ਚੰਡੀਗੜ੍ਹ 25 ਦਸੰਬਰ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਵਫ਼ਦ ਨੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵਲੋਂ ਸ਼ੁਰੂ ਕੀਤੇ ਮਰਨ ਵਰਤ ਦੇ 30ਵੇਂ ਦਿਨ ਬੁਧਵਾਰ ਨੂੰ ਖਨੌਰੀ ਵਿਖੇ ਡੱਲੇਵਾਲ ਨਾਲ ਮੁਲਾਕਾਤ ਕੀਤੀ। ਅਮਨ ਅਰੋੜਾ ਨੇ ਡੱਲੇਵਾਲ ਨੂੰ ਸੂਬਾ ਸਰਕਾਰ ਅਤੇ ਆਪ ਵਲੋ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੰਦੇ ਹੋਏ, ਸਿਹਤ ਦੇ ਖਿਆਲ ਰੱਖਦੇ ਹੋਏ ਡਰਿੱਪ ਲਗਾਉਣ ਦਾ ਸੁਝਾਅ ਦਿੱਤਾ ਤਾਂ ਜੋ ਸਿਹਤ ਬਚੀ ਰਹੇ। ਅਰੋੜਾ ਨੇ ਕਿਹਾ ਕਿ ਜੇਕਰ ਇੰਜਨ ਰਹੇਗਾ ਤਾਂ ਹੀ ਡੱਬਿਆ ਦਾ ਫਾਈਦਾ ਹੈ। ਯਾਨੀ ਜੇਕਰ ਪ੍ਰਧਾਨ (ਨੇਤਾ) ਰਹੇਗਾ ਤਾਂ ਹੀ ਹੇਠਾਂ ਵਰਕਰਾਂ ਦਾ ਫਾਈਦਾ ਹੈ।
ਇਹ ਵੀ ਪੜ੍ਹੋ-ਆਲੋਚਨਾਂ ਤੋਂ ਬਾਅਦ ਕੈਬਨਿਟ ਮੰਤਰੀਆਂ ਅਤੇ ਆਪ ਆਗੂਆਂ ਨੂੰ ਆਈ ਡੱਲੇਵਾਲ ਦੀ ਯਾਦ
ਵਫ਼ਦ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ, ਸਿਹਤ ਮੰਤਰੀ ਡਾ ਬਲਵੀਰ ਸਿੰਘ, ਪ੍ਰਵਾਸੀ ਮਾਮਲਿਆ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ, ਹਰਦੀਪ ਸਿੰਘ ਮੁੰਡੀਆਂ, ਲਾਲਜੀਤ ਸਿੰਘ ਭੁੱਲਰ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਸ਼ਾਮਿਲ ਸਨ
ਅਮਨ ਅਰੋੜਾ ਨੇ ਡੱਲੇਵਾਲ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸੰਘਰਸ਼ 100 ਫ਼ੀਸਦੀ ਸਹੀ ਹੈ ਪਰ ਸਿਹਤ ਖਰਾਬ ਨਾ ਕਰੀਏ ਇਸ ਲਈ ਜਿੰਨਾਂ ਕੁ ਸਿਹਤ ਨਾ ਜਰੂਰਤ ਹੈ, ਉਹ ਲੈ ਲਿਆ ਜਾਵੇ ਚਾਹੇ ਡਰਿੱਪ ਹੀ ਲਗਾ ਲਈ ਜਾਵੇ.। ਅਰੋੜਾ ਨੇ ਕਿਹਾ ਕਿ ਸੰਘਰਸ਼ ਵੀ ਤਾਂ ਚੱਲਣਾ ਹੈ ਜੇਕਰ ਲੀਡਰ ਰਹੇਗਾ। ਅਰੋੜਾ ਨੇ ਕੇਂਦਰ ਸਰਕਾਰ ਦਾ ਨਾਮ ਲਏ ਬਗੈਰ ਕਿਹਾ ਕਿ ਕੀ ਕਰੀਏ ਉਹਨਾਂ (ਕੇਂਦਰ ਸਰਕਾਰ) ਦੇ ਕੰਨ ਉਤੇ ਜੂੰਅ ਨਹੀਂ ਸਰਕ ਰਹੀ। ਅਰੋੜਾ ਨੇ ਕਿਹਾ ਕਿ ਸਰਕਾਰ, ਕੈਬਨਿਟ ਮੰਤਰੀ ਆਏ ਹਨ, ਇਸ ਲਈ ਸਿਹਤ ਦਾ ਨੁਕਸਾਨ ਨਾ ਕਰੀਏ । ਅਸੀਂ ਮਿਲਕੇ ਕੇਂਦਰ ਸਰਕਾਰ ਨਾਲ ਲੜਾਂਗੇ।
