ਚੰਡੀਗੜ੍ਹ 25 ਦਸੰਬਰ (ਖ਼ਬਰ ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਮੰਗਲਵਾਰ ਨੂੰ ਆਪ ਸਰਕਾਰ ਦੀ ਆਲੋਚਨਾ ਕੀਤੇ ਜਾਣ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਆਪ ਆਗੂਆਂ ਨੂੰ ਪਿਛਲੇ 30 ਦਿਨਾਂ ਤੋਂ ਮਰਨ ਵਰਤ ਉਠੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਯਾਦ ਆ ਗਈ ਹੈ। ਡੱਲੇਵਾਲ MSP ਅਤੇ ਕਿਸਾਨੀ ਕਰਜ਼ਾ ਮਾਫ਼ ਕਰਨ ਸਮੇਤ ਹੋਰਨਾਂ ਮੰਗਾੰ ਨੂੰ ਲਾਗੂ ਕਰਵਾਉਣ ਲਈ ਪਿਛਲੇ 30 ਦਿਨਾਂ ਤੋਂ ਭੁੁੱਖ ਹੜ੍ਹਤਾਲ ਉਤੇ ਬੈਠੇ ਹਨ।
ਜਾਣਕਾਰੀ ਅਨੁਸਾਰ ਆਪ’ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਤੇ ਆਪ ਆਗੂ ਬੁੱਧਵਾਰ ਸ਼ਾਮ ਚਾਰ ਵਜੇ ਦੇ ਕਰੀਬ ਕਿਸਾਨ ਆਗੂ ਡੱਲੇਵਾਲ ਨੂੰ ਖਨੌਰੀ ਵਿਖੇ ਮਿਲਣ ਜਾਣਗੇ। ਪਹਿਲਾਂ ਇਹਨਾਂ ਆਗੂਆਂ ਦੇ ਦੁਪਹਿਰ ਦੋ ਵਜੇ ਜਾਣ ਦਾ ਪ੍ਰੋਗਰਾਮ ਮੀਡੀਆ ਨੂੰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਹੁਣ ਇਹ ਆਗੂ ਸ਼ਾਮ ਕਰੀਬ 4 ਵਜੇ ਮਿਲਣ ਲਈ ਖਨੌਰੀ ਬਾਰਡਰ ‘ਤੇ ਪਹੁੰਚਣਗੇ।
ਅਮਨ ਅਰੋੜਾ ਤੋਂ ਬਿਨਾਂ ਬਟਾਲਾ ਤੋਂ ਵਿਧਾਇਕ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਿਹਤ ਮੰਤਰੀ ਬਲਬੀਰ ਸਿੰਘ, ਐਨ.ਆਰ.ਆਈ ਮਾਮਲਿਆ ਦੇ ਮੰਤਰੀ ਕੁਲਦੀਪ ਧਾਲੀਵਾਲ, ਖੇਤਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ, ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ, ਖਣਨ ਤੇ ਉਦਯੋਗ ਮੰਤਰੀ ਵਰਿੰਦਰ ਗੋਇਲ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਜਾਣ ਦੀ ਜਾਣਕਾਰੀ ਮਿਲੀ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਬੀਤੇ ਕੱਲ੍ਹ ਕਿਸਾਨ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ, ਨਿਰਭੈ ਸਿੰਘ ਢੁੱਡੀਕੇ, ਮਨਜੀਤ ਸਿੰਘ ਧਨੇਰ, ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਸੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਸੀ ਕਿ ਮੋਰਚਾ ਸ਼ੁਰੂ ਹੋਣ ਤੋ ਪਹਿਲਾ ਮੁੱਖ ਮੰਤਰੀ ਨੇ ਕਈ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਵਾਈ ਸੀ, ਪਰ ਜਦੋਂ ਤੋ ਜਗਜੀਤ ਸਿੰਘ ਡੱਲੇਵਾਲ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਮੁੱਖ ਮੰਤਰੀ ਨੇ ਕਿਸਾਨ ਨੇਤਾ ਦੀ ਕੋਈ ਸਾਰ ਨਹੀਂ ਲਈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਮੀਟਿੰਗ ਦੌਰਾਨ ਹੀ ਮੁੱਖ ਮੰਤਰੀ ਨੇ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ ਸੀ ਅਤੇ ਇਕ ਲੰਬਾ ਬਿਆਨ ਵੀ ਦਿੱਤਾ ਸੀ। ਅੱਜ ਸਰਕਾਰ ਦੇ ਮੰਤਰੀਆਂ ਨੇ ਖਨੌਰੀ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ।