ਚੰਡੀਗੜ੍ਹ 14 ਨਵੰਬਰ ( ਖ਼ਬਰ ਖਾਸ ਬਿਊਰੋ)
ਵੋਟਾਂ ਦੌਰਾਨ ਮੁਅਤਲ ਕੀਤੀ ਤਰਨ ਤਾਰਨ ਦੀ SSP ਰਵਜੋਤ ਕੌਰ ਗਰੇਵਾਲ ਦੇ ਮਾਮਲੇ ਦੀ ਜਾਂਚ ਕਰ ਰਹੇ ਏਡੀਜੀਪੀ ਰਾਮ ਸਿੰਘ ਨੇ ਮੁੱਖ ਚੋਣ ਅਧਿਕਾਰੀ ਨੂੰ ਸੀਲਬੰਦ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਪਤਾ ਲੱਗਿਆ ਹੈ ਕਿ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਮਿਲੀਆਂ ਖ਼ਬਰਾਂ ਮੁਤਾਬਿਕ ਪੁਲਿਸ ਅਧਿਕਾਰੀ ਰਾਮ ਸਿੰਘ ਨੇ ਰਿਪੋਰਟ ਵਿੱਚ ਤਰਨ ਤਾਰਨ ਦੀ ਸਾਬਕਾ ਐਸਐਸਪੀ ਰਵਜੋਤ ਕੌਰ ਗਰੇਵਾਲ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਗਿਆ ਹੈ। ਯਾਨੀ ਰਿਪੋਰਟ ਵਿਚ ਰਵਜੋਤ ਕੌਰ ਗਰੇਵਾਲ ਨੂੰ ਸਿੱਧੇ ਤੌਰ ਉਤੇ ਕੋਈ ਜ਼ੁੰਮੇਵਾਰ ਨਹੀਂ ਠਹਿਰਾਇਆ ਗਿਆ।
ਚੋਣ ਕਮਿਸ਼ਨ ਨੇ 8 ਨਵੰਬਰ ਨੂੰ ਹਲਕੇ ਦੇ ਚੋਣ ਨਿਗਰਾਨ, ਉੜੀਸਾ-ਕੇਡਰ ਆਈਪੀਐਸ ਅਧਿਕਾਰੀ ਸ਼ਾਈਨੀ ਐਸ. ਦੁਆਰਾ ਤਰਨਤਾਰਨ ਵਿਚ ਅਕਾਲੀ ਵਰਕਰਾਂ ਵਿਰੁੱਧ FIR ਦਰਜ ਕਰਨ ਸੰਬੰਧੀ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ‘ਤੇ ਰਵਜੋਤ ਕੌਰ ਨੂੰ ਮੁਅੱਤਲ ਕਰ ਦਿੱਤਾ ਸੀ। ਸ਼ਾਈਨੀ ਐਸ. ਦੀ ਤਿੰਨ ਪੰਨਿਆਂ ਦੀ ਰਿਪੋਰਟ ਵਿੱਚ ਐਫਆਈਆਰ (FIR)ਦਰਜ ਕਰਨ ਦੇ ਤਰੀਕੇ ਅਤੇ ਗ੍ਰਿਫ਼ਤਾਰੀਆਂ ਦੇ ਸਮੇਂ ਬਾਰੇ ਸਵਾਲ ਖੜ੍ਹੇ ਕੀਤੇ ਗਏ ਸਨ। ਤਰਨਤਾਰਨ, ਅੰਮ੍ਰਿਤਸਰ, ਮੋਗਾ ਅਤੇ ਬਟਾਲਾ ਵਿੱਚ ਅਕਾਲੀ ਵਰਕਰਾਂ ਵਿਰੁੱਧ ਨੌਂ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਅਤੇ ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਚੋਣ ਕਮਿਸ਼ਨ ਕੋਲ ਉਠਾਇਆ ਸੀ।
ਰਵਜੋਤ ਕੌਰ ਦੀ ਮੁਅੱਤਲੀ ਤੋਂ ਪਹਿਲਾਂ, ਕਮਿਸ਼ਨ ਦੇ ਸੀਈਓ ਨੇ ਰਾਜ ਪੁਲਿਸ ਨੋਡਲ ਅਫਸਰ ਰਾਹੀਂ, ਫਿਰੋਜ਼ਪੁਰ ਰੇਂਜ ਦੇ ਡੀਆਈਜੀ ਤੋਂ ਜਵਾਬ ਮੰਗਿਆ। ਡੀਆਈਜੀ ਨੇ ਤਰਨਤਾਰਨ ਦੇ ਸਾਬਕਾ SSP ਨੂੰ ਕਿਸੇ ਵੀ ਗਲਤ ਕੰਮ ਤੋਂ ਮੁਕਤ ਕਰ ਦਿੱਤਾ ਅਤੇ ਕਿਹਾ ਕਿ ਗ੍ਰਿਫਤਾਰੀਆਂ ਚੱਲ ਰਹੀ ਜਾਂਚ ਦਾ ਹਿੱਸਾ ਸਨ। ਹਾਲਾਂਕਿ, ਕਮਿਸ਼ਨ ਨੇ ਨਿਰੀਖਕ ਦੀ ਰਿਪੋਰਟ ਦੇ ਆਧਾਰ ‘ਤੇ ਐਸਐਸਪੀ ਨੂੰ ਮੁਅੱਤਲ ਕਰ ਦਿੱਤਾ। ਬਾਅਦ ਵਿੱਚ ਕਮਿਸ਼ਨ ਨੇ ਏਡੀਜੀਪੀ ਰੈਂਕ ਦੇ ਅਧਿਕਾਰੀ ਦੁਆਰਾ ਜਾਂਚ ਦੇ ਆਦੇਸ਼ ਦਿੱਤੇ।