ਮੋਹਿੰਦਰ ਭਗਤ ਹੋਣਗੇ ਜਲੰਧਰ ਤੋਂ ਆਪ ਦੇ ਉਮੀਦਵਾਰ

ਚੰਡੀਗੜ, 17 ਜੂਨ (ਖ਼ਬਰ ਖਾਸ ਬਿਊਰੋ)

ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਆਪ ਨੇ ਮੋਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ ਹੈ। ਹੁਣ ਤੱਕ ਕਿਸੇ ਵੀ ਪਾਰਟੀ ਨੇ ਕੋਈ ਉਮੀਦਵਾਰ ਨਹੀਂ ਐਲਾਨਿਆ ।

ਭਗਤ ਦਾ ਸਿਆਸੀ ਪਿਛੋਕੜ

ਮੋਹਿੰਦਰ ਭਗਤ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦਾ ਬੇਟਾ ਹੈ, ਉਹ ਜਲੰਧਰ ਲੋਕ ਸਭਾ ਦੇ ਉਪ ਚੋਣ ਦੌਰਾਨ ਭਾਜਪਾ ਛੱਡ ਆਪ ਵਿਚ ਸ਼ਾਮਲ ਹੋ ਗਏ ਸਨ। ਉਸ ਵਕਤ ਆਪ ਨੇ ਮੋਹਿੰਦਰ ਲਾਲ ਭਗਤ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ  ਚੇਅਰਮੈਨ ਦੀ ਖਾਲੀ ਪੋਸਟ ਉਤੇ ਚੇਅਰਮੈਨ ਲਗਾਉਣ ਦਾ ਭਰੋਸਾ ਦਿੱਤਾ ਸੀ, ਪਰ ਅਕਤੂਬਰ 2021 ਤੇ ਖਾਲੀ ਪਈ ਚੇਅਰਮੈਨ ਦੀ ਕੁਰਸੀ ਅਜੇ ਖਾਲੀ ਪਈ ਹੈ।

ਆਪ ਨੇ ਕਿਉਂ ਖੇਡਿਆ ਦਾਅ

ਮੋਹਿੰਦਰ ਭਗਤ, ਇਕ ਵੱਡਾ ਕਾਰੋਬਾਰੀ ਹੈ। ਉਸਦਾ ਜਲੰਧਰ ਵਿਖੇ ਸਪੋਰਟਸ ਨਾਲ ਸਬੰਧਤ ਕਾਰੋਬਾਰ ਹੈ, ਜੋ ਦੇਸ਼ ਵਿਦੇਸ਼ ਵਿਚ ਖੇਡਾਂ ਨਾਲ ਸਬੰਧਤ ਸਾਮਾਨ ਸਪਲਾਈ ਕਰਦਾ ਹੈ। ਅਤੀਤ ਵਿਚ ਉਹਨਾਂ ਦਾ ਪਰਿਵਾਰ ਭਾਜਪਾ ਨਾਲ ਜੁੜਿਆ ਰਿਹਾ ਹੈ। ਉਸਦੇ ਪਿਤਾ ਚੁੰਨੀ ਲਾਲ ਭਗਤ ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਬਾਦਲ ਵਜਾਰਤ ਵਿਚ ਨੰਬਰ ਦੋ ਦੇ ਮੰਤਰੀ ਸਨ। ਚੁੰਨੀ ਲਾਲ ਜੰਗਲਾਤ, ਸਥਾਨਕ ਸਰਕਾਰਾਂ ਵਿਭਾਗ ਅਤੇ ਸਿਹਤ ਵਿਭਾਗ ਦੇ ਮੰਤਰੀ ਰਹੇ ਹਨ।

