ਮਜੀਠੀਆ 8 ਜੁਲਾਈ ਤੱਕ SIT ਅੱਗੇ ਨਹੀਂ ਹੋਣਗੇ ਪੇਸ਼, ਹਾਈਕੋਰਟ ਨੇ ਦਿੱਤੀ ਰਾਹਤ

-SIT ਨੇ ਮਜੀਠੀਆ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਭੇਜੇ ਸਨ ਸੰਮਨ
-ਕਾਂਗਰਸ ਸਰਕਾਰ ਵੇਲੇ ਐਨਡੀਪੀਐਸ ਕੇਸ ਵਿੱਚ ਐਫਆਈਆਰ ਦਰਜ ਹੋਈ ਸੀ

ਚੰਡੀਗੜ੍ਹ 19 ਜੂਨ (ਖ਼ਬਰ ਖਾਸ ਬਿਊਰੋ)

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ NDPS ਮਾਮਲੇ ‘ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਦਿੰਦਿਆਂ 8 ਜੁਲਾਈ ਤੱਕ SIT ਸਾਹਮਣੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ। ਤਤਕਾਲੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ  ਦੌਰਾਨ ਪੁਲਿਸ ਨੇ ਮਜੀਠੀਆ ਖਿਲਾਫ਼ ਐਫਆਈਆਰ ਦਰਜ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ।

ਮਜੀਠੀਆ ਨੇ ਸੀਨੀਅਰ ਐਡਵੋਕੇਟ ਅਸ਼ੋਕ ਅਗਰਵਾਲ ਰਾਹੀਂ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਐਸਆਈਟੀ ਵੱਲੋਂ ਭੇਜੇ ਗਏ ਸੰਮਨ ਪੂਰੀ ਤਰ੍ਹਾਂ ਨਾਲ ਗਲਤ ਹਨ, ਉਨ੍ਹਾਂ ਨੂੰ ਬਿਨਾਂ ਵਜ੍ਹਾ ਵਾਰ-ਵਾਰ ਬੁਲਾਇਆ ਜਾ ਰਿਹਾ ਹੈ। ਇਸ ‘ਤੇ ਪੰਜਾਬ ਸਰਕਾਰ ਨੇ ਐਸਆਈਟੀ ਚੇਅਰਮੈਨ ਦੀ ਤਰਫੋਂ ਕਿਹਾ ਕਿ ਮਜੀਠੀਆ ਤੋਂ ਮੰਗੀ ਗਈ ਜਾਣਕਾਰੀ 25 ਜੂਨ ਤੱਕ ਦਿੱਤੀ ਜਾ ਸਕਦੀ ਹੈ। ਜਦੋਂ ਮਜੀਠੀਆ ਦੇ ਵਕੀਲ ਨੇ ਇਸ ‘ਤੇ ਵੀ ਸਵਾਲ ਉਠਾਏ ਤਾਂ ਸਰਕਾਰੀ ਵਕੀਲ ਨੇ ਕਿਹਾ ਕਿ ਮਜੀਠੀਆ 8 ਜੁਲਾਈ ਤੋਂ ਬਾਅਦ ਪੇਸ਼ ਹੋ ਸਕਦੇ ਹਨ। ਸਰਕਾਰੀ ਵਕੀਲ ਦੇ ਇਸ ਬਿਆਨ ਨੂੰ ਰਿਕਾਰਡ ‘ਤੇ ਲੈਂਦਿਆਂ ਹਾਈਕੋਰਟ ਨੇ ਮਾਮਲੇ ਦੀ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਅਜਿਹੇ ‘ਚ ਹੁਣ ਹਾਈਕੋਰਟ ਦੇ ਦਖਲ ਕਾਰਨ ਮਜੀਠੀਆ ਨੂੰ 8 ਜੁਲਾਈ ਤੱਕ ਐੱਸਆਈਟੀ ਸਾਹਮਣੇ ਪੇਸ਼ ਹੋਣ ਤੋਂ ਛੋਟ ਮਿਲ ਗਈ ਹੈ। ਮਜੀਠੀਆ ਖ਼ਿਲਾਫ਼ 20 ਦਸੰਬਰ 2021 ਨੂੰ ਮੁਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਜੀਠੀਆ ਨੂੰ ਬਾਅਦ ਵਿੱਚ ਇਸ ਮਾਮਲੇ ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

Leave a Reply

Your email address will not be published. Required fields are marked *