ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਕੀਤੀ ਬਿਜਲੀ ਪੰਚਾਇਤ ਵਿੱਚ ਮੁਲਾਜ਼ਮਾਂ ਤੇ ਖਪਤਕਾਰਾਂ ਨੇ ਭਰੀ ਹੁੰਕਾਰ 

ਚੰਡੀਗੜ੍ਹ, 25 ਦਸੰਬਰ (ਖ਼ਬਰ ਖਾਸ ਬਿਊਰੋ)

ਮੁਨਾਫੇ ਵਿੱਚ ਚੱਲ ਰਹੇ ਬਿਜਲੀ ਵਿਭਾਗ ਨੂੰ ਗੈਰ ਕਾਨੂਨੀ ਤਰੀਕੇ ਨਾਲ ਕਿਸੇ ਵੀ ਕੀਮਤ ਤੇ ਨਿੱਜੀ ਕੰਪਨੀ ਹਵਾਲੇ ਨਹੀਂ ਕਰਨ ਦਿੱਤਾ ਜਾਵੇਗਾ । ਇਹ ਪ੍ਰਗਟਾਵਾ ਅੱਜ ਚੰਡੀਗੜ ਵਾਸੀਆਂ ਵੱਲੋਂ ਅਯੋਜਿਤ ਕੀਤੀ ਮਹਾਂ ਪੰਚਾਇਤ ਵਿੱਚ ਬਰਬਸੰਮਤੀ ਨਾਲ ਮਤਾ ਪਾਸ ਕਰਕੇ ਕੀਤਾ ਗਿਆ । ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰਜ਼ (ਐਨ.ਸੀ.ਸੀ.ਓ.ਈ.ਈ.ਈ.) ਦੇ ਬੈਨਰ ਹੇਠ ਬੁੱਧਵਾਰ ਨੂੰ ਰਾਮਲੀਲਾ ਗਰਾਊਂਡ ਬਿਜਲੀ ਕਲੋਨੀ ਸੈਕਟਰ 28ਬੀ ਵਿਖੇ ਯੂਟੀ ਪਾਵਰ ਮੈਨ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਨਿੱਜੀਕਰਨ ਵਿਰੁੱਧ ਬਿਜਲੀ ਪੰਚਾਇਤ ਦਾ ਆਯੋਜਨ ਕੀਤਾ ਗਿਆ।

ਬਿਜਲੀ ਪੰਚਾਇਤ ਵਿੱਚ ਹਜ਼ਾਰਾਂ ਮੁਲਾਜ਼ਮਾਂ, ਆਮ ਨਾਗਰਿਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਦੀਆਂ ਹਦਾਇਤਾਂ ’ਤੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਖ਼ਿਲਾਫ਼ ਇਸ ਪੰਚਾਇਤ ’ਚ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਇਸ ਪੰਚਾਇਤ ਵਿੱਚ ਹਰਿਆਣਾ, ਹਿਮਾਚਲ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੈਂਕੜੇ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਨਿੱਜੀਕਰਨ ਖ਼ਿਲਾਫ਼ ਚੱਲ ਰਹੇ ਅੰਦੋਲਨ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਟੀਟਾ ਆਪਣੇ ਅੱਧੀ ਦਰਜਨ ਕੌਂਸਲਰਾਂ ਸਮੇਤ ਪੰਚਾਇਤ ਵਿੱਚ ਪੁੱਜੇ। ਇਸ ਦੇ ਨਾਲ ਹੀ ਨਿੱਜੀਕਰਨ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢਿੱਲੋਂ ਵੀ ਪੁੱਜੇ ਅਤੇ ਨਿੱਜੀਕਰਨ ਖ਼ਿਲਾਫ਼ ਸੰਘਰਸ਼ ਵਿੱਚ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ। ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬੀਜੂ ਕ੍ਰਿਸ਼ਨਨ ਨੇ ਵੀ ਬਿਜਲੀ ਮਹਾਂ ਪੰਚਾਇਤ ਵਿੱਚ ਪਹੁੰਚ ਕੇ ਨਿੱਜੀਕਰਨ ਦਾ ਸਖ਼ਤ ਵਿਰੋਧ ਕੀਤਾ ਅਤੇ ਅੰਦੋਲਨ ਦਾ ਸਮਰਥਨ ਕੀਤਾ।

