ਆਪ ਵਿਧਾਇਕ ਨੇ ਮੋਦੀ ਖਿਲਾਫ਼ ਕੀਤੀ ਇਹ ਟਿੱਪਣੀ, ਭਾਜਪਾ ਨੇ ਦੱਸਿਆ ਪ੍ਰਧਾਨ ਮੰਤਰੀ ਦਾ ਅਪਮਾਨ

 ਚੰਡੀਗੜ੍ਹ 30 ਦਸੰਬਰ (ਖ਼ਬਰ ਖਾਸ ਬਿਊਰੋ)

ਅੱਜ ਪੰਜਾਬ ਵਿਧਾਨ ਸਭਾ ਵਿਚ ਉਸ ਵਕਤ ਮਾਹੌਲ ਗਰਮ ਹੋ ਗਿਆ ਜਦੋਂ ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪ੍ਰਧਾਨ ਮੰਤਰੀ ਖਿਲਾਫ਼ ਟਿੱਪਣੀ ਕਰਦਿਆਂ ਕਿਹਾ ਕਿ  “ਕਿਸਾਨਾਂ ਨੇ ਮੋਦੀ ਦੀ ਗਰਦਨ ‘ਤੇ ਗੋਡਾ ਰੱਖ ਕੇ ਖੇਤੀ ਬਿੱਲ ਵਾਪਸ ਕਰਵਾਏ ਸਨ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵਿਰੋਧ ਕਰਦੇ ਹੋਏ ਇਹ ਸ਼ਬਦ ਵਿਧਾਨ  ਸਭਾ ਦੀ ਕਾਰਵਾਈ ਵਿਚੋ ਹਟਾਉਣ ਦੀ ਮੰਗ ਕੀਤੀ, ਪਰ ਸਪੀਕਰ ਨੇ ਸ਼ਰਮਾ ਦੀ ਇਹ ਮੰਗ ਨੂੰ ਦਰਕਿਨਾਰ ਕਰ ਦਿੱਤਾ। ਸ਼ਰਮਾ ਨੇ ਕਿਹਾ, “ਸਪੀਕਰ ਸਾਹਿਬ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਇਹ ਪ੍ਰਧਾਨ ਮੰਤਰੀ ਦਾ ਅਪਮਾਨ ਹੈ।

ਸ਼ਰਮਾ ਨੇ ਕਿਹਾ, “ਸਰਕਾਰ ਝੂਠ ਅਤੇ ਭੰਬਲਭੂਸਾ ਫੈਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਗਰੰਟੀ 100 ਦਿਨਾਂ ਦਾ ਰੁਜ਼ਗਾਰ ਦੇਣ ਦੀ ਸੀ ਪਰ ਮੌਜੂਦਾ ਸਾਲ ਵਿੱਚ ਔਸਤਨ 26 ਦਿਨ ਰੁਜ਼ਗਾਰ ਦਿੱਤਾ ਗਿਆ , ਜਦੋਂ ਕਿ ਪਿਛਲੇ ਤਿੰਨ ਸਾਲਾਂ ਵਿੱਚ, ਔਸਤਨ 38 ਦਿਨ ਰੁਜ਼ਗਾਰ ਦਿੱਤਾ ਗਿਆ । ਮਨਰੇਗਾ ਐਕਟ ਦੇ ਅਨੁਸਾਰ, ਰਾਜ ਸਰਕਾਰ ਇੱਕ ਕਰਮਚਾਰੀ ਦੀ ਬੇਨਤੀ ਦੇ 15 ਦਿਨਾਂ ਦੇ ਅੰਦਰ ਕੰਮ ਪ੍ਰਦਾਨ ਕਰਨ ਲਈ ਪਾਬੰਦ ਹੈ। ਜੇਕਰ ਕੰਮ ਨਹੀਂ ਦਿੱਤਾ ਜਾਂਦਾ ਹੈ, ਤਾਂ ਬੇਰੁਜ਼ਗਾਰੀ ਭੱਤਾ ਦੇਣਾ ਲਾਜ਼ਮੀ ਹੈ। ਵਿੱਤ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿੰਨਾ ਭੱਤਾ ਦਿੱਤਾ ਗਿਆ ਹੈ। ਅਜਿਹੀਆਂ ਸਥਿਤੀਆਂ ਵਿੱਚ, ਮਨਰੇਗਾ ਐਕਟ ਦੀ ਧਾਰਾ 25 ਦੇ ਤਹਿਤ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਰਾਜ ਦੇ 23 ਜ਼ਿਲ੍ਹਿਆਂ ਵਿੱਚ ਅੱਜ ਤੱਕ ਕਿੱਥੇ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ  ਕਿਹਾ ਕਿ ਅਨੁਸੂਚਿਤ ਜਾਤੀ ਦੇ ਮਜ਼ਦੂਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਅਨੁਸੂਚਿਤ ਜਾਤੀ ਐਕਟ ਅਧੀਨ ਕਾਰਵਾਈ ਲਾਜ਼ਮੀ ਹੈ। ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਦੋਸ਼ੀ ਅਧਿਕਾਰੀਆਂ ਵਿਰੁੱਧ ਅਜਿਹੇ ਕਿੰਨੇ ਮਾਮਲੇ ਕੀਤੇ ਗਏ ਹਨ।