ਵੱਡੀ ਗੱਲ ਇਹ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿਚ ਵੱਡੀ ਗਿਣਤੀ ਅਨੁਸੂਚਿਤ ਭਾਈਚਾਰੇ ਦੀ ਹੈ। ਜਿਹਨਾਂ ਵਿਚ ਭਗਤਾਂ ਦੀ ਗਿਣਤੀ ਵਧੇਰੇ ਦੱਸੀ ਜਾਂਦੀ ਹੈ। ਵੈਸੇ ਰਵਿਦਾਸੀਆ, ਜੁਲਾਹਾ, ਕਬੀਰ ਪੰਥੀ ਭਾਈਚਾਰੇ ਦੀ ਸੰਖਿਆ ਵੀ ਕਾਫ਼ੀ ਹੈ। ਸਿਆਸੀ ਗਲਿਆਰਿਆ ਵਿਚ ਇਹ ਚਰਚਾ ਰਹਿੰਦੀ ਹੈ ਕਿ ਜਿਹੜੀ ਪਾਰਟੀ ਭਗਤ ਭਾਈਚਾਰੇ ਨੂੰ ਟਿਕਟ ਦਿੰਦੀ ਹੈ ਤਾਂ ਉਹ ਉਲਰਕੇ ਇਕ ਪਾਸੇ ਭੁਗਤ ਜਾਂਦੇ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਵੋਟਾਂ ਦੇ ਗਣਿਤ ਨੂੰ ਦੇਖਦੇ ਹੋਏ ਕਾਂਗਰਸ ਤੇ ਭਾਜਪਾ ਕਿਸ ਉਮੀਦਵਾਰ ਉਤੇ ਦਾਅ ਖੇਡਦੀ ਹੈ। ਚਰਚਾ ਹੈ ਕਿ ਭਾਜਪਾ ਸ਼ੀਤਲ ਅੰਗੁਰਾਲ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ ਕਿਉਂਕਿ ਭਾਜਪਾ ਵਿਚ ਸ਼ਾਮਲ ਹੋਣ ਵੇਲੇ ਉਸ ਨਾਲ ਚੋਣ ਲੜਾਉਣ ਦਾ ਵਾਅਦਾ ਕੀਤਾ ਗਿਆ ਸੀ।

ਆਪ ਦੇ MLA ਸੀਤਲ ਅੰਗੁਰਾਲ ਦੇ ਅਸਤੀਫ਼ਾ ਦੇਣ ਕਾਰਨ 30 ਮਈ ਨੂੰ ਖਾਲੀ ਹੋਈ ਸੀ ਸੀਟ

ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੁਆਰਾ ਅਸਤੀਫ਼ਾ ਦੇਣ ਕਾਰਨ ਇਹ ਸੀਟ ਖਾਲੀ ਹੋਈ ਹੈ। ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਦਲਬਦਲੀ ਐਕਟ ਕਾਰਨ ਉਹਨਾਂ ਵਿਧਾਇਕ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੰਗੁਰਾਲ ਨੂੰ ਉਮੀਦ ਸੀ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੁਰੰਤ ਅਸਤੀਫ਼ਾ ਸਵੀਕਾਰ ਕਰ ਲੈਣਗੇ ਪਰ ਅਜਿਹਾ ਨਹੀਂ ਹੋਇਆ ਜਿਸ ਕਰਕੇ ਲੋਕ ਸਭਾ ਚੋਣਾ ਦੌਰਾਨ ਉਪ ਚੋਣ ਨਹੀਂ ਹੋ ਸਕੀ।

ਇਕ ਜੂਨ ਨੂੰ ਵੋਟਾਂ ਪੈਣ ਬਾਅਦ ਸ਼ੀਤਲ ਅੰਗੁਰਾਲ ਨੇ ਸਪੀਕਰ ਨੂੰ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਸੀ, ਪਰ ਸਪੀਕਰ ਨੇ 30 ਮਈ 2024 ਨੂੰ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਸੀ। ਚੋਣ ਕਮਿਸ਼ਨ ਨੇ ਸੱਤ ਸੂਬਿਆ ਵਿਚ 10 ਜੁਲਾਈ ਨੂੁੰ ਜਿ਼ਮਨੀ ਚੋਣਾਂ ਦਾ ਐਲਾਨ ਕੀਤਾ ਹੈ। ਜਿਸ ਤਹਿਤ ਜਲੰਧਰ ਵਿਖੇ ਉਪ ਚੋਣ ਹੋਵੇਗੀ।

–ਤਾਜ਼ਾ ਚੋਣਾਂ ਵਿਚ ਪਾਰਟੀਆਂ ਦੀ ਰਹੀ ਇਹ ਪੁਜੀਸ਼ਨ

1 ਜੂਨ ਨੂੰ ਜਲੰਧਰ ਲੋਕ ਸਭਾ ਹਲਕੇ ਲਈ ਪਈਆਂ ਵੋਟਾਂ ਵਿਚ ਜਲੰਧਰ ਪੱਛਮੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਲੀਡ ਲਈ ਹੈ। ਚੰਨੀ ਨੂੰ 44394 ਵੋਟਾਂ ਮਿਲੀਆਂ ਸਨ, ਜਦਕਿ ਉਨਾਂ ਦੇ ਵਿਰੋਧੀ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਇੱਥੋਂ 42837 ਵੋਟਾਂ ਮਿਲੀਆਂ। ਜਦਕਿ ਆਪ ਦੇ ਉਮੀਦਵਾਰ ਪਵਨ ਟੀਨੂੰ ਨੂੰ ਕੇਵਲ 28208 ਵੋਟਾਂ ਪ੍ਰਾਪਤ ਹੋਈਆਂ ਸਨ। ਹੁਣ ਜ਼ਿਮਨੀ ਚੋਣ ਵਿਚ ਨਤੀਜ਼ਿਆ  ਵਿਚ ਉਲਟਫੇਰ ਹੋ ਸਕਦਾ ਹੈ।

ਮੁੱਖ ਮੰਤਰੀ ਨੇ ਲਿਆ ਜਲੰਧਰ ਵਿਚ ਘਰ

ਉਪ ਚੋਣ ਸਾਰੀਆ ਪਾਰਟੀਆਂ ਲਈ ਵਕਾਰ ਦਾ ਸਵਾਲ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਸੀਟ ਮੁੜ ਆਪ ਦੇ ਖਾਤੇ ਵਿਚ ਲਿਆਉਣੀ ਚੁਣੌਤੀ ਬਣ ਗਈ ਹੈ। ਜਦਕਿ ਦੂਜੇ ਪਾਸੇ ਕਾਂਗਰਸ ਪਾਰਟੀ ਖਾਸਕਰਕੇ ਚਰਨਜੀਤ ਸਿੰਘ ਚੰਨੀ ਲਈ ਪਹਿਲਾਂ ਵਾਲੀ ਸਥਿਤੀ ਨੂੰ ਬਹਾਲ ਰੱਖਣਾ ਅਤੇ ਭਾਜਪਾ ਲਈ 1537 ਵੋਟਾਂ ਦੇ ਅੰਤਰ ਨੂੰ ਪਾਰ ਕਰਨ ਦੀ ਚੁਣੌਤੀ ਹੈ। ਇਸ ਵਕਤ ਸਦਨ ਵਿਚ ਆਪ ਦੀਆਂ 91 ਸੀਟਾਂ ਰਹਿ ਗਈਆਂ ਹਨ, ਮੁੱਖ ਮੰਤਰੀ ਨੇ ਹਰ ਹਾਲਤ ਵਿਚ ਜਿੱਤ ਦਰਜ਼ ਕਰਵਾਉਣਾ ਚਾਹੁੰਦੇ ਹਨ,ਕਿਉਂਕਿ ਲੋਕ ਸਭਾ ਚੋਣਾਂ ਵਿਚ ਮੁੱਖ ਮੰਤਰੀ 13-0 ਦਾ ਦਾਅਵਾ ਕਰਦੇ ਸਨ, ਪਰ ਆਪ ਨੂੰ ਤਿੰਨ ਸੀਟਾਂ ਉਤੇ ਸਬਰ ਕਰਨਾ ਪਿਆ ਹੈ। ਹੁਣ ਮੁੱਖ ਮੰਤਰੀ ਨੇ ਜਲੰਧਰ ਵਿਚ ਕਿਰਾਏ ਦਾ ਘਰ ਲਿਆ ਹੈ। ਦੇਖਣ ਵਾਲੀ ਗੱਲ ਹੋਵੇਗੀ ਕਿ ਜਲੰਧਰ ਪੱਛਮੀ ਦੇ ਵੋਟਰ ਕਿਸ ਪਾਰਟੀ ਤੇ ਉਮੀਦਵਾਰ ਦੇ ਭਾਗ ਜਿਤਾਉਣਗੇ।

 

Leave a Reply

Your email address will not be published. Required fields are marked *