ਚੰਡੀਗੜ 22 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਇਹ ਫੈਸਲਾ ਤਲਾਕਸ਼ੁਦਾ ਪਤਨੀਆਂ ਨੂੰ ਗੁਜ਼ਾਰਾ ਭੱਤਾ ਦੇ ਰਹੇ ਸਾਬਕਾ ਪ੍ਰਾਹੁਣਿਆਂ (ਪਤੀਆ)ਨੂੰ ਰਾਹਤ ਦੇਣ ਵਾਲਾ ਹੈ। ਸੀਆਰਪੀਸੀ ਦੀ ਧਾਰਾ 125 ਤਹਿਤ ਤਲਾਕਸ਼ੁਦਾ ਪਤਨੀ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ, ਪਰ ਸ਼ਰਤ ਇਹ ਹੈ ਕਿ ਤਲਾਕਸ਼ੁਦਾ ਔਰਤ ਦੁਬਾਰਾ ਵਿਆਹ ਨਾ ਕਰਵਾਏ ਅਤੇ ਖ਼ੁਦ ਦਾ ਗੁਜ਼ਾਰਾ ਚਲਾਉਣ ’ਚ ਅਸਮਰੱਥ ਹੋਵੇ, ਭਾਵੇਂ ਉਸ ਨੇ ਤਲਾਕ ਦੀ ਕਾਰਵਾਈ ਦੌਰਾਨ ਆਪਣਾ ਇਹ ਅਧਿਕਾਰ ਛੱਡ ਦਿੱਤਾ ਹੋਵੇ। ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਸਪਸ਼ਟ ਕੀਤਾ ਹੈ ਕਿ ਲੋੜੀਂਦੇ ਵਸੀਲਿਆਂ ਵਾਲੀ ਪਤਨੀ ਅਤੇ ਆਰਥਿਕ ਤੰਗੀ ਵਿਚ ਨਾ ਹੋਣ ਵਾਲੀ ਪਤਨੀ ਧਾਰਾ 125 ਤਹਿਤ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਨਹੀਂ ਹੈ।ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਚੰਡੀਗੜ੍ਹ ਨਿਵਾਸੀ ਇਕ ਔਰਤ ਦੀ ਪਟੀਸ਼ਨ ਖ਼ਾਰਜ ਕਰਦਿਆਂ ਇਹ ਫ਼ੈਸਲਾ ਸੁਣਾਇਆ ਹੈ। ਚੰਡੀਗੜ ਦੀ ਇਕ ਅਦਾਲਤ ਨੇ ਦਸਬੰਰ 2018 ਵਿਚ ਪਟੀਸ਼ਨਰ ਨੂੰ ਪਤਨੀ ਨੂੰ ਧਾਰਾ 125 ਤਹਿਤ 10 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ। ਪਰ ਫਰਵਰੀ 2020 ’ਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਹੇਠਲੀ ਅਦਾਲਤ ਦਾ ਫੈਸਲਾ ਰੱਦ ਕਰ ਦਿੱਤਾ ਸੀ।
ਬੈਂਚ ਨੂੰ ਦਲੀਲ ਦਿੱਤੀ ਗਈ ਕਿ ਪਟੀਸ਼ਨਰ ਯੋਗਤਾ ਪੱਖੋ ਡਾਕਟਰ ਹੈ, ਪਰ ਪ੍ਰੈਕਟਿਸ ਨਹੀਂ ਕਰ ਰਹੀ ਕਿਉਂਕਿ ਉਸ ਦਾ ਪੁੱਤਰ ਦਿਵਿਆਂਗ ਹੈ। ਬੇਟੇ ਦੀ ਦੇਖਭਾਲ ਲਈ ਉਸ ਨੂੰ 24 ਘੰਟੇ ਲੋੜ ਸੀ। ਅਦਾਲਤ ਨੂੰ ਦਲੀਲ ਦਿੱਤੀ ਗਈ ਕਿ ਮਈ 2003 ’ਚ ਸ਼ਰਤਾਂ ਨਾਲ ਹੋਏ ਸਮਝੌਤੇ ਤੋਂ ਬਾਅਦ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਸੀ। ਤਲਾਕ ਦੀ ਕਾਰਵਾਈ ਦੌਰਾਨ ਨਕਦ ਜਾਂ ਜਾਇਦਾਦ ’ਚ ਗੁਜ਼ਾਰੇ ਭੱਤੇ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ ਸੀ। ਖ਼ੁਦ ਅਤੇ ਆਪਣੇ ਬੇਟੇ ਦਾ ਪਾਲਣ-ਪੋਸ਼ਣ ਕਰਨ ’ਚ ਅਸਮਰੱਥ ਹੋਣ ਦਾ ਹਵਾਲਾ ਦਿੰਦਿਆਂ ਪਤਨੀ ਨੇ ਬਾਅਦ ’ਚ ਧਾਰਾ 125 ਤਹਿਤ ਇਕ ਅਰਜ਼ੀ ਦਿੱਤੀ ਜਿਸ ਤੋਂ ਬਾਅਦ ਨਿਆਇਕ ਮੈਜਿਸਟ੍ਰੇਟ ਨੇ ਗੁਜ਼ਾਰਾ ਭੱਤਾ ਦਿੱਤਾ। ਪਤੀ ਨੇ ਇਸ ਆਦੇਸ ਖ਼ਿਲਾਫ਼ ਇਕ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਸੀ।
ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਆਪਣੇ ਫੈਸਲੇ ਵਿਚ ਕਿਹਾ ਕਿ ਧਾਰਾ 125 ਸਮਾਜਿਕ ਨਿਆਂ ਨੂੰ ਅੱਗੇ ਵਧਾਉਣ, ਆਸ਼ਰਿਤ ਔਰਤਾਂ, ਬੱਚਿਆਂ ਤੇ ਮਾਤਾ-ਪਿਤਾ ਦੀ ਰੱਖਿਆ ਲਈ ਨੋਟੀਫਾਈ ਕੀਤੀ ਗਈ ਸੀ। ਕਾਨੂੰਨ ਦੇ ਮੁਲਾਂਕਣ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਗੁਜ਼ਾਰੇ ਭੱਤੇ ਦੇ ਮੁੱਦੇ ’ਤੇ ਵਿਚਾਰ ਕਰਦੇ ਸਮੇਂ ਮੈਜਿਸਟ੍ਰੇਟ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੀ ਪਤੀ ਕੋਲ ਢੁੱਕਵੇਂ ਵਸੀਲੇ ਹਨ ਤੇ ਕੀ ਉਸ ਵੱਲੋਂ ਪਤਨੀ ਦਾ ਗੁਜ਼ਾਰਾ ਭੱਤਾ ਦੇਣ ’ਚ ਲਾਪਰਵਾਹੀ ਜਾਂ ਇਨਕਾਰ ਕੀਤਾ ਗਿਆ ਹੈ ਅਤੇ ਪਤਨੀ ਆਪਣਾ ਗੁਜ਼ਾਰਾ ਕਰਨ ’ਚ ਅਸਮਰੱਥ ਹੈ।
ਜਸਟਿਸ ਬਰਾੜ ਨੇ ਕਿਹਾ, ਅਜਿਹਾ ਲੱਗਦਾ ਹੈ ਕਿ ਉਸ ਕੋਲ ਖ਼ੁਦ ਦਾ ਅਤੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਢੁੱਕਵੇਂ ਵਸੀਲੇ ਹਨ। ਇਸ ਤੋਂ ਬਿਨਾਂ ਪਤੀ ਆਪਣੇ ਵਿਕਲਾਂਗ ਬੇਟੇ ਦੇ ਪਾਲਣ-ਪੋਸ਼ਣ ਲਈ 15 ਹਜ਼ਾਰ ਰੁਪਏ ਹਰ ਮਹੀਨੇ ਭੁਗਤਾਨ ਕਰ ਰਿਹਾ ਸੀ। ਹਾਈਕੋਰਟ ਨੇ ਕਿਹਾ ਕਿ ਪਤਨੀ ਕਿਸੇ ਵੀ ਵਿੱਤੀ ਕਠਿਨਾਈ ’ਚ ਨਜ਼ਰ ਨਹੀਂ ਆਉਂਦੀ। ਜਸਟਿਸ ਬਰਾੜ ਨੇ ਸਿੱਟਾ ਕੱਢਿਆ ਕਿ ਔਰਤ ਨਾ ਸਿਰਫ਼ ਪੂਰੀ ਤਰ੍ਹਾਂ ਯੋਗ ਹੈ ਬਲਕਿ ਤਲਾਕ ਤੋਂ ਪਹਿਲਾਂ ਜਿਸ ਜੀਵਨ ਪੱਧਰ ਦੀ ਉਹ ਆਦੀ ਸੀ, ਉਸ ਮੁਤਾਬਕ ਖ਼ੁਦ ਦਾ ਪਾਲਣ-ਪੋਸ਼ਣ ਕਰਨ ਲਈ ਢੁੱਕਵੇਂ ਵਸੀਲੇ ਪ੍ਰਾਪਤ ਹਨ। ਜਸਟਿਸ ਬਰਾੜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਅਦਾਲਤ ਉਸ ਨੂੰ ਗੁਜ਼ਾਰੇ ਭੱਤੇ ਦਾ ਹੱਕਦਾਰ ਨਹੀਂ ਮੰਨਦੀ।