ਭਾਜਪਾ ਵਿਧਾਇਕ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਮਨਰੇਗਾ ਤਹਿਤ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਨੂੰ ਛੁਪਾਉਣ ਲਈ ਲਾਜ਼ਮੀ ਸਮਾਜਿਕ ਆਡਿਟ ਵੀ ਨਹੀਂ ਕਰਵਾ ਰਹੀ ਹੈ। 2024-25 ਵਿੱਚ 6,095 ਗ੍ਰਾਮ ਪੰਚਾਇਤਾਂ ਅਤੇ 2025-26 ਵਿੱਚ 7,389 ਗ੍ਰਾਮ ਪੰਚਾਇਤਾਂ ਲਈ ਸਮਾਜਿਕ ਆਡਿਟ ਨਹੀਂ ਕਰਵਾਏ ਗਏ। ਪੰਜਾਬ ਸਰਕਾਰ ਨੇ ਸਪੈਸ਼ਲ ਆਡਿਟ ਯੂਨਿਟ ਦੁਆਰਾ ਪਾਏ ਗਏ 3,986 ਭ੍ਰਿਸ਼ਟਾਚਾਰ ਮਾਮਲਿਆਂ ‘ਤੇ ਅਜੇ ਤੱਕ ਕੋਈ ਕਾਰਵਾਈ ਰਿਪੋਰਟ ਜਾਰੀ ਨਹੀਂ ਕੀਤੀ ਹੈ, ਜੋ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਭ੍ਰਿਸ਼ਟ ਵਿਅਕਤੀਆਂ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ “ਜੀ ਰਾਮ ਜੀ” ਯੋਜਨਾ ਤਹਿਤ 100 ਦੀ ਬਜਾਏ 125 ਦਿਨਾਂ ਦਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਖੇਤਰ ਵਿੱਚ ਕਿਰਤ ਸ਼ਕਤੀ ਨੂੰ ਸੰਤੁਲਿਤ ਕਰਨ ਲਈ ਇਹ ਯਕੀਨੀ ਬਣਾਉਣ ਲਈ ਇੱਕ ਪ੍ਰਬੰਧ ਕੀਤਾ ਗਿਆ ਹੈ ਕਿ ਬਿਜਾਈ ਅਤੇ ਵਾਢੀ ਦੌਰਾਨ “ਜੀ ਰਾਮ ਜੀ” ਯੋਜਨਾ ਤਹਿਤ ਕੋਈ ਕੰਮ ਨਾ ਹੋਵੇ। ਇਸ ਵਿੱਚ ਕੀ ਗਲਤ ਹੈ?

ਗਿੱਦੜਬਾਹਾ ਅਤੇ ਅਬੋਹਰ ਵਿੱਚ ਘੁਟਾਲੇ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮਨਰੇਗਾ ਵਿੱਚ ਘੁਟਾਲੇ ਹੋਏ ਹਨ, ਪਰ ਇਹ ਘੁਟਾਲੇ ਕਾਂਗਰਸ ਦੇ ਸ਼ਾਸਨ ਦੌਰਾਨ ਹੋਏ ਹਨ। ਸਭ ਤੋਂ ਮਹੱਤਵਪੂਰਨ ਘੁਟਾਲੇ ਗਿੱਦੜਬਾਹਾ, ਮੁਕਤਸਰ, ਅਬੋਹਰ ਅਤੇ ਫਾਜ਼ਿਲਕਾ ਵਿੱਚ ਹੋਏ ਹਨ। ਕਾਂਗਰਸ ਪ੍ਰਧਾਨ ਗਿੱਦੜਬਾਹਾ ਤੋਂ ਵਿਧਾਇਕ ਸਨ, ਜਦੋਂ ਕਿ ਸੁਨੀਲ ਜਾਖੜ ਹੁਣ ਅਬੋਹਰ-ਫਾਜ਼ਿਲਕਾ ਤੋਂ ਭਾਜਪਾ ਪ੍ਰਧਾਨ ਹਨ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਅਸ਼ਵਨੀ ਸ਼ਰਮਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਪੂਰੇ ਪੰਜਾਬ ਦੀ ਜਾਂਚ ਹੋਣੀ ਚਾਹੀਦੀ ਹੈ।

 

Leave a Reply

Your email address will not be published. Required fields are marked *