ਚੰਡੀਗੜ੍ਹ 15 ਨਵੰਬਰ ( ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ (ਆਪ) ਨੇ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਜਿੱਤ ਕੇ ਪਾਰਟੀ ਦਾ ਜੈਤੂ ਝੰਡਾ ਝੁਲਦਾ ਰੱਖਿਆ ਹੈ, ਹੁਣ ਤੱਕ ਹੋਈਆਂ ਸੱਤ ਜ਼ਿਮਨੀ ਚੋਣਾਂ ਵਿੱਚ ਆਪ ਨੇ ਛੇ ਜਿਵੇਂ ਨਾ ਕਿਵੇਂ ਜਿੱਤੀਆਂ ਹਨ,ਸ ਪਰ ਇਸਦੇ ਬਾਵਜੂਦ ਹੁਣ ਤਰਨ ਤਾਰਨ ਹਲਕੇ ਵਿਚ ਲਗਾਤਾਰ ਘੱਟ ਰਹੀਆਂ ਵੋਟਾਂ ਪਾਰਟੀ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹਨ। ਭਾਵੇਂ ‘ਆਪ’ ਨੇ ਚੋਣ ਜਿੱਤ ਲਈ ਹੈ, ਪਰ ਵੋਟ ਗਿਣਤੀ ਵਿੱਚ ਗਿਰਾਵਟ ਨੇ ਪਾਰਟੀ ਲੀਡਰਸ਼ਿਪ ਦੀ ਚਿੰਤਾ ਵਧਾ ਦਿੱਤੀ ਹੈ। ਲਗਾਤਾਰ ਡਿੱਗ ਰਿਹਾ ਗਰਾਫ਼ ਪਾਰਟੀ ਨੂੰ ਆਤਮ ਮੰਥਨ ਕਰਨ ਲਈ ਮਜ਼ਬੂਰ ਰਿਹਾ ਹੈ।
ਜੇਕਰ ਆਪ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ 2022 ਵਿੱਚ ਬਣੀ ‘ਆਪ’ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਵਿੱਚ ਸੱਤ ਵਿੱਚੋਂ ਛੇ ਵਿਧਾਨ ਸਭਾ ਉਪ ਚੋਣਾਂ ਜਿੱਤੀਆਂ ਹਨ। ਬਰਨਾਲਾ ਵਿਧਾਨ ਸਭਾ ਹਲਕੇ ਦੀ ਇੱਕ ਸੀਟ ਗੁਆ ਦਿੱਤੀ ਹੈ। ਪਾਰਟੀ ਨੇ ਤਰਨਤਾਰਨ ਉਪ ਚੋਣ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਰੋਧੀ ਪਾਰਟੀਆਂ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਐਸਐਸਪੀ ਰਵਜੋਤ ਕੌਰ ਨੂੰ ਮੁਅੱਤਲ ਕਰਨਾ ਹੈ ਅਤੇ ਇੱਕ ਵਿਸ਼ੇਸ਼ ਡੀਜੀਪੀ ਰਾਮ ਸਿੰਘ ਨੂੰ ਵੀ ਤਾਇਨਾਤ ਕਰ ਦਿੱਤਾ ਅਤੇ ਹਲਕੇ ਵਿੱਚ ਅਕਾਲੀ ਆਗੂਆਂ ਵਿਰੁੱਧ ਦਰਜ ਮਾਮਲਿਆਂ ਦੀ ਜਾਂਚ ਰਿਪੋਰਟ 36 ਘੰਟਿਆਂ ਦੇ ਅੰਦਰ ਮੰਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਪੰਜਾਬ ਪੁਲਿਸ ਦਾ ਉਮੀਦਵਾਰ ਕਹਿ ਕੇ ਜਿੱਤ ‘ਤੇ ਵਧਾਈ ਦਿੱਤੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਹੀ ਦੋਸ਼ ਲਗਾਇਆ ਹੈ, ਵੋਟਰਾਂ ਨੂੰ ਡਰਾਉਣ ਲਈ ਸੱਤਾਧਾਰੀ ਪਾਰਟੀ ਦੀ ਮਸ਼ੀਨਰੀ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ।
ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਲਈ ਪਾਰਟੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਫੈਸਲਾ ਕਰਨਾ ਸੀ ਕਿ ਪੰਥਕ ਸੀਟ ਮੰਨੀ ਜਾਂਦੇ ਹਲਕੇ ਵਿਚ ਕਿਸ ਉਮੀਦਵਾਰ ਨੂੰ ਖੜ੍ਹਾ ਕਰਨਾ ਹੈ। ਪਾਰਟੀ ਨੇ ਆਪਣੇ ਕਿਸੇ ਵੀ ਵਰਕਰ ਜਾਂ ਵਲੰਟੀਅਰ ਨੂੰ ਖੜ੍ਹਾ ਕਰਨ ਦੀ ਬਜਾਏ, ਅਕਾਲੀ ਨੇਤਾ ਹਰਮੀਤ ਸਿੰਘ ਸੰਧੂ, ਜਿਸਨੇ 2022 ਵਿੱਚ ਆਪ ਨੂੰ ਹੀ ਚੁਣੌਤੀ ਦਿੱਤੀ ਸੀ, ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਇਸ ਚਿੰਤਾ ਨੂੰ ਦੂਰ ਕੀਤਾ। ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਸੀਟ ਲਈ ਉਮੀਦਵਾਰ ਵਜੋਂ ਐਲਾਨਣ ਲਈ ਸਮਾਂ ਲਿਆ, ਪਰ ਉਨ੍ਹਾਂ ਦੀ ਬੇਨਤੀ ‘ਤੇ ਤਰਨਤਾਰਨ ਹਲਕੇ ਵਿੱਚ ਵਿਕਾਸ ਕਾਰਜ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਸਨ।
ਚੋਣ ਮੁਹਿੰਮ ਦੌਰਾਨ, ਪਾਰਟੀ ਨੂੰ ਇੱਥੇ ਬਹੁਤੀ ਸਫਲਤਾ ਨਹੀਂ ਮਿਲ ਰਹੀ ਸੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ, ਮਨੀਸ਼ ਸਿਸੋਦੀਆ ਨੇ ਇਸ ਮੁੱਦੇ ‘ਤੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨਾਲ ਕਈ ਲੰਮੀਆਂ ਚਰਚਾਵਾਂ ਕੀਤੀਆਂ। ਮੁੱਖ ਮੰਤਰੀ ਭਗਵੰਤ ਮਾਨ ਨੂੰ ਰੋਡ ਸ਼ੋਅ ਲਈ ਬਾਹਰ ਕੱਢਿਆ ਗਿਆ ਸੀ, ਪਰ ਉਨ੍ਹਾਂ ਲਈ ਮੋੜ ਉਦੋਂ ਆਇਆ ਜਦੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਤਿੱਖੀਆ ਟਿੱਪਣੀਆਂ ਕੀਤੀਆਂ । ਵੜਿੰਗ ਦਾ ਬਿਆਨ ਆਪ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ। ਪੰਜਾਬ ਅਨੁਸੂਚਿਤ ਜਾਤੀ ਚੋਣ ਕਮਿਸ਼ਨ ਨੇ ਵੀ ਵੜਿੰਗ ਨੂੰ ਨੋਟਿਸ ਕੀਤਾ ਅਤੇ ਵੜਿੰਗ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ। ਮੰਨਿਆ ਜਾਂਦਾ ਹੈ ਕਿ ਰਾਜਾ ਵੜਿੰਗ ਦੀਆਂ ਟਿੱਪਣੀਆਂ ਤੋਂ ਨਾਰਾਜ਼ ਇਹ ਅਨੁਸੂਚਿਤ ਜਾਤੀ ਵੋਟ ਬੈਂਕ ਆਮ ਆਦਮੀ ਪਾਰਟੀ ਵੱਲ ਖਿਸਕ ਗਿਆ।
