ਚੰਡੀਗੜ 1 ਜੂਨ ( ਖ਼ਬਰ ਖਾਸ ਬਿਊਰੋ)
ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਸ਼ਨੀਵਾਰ ਨੂੰ ਚੋਣ ਪ੍ਰਕਿਰਿਆ ਪੂਰੀ ਹੋ ਗਈ। ਰਾਜ ਵਿੱਚ ਕੁੱਲ 55.65 (ਸ਼ਾਮ 5 ਵਜੇ ਤੱਕ) ਵੋਟਿੰਗ ਹੋਈ। ਹਾਲਾਂਕਿ ਰਾਜ ਚੋਣ ਕਮਿਸ਼ਨ ਵੱਲੋਂ 70 ਦਾ ਟੀਚਾ ਮਿੱਥਿਆ ਗਿਆ ਸੀ, ਜੋ ਪੂਰਾ ਨਹੀਂ ਹੋ ਸਕਿਆ। ਕੜਾਕੇ ਦੀ ਗਰਮੀ ਦੇ ਬਾਵਜੂਦ ਵੋਟਰਾਂ ਨੇ ਵੋਟਾਂ ਪਾਉਣ ਵਿੱਚ ਭਾਰੀ ਉਤਸ਼ਾਹ ਦਿਖਾਇਆ। ਵੋਟਿੰਗ ਦੌਰਾਨ ਕਈ ਥਾਵਾਂ ਉਤੇ ਲੜਾਈ ਝਗੜਾ, ਹੱਥੋਪਾਈ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ, ਪਰ ਕੁੱਲ ਮਿਲਾਕੇ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਬੀਤੇ ਕੱਲ ਰਾਤ ਅਜਨਾਲਾ ਵਿਖੇ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਆਮ ਆਦਮੀ ਪਾਰਟੀ, ਕਾਂਗਰਸ, ਬਹੁਜਨ ਸਮਾਜ ਪਾਰਟੀ (ਬਸਪਾ), ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਮਰਥਕ ਆਪਸ ਵਿਚ ਭਿੜ ਗਏ। ਫ਼ਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੰਬੋਜ ਨੇ ਆਪਣੀ ਵੋਟ ਪਾਉਣ ਸਮੇਂ ਇੱਕ ਵੀਡੀਓ ਬਣਾਈ ਜੋ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਈ, ਇਸ ‘ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ।
ਕਿੱਥੇ ਕਿੱਥੇ ਕੀ ਹੋਇਆ
ਜਲੰਧਰ ‘ਚ ਕਾਂਗਰਸੀ ਪੋਲਿੰਗ ਏਜੰਟ ਦੀ ਕੁੱਟਮਾਰ ਕੀਤੀ ਗਈ। ਦੋਸ਼ ਹੈ ਕਿ ‘ਆਪ’ ਵਰਕਰਾਂ ਨੇ ਉਸ ਦੇ ਸਿਰ ‘ਤੇ ਡੰਡੇ ਨਾਲ ਵਾਰ ਕੀਤਾ। ਜਿੱਥੇ ਕਾਂਗਰਸ ਤੇ ਭਾਜਪਾ ਆਗੂਆਂ ਵਿਚਾਲੇ ਹੱਥੋਪਾਈ ਹੋਈ। ਲੁਧਿਆਣਾ ‘ਚ ਪੋਲਿੰਗ ਬੂਥ ‘ਤੇ ਹੰਗਾਮਾ ਹੋਇਆ। ਜਿੱਥੇ ਕਾਂਗਰਸੀ ਪੋਲਿੰਗ ਏਜੰਟ ਨੇ ਦੋਸ਼ ਲਾਇਆ ਕਿ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਆਪਣੇ ਸਮਰਥਕਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਤੋਂ ਬਾਅਦ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ‘ਤੇ ਜਾ ਕੇ ਪਰਾਸ਼ਰ ਦੇ ਘਰ ਗਏ। ਕਪੂਰਥਲਾ ‘ਚ ਲਾਪਰਵਾਹੀ ਕਾਰਨ ਇਕ ਬਜ਼ੁਰਗ ਆਪਣੀ ਵੋਟ ਨਹੀਂ ਪਾ ਸਕਿਆ।