked *