MLA ਦੇ ਇਸ਼ਾਰੇ ‘ਤੇ ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ, ਹਾਈਕੋਰਟ ਨੇ CBI ਨੂੰ ਜਾਂਚ ਲਈ ਜਾਰੀ ਕੀਤਾ ਨੋਟਿਸ

ਚੰਡੀਗੜ੍ਹ 7 ਨਵੰਬਰ (ਖ਼ਬਰ ਖਾਸ ਬਿਊਰੋ)

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਟਾਲਾ (ਗੁਰਦਾਸਪੁਰ) ਵਿਖੇ ਵਿਧਾਇਕ ਦੇ ਇਸ਼ਾਰੇ ‘ਤੇ ਪੱਤਰਕਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ CBI ਤੇ ਹੋਰਨਾਂ ਨੂੰ ਨੋਟਿਸ ਜਾਰੀ  ਕਰ ਦਿੱਤਾ ਹੈ। ਹਾਈਕੋਰਟ ਨੇ ਐੱਸ.ਐੱਸ.ਪੀ ਨੂੰ ਪੱਤਰਕਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ ਹਨ।

ਪੱਤਰਕਾਰ ਰਮੇਸ਼ ਕੁਮਾਰ ਨੇ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਵਿਚ ਕਿਹਾ ਕਿ ਉਹ ਪੱਤਰਕਾਰ ਹੈ ਅਤੇ ਆਪਣੇ ਅਖ਼ਬਾਰ ਲਈ ਸਟਿੰਗ ਆਪਰੇਸ਼ਨ ਵਜੋਂ ਰਿਪੋਟਿੰਗ ਕਰ ਰਿਹਾ। ਪਟੀਸ਼ਨਰ ਨੇ ਕਿਹਾ ਕਿ ਉਹ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਦੇ ਦਫ਼ਤਰ ਸਾਹਮਣੇ ਇੱਕ ਪਾਰਕ ਵਿੱਚ ਕੌਮੀ ਝੰਡੇ ਦੇ ਅਪਮਾਨ ਦੇ ਮੱਦੇਨਜ਼ਰ ਭੁੱਖ ਹੜਤਾਲ ’ਤੇ ਬੈਠੇ ਸਨ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ ਵਿਧਾਇਕ ਨੇ ਉਸ ਨੂੰ ਅਤੇ ਭੁੱਖ ਹੜਤਾਲ ‘ਤੇ ਬੈਠੇ ਹੋਰ ਲੋਕਾਂ ਨੂੰ ਖੁੱਲ੍ਹੇਆਮ ਧਮਕੀਆਂ ਦਿੱਤੀਆਂ। ਪਟੀਸ਼ਨਕਰਤਾ ਨੇ ਇਸ ਸਬੰਧ ਵਿਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਪੱਤਰ ਲਿਖਿਆ, ਜਿਸ ਵਿਚ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਪਟੀਸ਼ਨਰ ਨੇ ਦੋਸ਼ ਲਾਇਆ ਕਿ ਅਕਤੂਬਰ ਮਹੀਨੇ ਵਿੱਚ ਕਲਸੀ ਦੇ ਕਹਿਣ ’ਤੇ ਪੰਜ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸਿੱਟੇ ਵਜੋਂ  ਉਸ ਨੂੰ ਕਈ ਗੰਭੀਰ ਸੱਟਾਂ ਲੱਗੀਆਂ। ਪਟੀਸ਼ਨਰ ਨੇ  ਕਿਹਾ  ਕਿ ਜਦੋਂ ਉਨ੍ਹਾਂ ਨੇ ਵਿਧਾਇਕ ਦਾ ਨਾਮ ਲਿਆ ਸੀ ਤਾਂ ਪੁਲਿਸ ਨੇ ਐਫਆਈਆਰ ਦਰਜ ਨਹੀਂ ਕੀਤੀ । ਪੁਲਿਸ ਨੇ ਵਿਧਾਇਕ ਦੇ ਨਜ਼ਦੀਕੀ ਦੱਸੇ ਜਾਂਦੇ ਇੱਕ ਅਣਪਛਾਤੇ ਵਿਅਕਤੀ ਦੇ ਬਿਆਨਾਂ ਦੇ ਆਧਾਰ ‘ਤੇ ਪਟੀਸ਼ਨਕਰਤਾ ਦੇ ਖਿਲਾਫ ਐੱਫ.ਆਈ.ਆਰ ਦਰਜ ਕਰ ਦਿੱਤੀ । ਪਟੀਸ਼ਨਰ ਨੇ ਸਮੁੱਚੇ ਮਾਮਲੇ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਤੋਂ ਜਾਂਚ ਕਰਵਾਉਣ ਅਤੇ  ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਹਾਈਕੋਰਟ ਨੇ ਮਾਮਲੇ ਉਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ, ਸੀਬੀਆਈ ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ  ਬਟਾਲਾ ਦੇ ਐੱਸਪੀ ਨੂੰ ਪੱਤਰਕਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

 

Leave a Reply

Your email address will not be published. Required fields are marked *