ਜਦਕਿ ਲੁਧਿਆਣਾ ‘ਚ ਇਕ ਵਿਅਕਤੀ ਨੇ ਆਪਣੀ ਵੋਟ ਪਾਉਣ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਅਪਲੋਡ ਕਰ ਦਿੱਤੀ ਹੈ। ਇਸ ’ਤੇ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਸੀ ਲੁਧਿਆਣਾ ਨੇ ਟਵਿੱਟਰ ‘ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਜਲੰਧਰ ਦੇ ਪੱਛਮੀ ਹਲਕੇ ‘ਚ ਕਾਂਗਰਸ ਅਤੇ ਭਾਜਪਾ ਵਰਕਰਾਂ ‘ਚ ਹੱਥੋਪਾਈ ਹੋ ਗਈ।
ਫਰੀਦਕੋਟ ‘ਚ ਪੋਲਿੰਗ ਬੂਥ ‘ਤੇ ਮਹਿਲਾ ਬੀਐੱਲਓ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪ੍ਰੋਜਾਇੰਗ ਅਫਸਰ ਗੁਰਚਰਨ ਸਿੰਘ ਹੁਸ਼ਿਆਰਪੁਰ ਵਿੱਚ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਹੁਸਿ਼ਆਰਪੁਰ ਦੇ ਹਰਿਆਣਾ ਤੋਂ ਵਿਖੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ ਤੇ ਦੇਖਦੇ ਹੀ ਦੇਖਦੇ ਇਹ ਲੜਾਈ ਖੂਨੀ ਰੂਪ ਧਾਰਨ ਕਰ ਗਈ ਜਿਸ ਵਿੱਚ ਕਾਂਗਰਸ ਦਾ ਇਕ ਵਰਕਰ ਵੀ ਗੰਭੀਰ ਜ਼ਖਮੀ ਹੋਇਆ ਹੈ ਜਿਸਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਭੂੰਗਾ ਵਿਖੇ ਲਿਜਾਇਆ ਗਿਆ ਜਿੱਥੋਂ ਕਿ ਡਾਕਟਰਾਂ ਵਲੋਂ ਉਸਨੂੰ ਹੁਸਿ਼ਆਰਪੁਰ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਜ਼ਖਮੀ ਹੋਏ ਵਿਅਕਤੀ ਦੀ ਪਹਿਚਾਣ ਹਿਮਾਂਸ਼ੂ ਕੌਸ਼ਲ ਪੁੱਤਰ ਪ੍ਰਵੀਨ ਕੋਸ਼ਲ ਵਜੋਂ ਹੋਈ ਹੈ ਜੋ ਕਿ ਹਰਿਆਣਾ ਦੇ ਹੀ ਰਹਿਣ ਵਾਲਾ ਹੈ। ਘਟਨਾ ਤੋਂ ਤੁਰੰਤ ਬਾਅਦ ਸਰਕਾਰੀ ਹਸਪਤਾਲ ਚ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਵੀ ਮੌਕੇ ਤੇ ਪਹੁੰਚ ਗਈ ਤੇ ਇਸ ਘਟਨਾ ਨੂੰ ਆਮ ਆਦਮੀ ਪਾਰਟੀ ਦੀ ਸ਼ਰੇਆਮ ਗੁੰਡਾਗਰਦੀ ਦੱਸਿਆ। ਜ਼ਖਮੀ ਹੋਏ ਵਿਅਕਤੀ ਹਿਮਾਂਸ਼ੂ ਦਾ ਕਹਿਣਾ ਹੈ ਕਿ ਉਹ ਅੱਜ ਕਾਂਗਰਸ ਦੇ ਬੂਥ ਤੇ ਮੌਜੂਦ ਸੀ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਬੂਥ ਤੇ ਮੌਜੂਦ ਸੰਜੀਵ ਕਪਿਲਾ ਉਰਫ ਮਿੱਠੂ ਜਿਸਦੀ ਘਰਵਾਲੀ ਕੌਂਸਲਰ ਹੈ ਤੇ ਭਰਾ ਨਗਰ ਕੌਂਸਲ ਦਾ ਪ੍ਰਧਾਨ ਹੈ ਵਲੋਂ ਉਸਨੂੰ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਫਿਰ ਇਸ ਦੌਰਾਨ ਉਸਦੇ ਪੁੱਤਰ ਵਲੋਂ ਅੱਖਾਂ ਦਾ ਸਪਰੇਅ ਪਾ ਕੇ ਉਸਦੇ ਡਾਟ ਮਾਰੇ ਤੇ ਹੋਰ ਵੀ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਲਹੂ ਲੁਹਾਨ ਹੋ ਗਿਆ। ਹਿਮਾਂਸ਼ੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਰਾਣੀ ਰੰਜਿਸ਼ ਹੈ ਤੇ ਇਸੇ ਕਾਰਨ ਹੀ ਸੰਜੀਵ ਕਪਿਲਾ ਅਤੇ ਉਸਦੇ ਪੁੱਤ ਵਲੋਂ ਉਸ ਉਪਰ ਹਮਲਾ ਕੀਤਾ ਗਿਆ ਹੈ। ਦੂਜੇ ਪਾਸੇ ਸੰਜੀਵ ਕਪਿਲਾ ਦਾ ਕਹਿਣਾ ਹੈ ਕਿ ਹਿਮਾਂਸ਼ੂ ਅਕਸਰ ਮੁਹੱਲੇ ਚ ਗੁੰਡਾਗਰਦੀ ਕਰਦਾ ਹੈ ਤੇ ਇਸ ਤੇ ਪਹਿਲਾਂ ਵੀ ਕਈ ਵਾਰ ਥਾਣੇ ਚ ਸਿ਼ਕਾਇਤਾਂ ਦਿੱਤੀਆਂ ਹੋਈਆਂ ਹਨ ਪਰੰਤੂ ਪੁਲਿਸ ਇਸ ਉਪਰ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਵੀ ਹਿਮਾਂਸ਼ੂ ਵਲੋਂ ਪਹਿਲਾਂ ਉਸਨੂੰ ਗਾਲ੍ਹਾਂ ਕੱਢੀਆਂ ਗਈਆਂ ਜਿਸ ਕਾਰਨ ਦੋਵੇਂ ਧਿਰਾਂ ਹਥੋਪਾਈ ਹੋਈਆਂ।
ਫਰੀਦਕੋਟ : ਲੋਕ ਸਭਾ ਹਲਕਾ ਫਰੀਦਕੋਟ ਤੋਂ ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਖਿਲਾਫ ਵੋਟਿੰਗ ਦੌਰਾਨ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਅਪਲੋਡ ਕਰਨ ਨੂੰ ਲੈ ਕੇ ਕੇਸ ਦਰਜ਼ ਕੀਤਾ ਗਿਆ ਹੈ। ਬਸਪਾ ਉਮੀਦਵਾਰ ਵੱਲੋਂ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ। ਜਿਸ ਵਿੱਚ ਉਹ ਆਪਣੀ ਵੋਟ ਪਾ ਰਹੇ ਹਨ। ਗੁਰਬਖਸ਼ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਜਦੋਂ ਉਹ ਵੋਟ ਪਾਉਣ ਗਏ ਤਾਂ ਉਸ ਸਮੇਂ ਕੋਈ ਲਾਈਟ ਨਹੀਂ ਸੀ। ਜਿਸ ਕਾਰਨ ਉਸ ਨੇ ਆਪਣੀ ਵੋਟ ਪਾਉਣ ਦੀ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਈਵੀਐਮ ਫੇਲ੍ਹ ਹੋਣ ਕਾਰਨ ਵੋਟਿੰਗ ਪ੍ਰਭਾਵਿਤ ਹੋਈ
ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਖ਼ਰਾਬੀ ਕਾਰਨ ਵੋਟਾਂ ਪੈਣ ਵਿੱਚ ਦੇਰੀ ਹੋਈ। ਰਾਜ ਚੋਣ ਕਮਿਸ਼ਨ ਅਨੁਸਾਰ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਕਈ ਥਾਵਾਂ ‘ਤੇ ਹੋਰ ਲੋਕਾਂ ਨੇ ਆਪਣੀਆਂ ਵੋਟਾਂ ਪਾਈਆਂ ਹਨ।
ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਂਤਮਈ ਚੋਣ ਅਮਲ ਨੇਪਰੇ ਚਾੜ੍ਹਨ ਲਈ ਵੋਟਰਾਂ ਦਾ ਧੰਨਵਾਦ
ਚੰਡੀਗੜ੍ਹ, 1 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟ ਦੇ ਜਮਹੂਰੀ ਹੱਕ ਦੀ ਵਰਤੋਂ ਲਈ ਚੋਣਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਸੂਬੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਬਾਵਜੂਦ ਵੋਟਰਾਂ ਵੱਲੋਂ ਵੋਟਿੰਗ ਪ੍ਰਕਿਰਿਆ ‘ਚ ਦਿਖਾਇਆ ਗਿਆ ਉਤਸ਼ਾਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਚੋਣ ਪ੍ਰਕਿਰਿਆ ‘ਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਵੱਲੋਂ ਉਨ੍ਹਾਂ ਵਿੱਚ ਜਤਾਏ ਗਏ ਭਰੋਸੇ ਦਾ ਮਾਣ ਰੱਖਿਆ ਹੈ।ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਚੋਣ ਪ੍ਰਕਿਰਿਆ ਵਿੱਚ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਚੋਣ ਅਫ਼ਸਰਾਂ-ਕਮ-ਡਿਪਟੀ ਕਮਿਸ਼ਨਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਚੋਣ ਪ੍ਰਕਿਰਿਆ ਦੇ ਸੁਚਾਰੂ ਪ੍ਰਬੰਧਨ ਅਤੇ ਨਿਗਰਾਨੀ ਨੂੰ ਯਕਨੀ ਬਣਾਇਆ। ਸਿਬਿਨ ਸੀ ਨੇ ਪੋਲਿੰਗ ਸਟੇਸ਼ਨਾਂ ‘ਤੇ ਉਸਾਰੂ ਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰਾਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਪੰਜਾਬ ਪੁਲਿਸ ਦੇ ਸਮੂਹ ਕਰਮਚਾਰੀਆਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਦਾ ਵੀ ਧੰਨਵਾਦ ਕੀਤਾ, ਜੋ ਚੋਣਾਂ ਦੇ ਐਲਾਨ ਤੋਂ ਲੈ ਕੇ ਵੋਟਿੰਗ ਵਾਲੇ ਦਿਨ ਤੱਕ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਵਧੇਰੇ ਮਹੱਤਵਪੂਰਨ ਸੀ।
ਸਿਬਿਨ ਸੀ ਨੇ ਪੋਲਿੰਗ ਅਫ਼ਸਰਾਂ, ਵਲੰਟੀਅਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਸਮੇਤ ਸਮੁੱਚੇ ਚੋਣ ਅਮਲੇ ਦੀ ਮਿਹਨਤ, ਵਚਨਬੱਧਤਾ ਅਤੇ ਸਮਰਪਣ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਦੌਰਾਨ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਸਦਕਾ ਸਮੁੱਚੀ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਢੰਗ ਨਾਲ ਮੁਕੰਮਲ ਹੋ ਗਈ ਹੈ।
ਮੁੱਖ ਚੋਣ ਅਧਿਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਭਾਈਵਾਲਾਂ ਨੇ ਲੋਕਤੰਤਰ ਦੀ ਅਸਲ ਭਾਵਨਾ ਦਿਖਾਉਂਦਿਆਂ ਚੋਣ ਪ੍ਰਕਿਰਿਆ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਵਧ-ਚੜ੍ਹ ਕੇ ਸਹਿਯੋਗ ਦਿੱਤਾ ਅਤੇ ਸਮੁੱਚੇ ਚੋਣ ਅਮਲ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ।
ਕਦੋਂ ਕਿੰਨੀਆਂ ਵੋਟਾਂ ਪਈਆਂ ਸਨ–