ਡੱਲੇਵਾਲ ਨੇ ਇਹ ਕਿਹਾ –ਪਰਵਾਹ ਨਾ ਕਰੋ, ਮਰ ਜਾਵਾਂਗਾ ਪਿੱਛੇ ਨਹੀਂ ਹਟਦਾ
ਡੱਲੇਵਾਲ ਨੇ ਆਪ ਦੇ ਵਫ਼ਦ ਨੂੰ ਕਿਹਾ ਕਿ ਕਿੰਨੇ ਗੁਣ ਸਨ ? ਲੋਕਾਂ ਨੇ ਸਾਰਿਆਂ ਨੂੰ ਰਿਜੈਕਟ (ਰੱਦ) ਕਰਕੇ ਤੁਹਾਨੂੰ 92 ਨੂੰ ਚੁਣਿਆ ਹੈ ਕਿਉਂਕਿ ਲੋਕ ਬਦਲਾਅ ਚਾਹੁੰਦੇ ਸਨ। ਉਨਾਂ ਕਿਹਾ ਕਿ ਪੰਜਾਬ ਦਾ ਪਾਣੀ ਬਚਾ ਲਓ , ਪਾਣੀ ਬਚਾ ਲਓ ਦੀ ਗੱਲ ਕੀਤੀ ਜਾ ਰਹੀ ਹੈ, ਪਰ ਪਾਣੀ ਵੀ ਤਾਂ ਬਚੇਗਾ ਜੇਕਰ ਫਸਲੀ ਵਿਭਿੰਨਤਾ ਹੋਵੇਗੀ। ਉਨਾਂ ਕਿਹਾ ਕਿ ਫਸਲੀ ਵਿਭਿੰਨਤਾਂ ਤਾਂ ਹੋਵੋਗੀ ਜੇਕਰ ਐਮ,.ਐਸ.ਪੀ ਦੀ ਗਰੰਟੀ ਹੋਵੇਗੀ।
ਡੱਲੇਵਾਲ ਨੇ ਆਪ ਆਗੂਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਬਹੁਤ ਸਰਕਾਰਾਂ ਬਣੀਆ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਇਸ ਵਿਚ ਨੇਤਾ ਜ਼ਿਆਦਾ ਕਸੂਰਵਾਰ ਹਨ, ਕਿਉਂਕਿ ਉਹਨਾਂ ਨੇ ਇਸਦਾ ਨੋਟਿਸ ਨਹੀਂ ਲਿਆ। ਲੀਡਰ ਕਿਸਾਨ ਦੇ ਭੋਗ ਉਤੇ ਬੋਲ ਆਉਂਦੇ ਹਨ, ਕੁਝ ਪੈਸੇ ਦੁਆ ਦਿੰਦੇ ਹਨ। ਕੱਲ੍ਹ ਨੂੰ ਕੋਈ ਮਰੇ ਨਾ ਅਤੇ ਕੋਈ ਕੁੱਝ ਕਹੇ ਨਾ ਇਸ ਲਈ ਲੜਾਈ ਸ਼ੁਰੂ ਕੀਤੀ ਹੈ। ਡੱਲੇਵਾਲ ਨੇ ਕਿਹਾ ਕਿ ਵਾਹਿਗੂਰ ਕਿਰਪਾ ਕਰੇ ਕਿ ਯੋਗਦਾਨ ਪੈ ਜਾਵੇ। ਉਹਨਾਂ ਕਿਹਾ ਕਿ ਪਰਵਾਹ ਨਾ ਕਰੋ, ਕੱਲ ਨੂੰ ਇਤਿਹਾਸ ਲਿਖਿਆ ਜਾਣਾ ਹੈ। ਉਹਨਾਂ ਕਿਹਾ ਕਿ ਪੂਰੀ ਤਰਾਂ ਤਿਆਰ ਹੋ ਕੇ ਬੈਠਾ ਹਾਂ ਜਾਂ ਮੰਗ ਮੰਨ ਲਈ ਜਾਵੇ ਜਾਂ ਫਿਰ ਜਿਹੜਾ ਰਾਹ ਚੁਣਿਆ ਹੈ ਉਹ ਪੂਰਾ ਹੋ ਜਾਵੇ।
ਇਹ ਵੀ ਪੜ੍ਹੋ -ਡੱਲੇਵਾਲ ਦੀ ਦੇਖਭਾਲ ਕਰ ਰਹੇ ਡਾਕਟਰ ਹੋਏ ਹਾਦਸੇ ਦਾ ਸ਼ਿਕਾਰ