ਤੀਜਾ ਮੋੜ ਤਰਨਤਾਰਨ ਸ਼ਹਿਰ ਸੀ, ਜੋ ਪਾਰਟੀ ਵੱਲ ਬਹੁਤ ਜ਼ਿਆਦਾ ਝੁਕਿਆ। ‘ਆਪ’ ਨੇ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਪੇਸ਼ ਕਰਨ ਵਾਲੇ ਅਕਾਲੀ ਉਮੀਦਵਾਰ ‘ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਹਰ ਬਿਆਨ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਦੇ ਹਵਾਲੇ ਸ਼ਾਮਲ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸੇ ਕਰਕੇ ਸ਼ਹਿਰ ਦੇ ਕਾਰੋਬਾਰੀਆਂ ਨੇ ਸੱਤਾਧਾਰੀ ‘ਆਪ’ ਦਾ ਸਮਰਥਨ ਕੀਤਾ।
ਇਹ ਹਨ ਵੋਟਾਂ ਦੇ ਅੰਕੜੇ
ਚੋਣ ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਕਸ਼ਮੀਰ ਸਿੰਘ ਸੋਹਲ ਨੂੰ 52395 ਵੋਟਾਂ ਪਈਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਸਨ ਜਿਸਨੰ 39347 ਵੋਟਾਂ ਪ੍ਰਾਪਤ ਹੋਈਆਂ ਸਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸਦੇ ਬਾਵਜੂਦ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 42649 ਵੋਟਾਂ ਪਈਆਂ ਹਨ। ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੂੰ 30558 ਵੋਟਾਂ ਮਿਲੀਆਂ ਹਨ ਪਰ 2022 ਦੇ ਮੁਕਾਬਲੇ 8789 ਵੋਟਾਂ ਘੱਟ ਗਈਆਂ ਹਨ। ਇਸ ਤਰ੍ਹਾਂ ਸੰਧੂ ਵਿਧਾਇਕ ਦੀ ਚੋਣ ਜਿੱਤ ਗਏ ਹਨ ਪਰ ਉਨ੍ਹਾਂ ਨੂੰ ਡਾ ਸੋਹਲ ਨਾਲੋ 9286 ਵੋਟਾਂ ਘੱਟ ਪ੍ਰਾਪਤ ਹੋਈਆਂ ਹਨ। ਲੋਕ ਸਭਾ ਚੋਣਾਂ ਮੌਕੇ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ 18298 ਵੋਟਾਂ ਮਿਲੀਆਂ ਸਨ। ਅਕਾਲੀ ਦਲ ਦੇ ਉਮੀਦਵਾਰ ਨੂੰ 10896 ਵੋਟਾਂ ਮਿਲੀਆਂ ਸਨ ਅਤੇ ਅੰਮ੍ਰਿਤਪਾਲ ਸਿੰਘ ਨੂੰ 44730 ਵੋਟਾਂ ਮਿਲੀਆਂ ਸਨ ਜੋ ਹੁਣ ਘੱਟਕੇ 19620 ਰਹਿ ਗਈਆਂ ਹਨ। ਇਸ ਤਰਾਂ ਆਪ ਲਈ ਜਿੱਤ ਦੀ ਖੁਸ਼ੀ ਦੇ ਜਸ਼ਨ ਦੇ ਨਾਲ ਨਾਲ ਮੰਥਨ ਕਰਨ ਦੀ ਵੀ ਜਰੂਰਤ ਹੈ ਕਿ ਲਗਾਤਾਰ ਵੋਟਾਂ ਦਾ ਗਰਾਫ਼ ਘੱਟ ਕਿਉਂ ਰਿਹਾ ਹੈ।