ਚੰਡੀਗੜ 30 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਵਿਧਾਨ ਸਭਾ ਵਿਚ ਅੱਜ ਹੁਕਮਰਾਨ ਅਤੇ ਵਿਰੋਧੀ ਧਿਰ ਵਿਚ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਬੋਲਣ ਨੂੰ ਲੈ ਕੇ ਜਬਰਦਸ਼ਤ ਬਹਸ ਹੋਈ। ਖਹਿਰਾ ਨੂੰ ਬੋਲਣ ਲਈ ਸਮਾਂ ਨਾ ਮਿਲਣ ’ਤੇ ਵਧਿਆ ਵਿਰੋਧ ਭਿਆਨਕ ਰੂਪ ਧਾਰਨ ਕਰ ਗਿਆ ਅਤੇ ਮਾਰਸ਼ਲਾਂ ਨੇ ਸਪੀਕਰ ਵਲੋਂ ਨੇਮ ਕੀਤੇ ਜਾਣ ਬਾਅਦ ਉਸਨੂੰ ਧੱਕੇ ਮਾਰਕੇ ਸਦਨ ਵਿਚੋ ਬਾਹਰ ਕਰ ਦਿੱਤਾ।
ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਸਦਨ ਵਿੱਚ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੀ ਥਾਂ ਲਿਆਂਦੀ ਗਈ ਨਵੀਂ ਜੀ.ਰਾਮ.ਜੀ. ਯੋਜਨਾ ’ਤੇ ਚਰਚਾ ਕਰਨਾ ਚਾਹੁੰਦੇ ਸਨ। ਉਹ ਲੰਮੇ ਸਮੇਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ, ਉਦੋਂ ਖਹਿਰਾ ਆਪਣੀ ਸੀਟ ਤੇ ਖੜਾ ਹੋ ਗਏ ਅਤੇ ਬੋਲਣ ਲਈ ਸਮਾਂ ਮੰਗਿਆ। ਸਪੀਕਰ ਨੇ ਖਹਿਰਾ ਦੀ ਥਾਂ ਮੁੱਖ ਮੰਤਰੀ ਨੂੰ ਬੋਲਣ ਲਈ ਕਹਿ ਦਿੱਤਾ । ਇਸਦੇ ਵਿਰੋਧ ਵਿਚ ਖਹਿਰਾ ਵੈੱਲ ਵਿੱਚ ਆ ਗਏ। ਖਹਿਰਾ ਨੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਕਾਂਗਰਸੀ ਵਿਧਾਇਕ ਵੀ ਖਹਿਰਾ ਦੇ ਸਮਰਥਨ ਵਿੱਚ ਵੈੱਲ ਵਿੱਚ ਪਹੁੰਚ ਗਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਲੀਲ ਦਿੱਤੀ ਕਿ ਖਹਿਰਾ ਦਾ ਨਾਮ ਬੋਲਣ ਵਾਲੇ ਬੁਲਾਰਿਆਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਉਸਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਮਿਲਣਾ ਚਾਹੀਦਾ ਹੈ। ਸਪੀਕਰ ਨੇ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਨੂੰ ਨਿਰਧਾਰਿਤ ਸਮੇਂ ਤੋਂ ਵੱਧ ਸਮਾਂ ਦਿੱਤਾ ਜਾ ਚੁੱਕਾ ਹੈ ਅਤੇ ਖਹਿਰਾ ਦਾ ਨਾਮ ਅੰਤਿਮ ਸੂਚੀ ਵਿੱਚ ਨਹੀਂ ਹੈ।ਹੰਗਾਮੇ ਨੂੰ ਦੇਖਦਿਆਂ ਸਪੀਕਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਨੇਮ ਕਰ ਦਿੱਤਾ।
ਕਾਂਗਰਸ ਦੇ ਵਿਰੋਧ ’ਤੇ ਤੰਜ਼ ਕਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ’ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਪਿਛਲੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਅਪਮਾਨਜਨਕ ਸ਼ਬਦਾਵਲੀ ਵਰਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਉਪਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਸੋਚਦੇ ਹਨ ਅਤੇ ਆਪਸ ਵਿੱਚ ਹੀ ਇਕ-ਦੂਜੇ ਨੂੰ ਪਿੱਛੇ ਧੱਕਣ ਵਿੱਚ ਲੱਗੇ ਹੋਏ ਹਨ।