ਬਿਜਲੀ ਮੁਲਾਜ਼ਮਾਂ ਅਤੇ ਇੰਜੀਨੀਅਰਾਂ ਦੀ ਕੌਮੀ ਤਾਲਮੇਲ ਕਮੇਟੀ (ਐਨ.ਸੀ.ਸੀ.ਓ.ਈ.ਈ.) ਦੇ ਕੌਮੀ ਆਗੂ ਸ਼ੈਲੇਂਦਰ ਦੂਬੇ, ਸੁਭਾਸ਼ ਲਾਂਬਾ, ਆਰ.ਕੇ.ਸ਼ਰਮਾ, ਦੇਵੇਂਦਰ ਕੁਮਾਰ, ਗੁਰਪ੍ਰੀਤ ਸਿੰਘ ਗੰਡੀ, ਸੁਰੇਸ਼ ਰਾਠੀ, ਹੀਰਾ ਲਾਲ ਵਰਮਾ, ਅਬਦੁਲ ਨਾਜ਼ਰ ਆਦਿ ਪੁੱਜੇ। ਕਮੇਟੀ ਦੀ ਤਰਫੋਂ ਇਲੈਕਟ੍ਰੀਸਿਟੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਸੁਭਾਸ਼ ਲਾਂਬਾ ਨੇ ਐਲਾਨ ਕੀਤਾ ਕਿ ਨਿੱਜੀਕਰਨ ਖ਼ਿਲਾਫ਼ ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਿੱਚ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 31 ਦਸੰਬਰ ਨੂੰ ਸਾਰੇ ਰਾਜਾਂ ਦੇ ਬਿਜਲੀ ਮੁਲਾਜ਼ਮ ਦੁਪਹਿਰ 12 ਤੋਂ 1 ਵਜੇ ਤੱਕ ਕੰਮ ਠੱਪ ਕਰਨਗੇ ਅਤੇ ਨਿੱਜੀਕਰਨ ਵਿਰੁੱਧ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਰਾਜ ਭਵਨ ਵੱਲ ਮਾਰਚ ਕਰਨਗੇ। ਉਨ੍ਹਾਂ ਨੇ ਰਾਜਪਾਲ ਕਮ ਪ੍ਰਸ਼ਾਸਕ ਤੋਂ ਮੰਗ ਕੀਤੀ ਕਿ ਬਿਜਲੀ ਵਿਭਾਗ ਨੂੰ ਨਾਜਾਇਜ਼ ਰੂਪ ਵਿੱਚ ਨਿੱਜੀ ਕੰਪਨੀ ਹਵਾਲੇ ਕਰਨ ਨੂੰ ਰੋਕਿਆ ਜਾਵੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਯੂ.ਟੀ ਪਾਵਰ ਮੈਨ ਯੂਨੀਅਨ ਚੰਡੀਗੜ੍ਹ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਅਤੇ ਸਾਬਕਾ ਪ੍ਰਧਾਨ ਧਿਆਨ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਨਿੱਜੀਕਰਨ ਖ਼ਿਲਾਫ਼ ਜਨ ਚੇਤਨਾ ਮੁਹਿੰਮ ਜਾਰੀ ਰਹੇਗੀ ਅਤੇ ਰਾਏਸ਼ੁਮਾਰੀ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਪ੍ਰਾਈਵੇਟ ਕੰਪਨੀ ਅਧੀਨ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਬਿਜਲੀ ਕਰਮਚਾਰੀ ਬਿਲਕੁਲ ਵੀ ਕੰਮ ਨਹੀਂ ਕਰਨਗੇ।

ਆਲ ਇੰਡੀਆ ਪਾਵਰ ਡਿਪਲੋਮਾ ਇੰਜੀਨੀਅਰਜ਼ ਫੈਡਰੇਸ਼ਨ ਦੇ ਚੇਅਰਮੈਨ ਸ਼ੈਲੇਂਦਰ ਦੂਬੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਪੂਰਵਾਂਚਲ ਅਤੇ ਦਕਸ਼ੀਨਾਚਲ ਡਿਸਕਾਮ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਫੈਸਲਾ ਕੀਤਾ ਹੈ। ਜਿਸ ਦੇ ਖਿਲਾਫ ਉੱਤਰ ਪ੍ਰਦੇਸ਼ ਦੇ ਬਿਜਲੀ ਕਾਮੇ ਅਤੇ ਇੰਜੀਨੀਅਰ ਜ਼ੋਰਦਾਰ ਸੰਘਰਸ਼ ਕਰ ਰਹੇ ਹਨ। ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਰੇਸ਼ ਰਾਠੀ, ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਯੂਨੀਅਨ ਦੇ ਜਨਰਲ ਸਕੱਤਰ ਹੀਰਾ ਲਾਲ ਵਰਮਾ, ਟੀਐਸਯੂ ਪੰਜਾਬ ਦੇ ਪ੍ਰਧਾਨ ਰਤਨ ਸਿੰਘ ਮੁਜਾਰੀ, ਐਮਐਸਯੂ ਪੰਜਾਬ ਦੇ ਹਰਪਾਲ ਸਿੰਘ, ਜੰਮੂ ਕਸ਼ਮੀਰ ਬਿਜਲੀ ਯੂਨੀਅਨ ਦੇ ਪ੍ਰਧਾਨ ਅਬਦੁਲ ਨਾਜ਼ਰ, ਯੂ.ਟੀ. ਫੈਡਰੇਸ਼ਨ ਪੀਐਸਐਸਐਫ ਦੇ ਪ੍ਰਧਾਨ ਰਘਬੀਰ ਚੰਦ, ਪੀਐਸਐਸਐਫ ਦੇ ਜਨਰਲ ਸਕੱਤਰ ਨਰਾਇਣ ਤਿਵਾੜੀ, ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਸਾਧੂ ਸਿੰਘ, ਗੁਰਦਿਆਲ ਸਿੰਘ, ਗੁਰਪ੍ਰੀਤ ਸੋਮਲ, ਜੋਗਾ ਸਿੰਘ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਚਨਾਰਥਲ, ਸੀਟੂ ਦੇ ਜਤਿੰਦਰ ਪਾਲ, ਏ.ਕੇ ਦੇ ਦੇਵੀ ਦਿਆਲ, ਸੀਟੀਯੂ ਦੇ ਇੰਦਰਜੀਤ ਗਰੇਵਾਲ, ਫੋਸਵੇਕ ਦੇ ਬਲਜਿੰਦਰ ਬਿੱਟੂ, ਪ੍ਰਦੀਪ ਚੋਪੜਾ, ਉਜਾਗਰ ਸਿੰਘ ਮੋਹੀ, ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ , ਪਰਮਜੀਤ ਸਿੰਘ ਆਦਿ ਨੇ ਆਪੋ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਜ਼ਬਰਦਸਤੀ ਕਿਸੇ ਪ੍ਰਾਈਵੇਟ ਕੰਪਨੀ ਅਧੀਨ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਸਾਰੇ ਰਾਜਾਂ ਵਿੱਚ ਕੰਮ ਬੰਦ ਕਰ ਦਿੱਤਾ ਜਾਵੇਗਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *