ਕੰਗ ਦੇ ਟਵੀਟ ਨੇ ਆਪ ਦੇ ਅੰਦਰ ਵਖਰੇਵੇਂ ਦੀ ਪੋਲ ਖੋਲ੍ਹੀ, ਆਖ਼ਰ ਕਿਸਨੇ ਕੀਤਾ ਟਵੀਟ ਡਲੀਟ

ਚੰਡੀਗੜ੍ਹ 29 ਜੁਲਾਈ ( ਖ਼ਬਰ ਖਾਸ ਬਿਊਰੋ)

ਸ਼੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ  ਪਾਰਟੀ ਦੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਦੇ ਐਕਸ ਉਤੇ ਕੀਤੇ ਟਵੀਟ ਨੇ ਆਪ ਦੇ ਅੰਦਰ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਵਖਰੇਂਵਿਆਂ ਦੀ ਪੋਲ ਖੋਲ਼੍ਹ ਦਿੱਤੀ ਹੈ। ਕੰਗ ਦੇ ਐਕਸ ਅਤੇ ਫੇਸਬੁੱਕ ਪੇਜ ‘ਤੇ ਕੀਤੀ ਪੋਸਟ ਨਾਲ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਪਾਰਟੀ ਦੇ ਅੰਦਰ ਪਾਲਸੀ ਨੂੰ ਲੈ ਕੇ ਮਤਭੇਦ ਬਰਕਰਾਰ ਹਨ। ਇਹੀ ਨਹੀਂ ਪਾਰਟੀ ਦੇ ਦਾਖਾ ਬਲਾਕ ਦੇ ਪ੍ਰਧਾਨ  ਤਪਿੰਦਰ ਸਿੰਘ  ਗਰੇਵਾਲ ਨੇ ਵੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿਚ ਅਸਤੀਫ਼ਾ ਦੇ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪਾਰਟੀ ਦੇ ਅੰਦਰ ਵਲੰਟਰੀਅਰਜ਼ ਤੇ ਆਗੂਆਂ ਵਲੋਂ ਦੱਬੀ ਆਵਾਜ਼ ਵਿਚ ਵਿਰੋਧ ਤਾਂ ਦਰਜ਼ ਕਰਵਾਇਆ ਜਾ ਰਿਹਾ ਹੈ, ਪਰ ਪਾਰਟੀ ਹਾਈਕਮਾਨ ਪਾਲਸੀ ਨੂੰ ਲਾਗੂ ਕਰਨ ਲਈ ਬਾਜਿੱਦ ਹੈ। ਇਹੀ ਕਾਰਨ ਹੈ ਕਿ ਪਾਲਸੀ ਵਿਚ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਸਰਕਾਰ ਨੇ ਸੋਧ ਵੀ ਕਰ ਦਿੱਤੀ ਹੈ। ਇਸਦੇ ਬਾਵਜੂਦ ਕਿਸਾਨ ਧਿਰਾਂ, ਕਿਸਾਨ ਅਤੇ ਰਾਜਸੀ ਵਿਰੋਧੀ ਪਾਰਟੀਆਂ ਵਲੋਂ ਪਾਲਸੀ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੋਇਆ ਹੈ। ਹੁਣ ਹਾਲਤ ਇਹ ਹੋ ਗਈ ਹੈ ਕਿ ਜਗਰਾਓ, ਲੁਧਿਆਣਾ ਹਲਕੇ ਦੇ ਕਈ ਪਿੰਡਾਂ ਵਿਚ ਆਪ ਆਗੂਆਂ ਦੇ ਪਿੰਡਾਂ ਵਿਚ ਦਾਖਲ ਨਾ ਹੋਣ ਬਾਰੇ ਚੇਤਾਵਨੀ ਵਾਲੇ ਪੋਸਟਰ ਵੀ ਲੱਗ ਗਏ ਹਨ। ਜਾਪਦਾ ਹੈ ਕਿ ਜੇਕਰ ਸਰਕਾਰ ਨੇ ਇਸ ਪਾਲਸੀ ਨੂੰ ਲੈ ਕੇ ਪੈਰ ਪਿੱਛੇ ਨਾ ਖਿੱਚੇ ਤਾਂ ਲਾਅ  ਐਂਡ ਆਰਡਰ ਦੀ ਸਥਿਤੀ ਗੰਭੀਰ ਹੋ ਸਕਦੀ ਹੈ।

ਕਿਸਾਨ ਵਾਰ ਵਾਰ ਆਖ ਰਹੇ ਹਨ ਕਿ ਉਹ ਆਪਣੀ ਜ਼ਮੀਨ ਦਾ ਇਕ  ਟੁਕੜਾ ਵੀ ਨਹੀਂ ਦੇਣਗੇ। ਇਹੀ ਪੁਜੀਸਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਚ ਹੋਈ ਸੀ। ਪੰਜਾਬ ਦੇ ਵਿਰੋਧ ਕਾਰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਵਿਆਪੀ ਲਹਿਰ ਬਣ ਗਈ ਸੀ। ਪਿੰਡਾੰ ਵਿਚ ਭਾਜਪਾ ਤੇ ਆਕਾਲੀ ਆਗੂਆਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਸੀ। ਇਸ ਸਥਿਤੀ ਨੂੰ ਭਾਂਪਦੇ ਹੋਏ ਹੀ ਮਲਵਿੰਦਰ ਕ ੰਗ ਨੇ ਆਪਣੇ ਸੋਸ਼ਲ ਮੀਡੀਆਂ ਅਕਾਉਂਟ ਉਤੇ ਪੋਸਟ ਸ਼ੇਅਰ ਕੀਤੀ  ਸੀ।

ਕੰਗ ਨੇ ਇਹ ਪੋਸਟ ਕੀਤੀ ਹੈ ਸ਼ੇਅਰ-

ਕੰਗ ਨੇ ਕਿਹਾ ਕਿ  “ਕਿਸਾਨਾਂ ਨੂੰ ਲੈਂਡ ਪੂਲਿੰਗ ਨੀਤੀ ‘ਤੇ ਇਤਰਾਜ਼ ਹੈ, ਮੇਰਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਨੂੰ ਸੁਝਾਅ ਹੈ ਕਿ ਸਾਡੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਕਿਸਾਨਾਂ ਦੀ ਬਿਹਤਰੀ ਲਈ ਬਹੁਤ ਕੰਮ ਕੀਤਾ ਹੈ, ਜਿਵੇਂ ਕਿ ਖੇਤੀਬਾੜੀ ਲਈ ਬਿਜਲੀ ਦੀ ਨਿਰਵਿਘਨ ਸਪਲਾਈ, ਫਸਲੀ ਵਿਭਿੰਨਤਾ ‘ਤੇ ਕੰਮ ਕਰਨਾ, ਹਰ ਖੇਤ ਨੂੰ ਪਾਣੀ ਦੇਣਾ, ਮਾਰਕੀਟਿੰਗ ਨੂੰ ਤੇਜ਼ ਕਰਨਾ । ਸਰਕਾਰ ਨੂੰ ਇਸ ਨੀਤੀ ‘ਤੇ ਵੀ ਕਿਸਾਨਾਂ ਅਤੇ ਸਾਡੇ ਕਿਸਾਨ ਸੰਗਠਨਾਂ ਨੂੰ ਵਿਸ਼ਵਾਸ ਵਿੱਚ ਲੈਣ ਤੋਂ ਬਾਅਦ ਹੀ ਅੱਗੇ ਵਧਣਾ ਚਾਹੀਦਾ ਹੈ।”

ਕੰਗ ਦੇ ਟਵੀਟ ਨੇ ਸਿਆਸੀ ਭੁਚਾਲ ਲਿਆ ਦਿੱਤਾ। ਵਿਰੋਧੀ ਧਿਰਾਂ ਅਤੇ ਸੋਸ਼ਲ ਮੀਡੀਆ ਉਤੇ ਕੰਗ ਦੇ ਸਮਰਥਨ ਵਿਚ ਆਵਾਜ਼, ਪੋਸਟਾਂ ਆਉਣ ਲੱਗ ਪਈਆਂ। ਇਸੇ ਤਰਾਂ ਪਾਰਟੀ ਲਈ ਕਸੂਤੀ ਸਥਿਤੀ ਪੈਦਾ ਹੋ ਗਈ। ਦੱਸਿਆ ਜਾਂਦਾ ਹੈ ਕਿ ਪਾਰਟੀ ਹਾਈਕਮਾਨ ਨੇ ਕੰਗ ਨੂੰ ਮਨਾਉਣ ਤੇ ਪੋਸਟ ਡੀਲੀਟ ਕਰਵਾਉਣ ਲਈ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੀ ਡਿਊਟੀ ਲਗਾਈ। ਪਾਠਕ ਦੇਰ ਰਾਤ ਤੱਕ ਕੰਗ ਨੂੰ ਮਨਾਉਣ ਵਿਚ ਲੱਗਿਆ ਰਿਹਾ। ਸਵੇਰ ਹੁੰਦੇ ਤੱਕ ਐਕਸ ਤੋਂ ਪੋਸਟ ਡਲੀਟ ਹੋ ਗਈ । ਇਸਤੋ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਉਤੇ ਫਿਰ ਕੰਗ ਨੂੰ ਘੇਰ ਲਿਆ ਅਤੇ ਆਲੋਚਨਾਂ ਸ਼ੁਰੂ ਹੋ ਗਈ।

ਇਸੇ ਦੌਰਾਨ ਕਈ ਪੋਸਟਾਂ ਅਜਿਹੀਆਂ ਆਈਆਂ ਜਿਸ ਵਿਚ ਲਿਖਿਆ ਸੀ ਕਿ ਐਕਸ ਉਤੇ ਪੋਸਟ ਡੀਲੀਟ ਕੀਤੀ ਹੈ, ਫੇਸਬੁੱਕ ਪੇਜ਼ ਉਤੇ ਨਹੀਂ। ਜਿਸਤੋ ਸਪਸ਼ਟ ਹੋ ਗਿਆ ਹੈ ਕਿ  ਕੰਗ ਆਪਣੀ ਥਾਂ ਉਤੇ ਖੜੇ ਹਨ। ਇੱਥੇ ਇਹ ਵੀ ਦੱਸ਼ਿਆ ਜਾਂਦਾ ਹੈ ਕਿ ਕੰਗ ਵਿਦਿਆਰਥੀ ਨੇਤਾ ਰਹੇ ਹਨ, ਉਹ ਜ਼ਮੀਨੀ ਹਕੀਕਤ ਨੂੰ ਪਛਾਣਦੇ ਹਨ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹੀ ਉਹਨਾਂ ਭਾਜਪਾ ਤੋਂ ਨਾਤਾ ਤੋੜ ਲਿਆ ਸੀ। ਭਾਜਪਾ ਨੂੰ ਛੱਡ  ਉਹ ਆਪ ਵਿਚ ਸ਼ਾਮਲ ਹੋਏ ਸਨ।

ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਪਾਰਟੀ ਦੇ ਜ਼ਿਆਦਾਤਰ ਆਗੂਆਂ ਦਾ ਐਕਸ ਅਕਾਉਟ ਦਾ ਅਕਸੈਂਸ ਪਾਰਟੀ ਦੀ ਮੀਡੀਆ ਟੀਮ ਕੋਲ ਹੈ। ਬਹੁਤ ਸਾਰੇ ਆਗੂਆਂ ਦੇ ਟਵੀਟ ਪਾਰਟੀ ਦੀ ਮੀਡੀਆ ਟੀਮ ਵਲੋਂ ਹੀ ਕੀਤੇ ਜਾਂਦੇ ਹਨ। ਇਹੀ ਚਰਚਾ ਹੈ ਕਿ ਐਕਸ ਤੋਂ ਕੰਗ ਨੇ ਆਪਣਾ ਟਵੀਟ ਡਲੀਟ ਨਹੀਂ ਕੀਤਾ ਇਹ ਕਿਸੇ ਹੋਰ ਵਲੋਂ ਕੀਤਾ ਗਿਆ ਹੈ। ਜੇਕਰ ਅਜਿਹਾ ਹੁੰਦਾਂ ਤਾਂ ਕੰਗ ਆਪਣੇ ਫੇਸਬੁੱਕ ਪੇਜ਼ ਉਤੋ ਵੀ ਪੋਸਟ ਡਲੀਟ ਕਰ ਸਕਦੇ ਸਨ।

ਬੇਸ਼ੱਕ ਕੰਗ ਦਾ ਡਲੀਟ ਹੋ ਗਿਆ ਹੈ, ਜਾਂ ਕਰ ਦਿੱਤਾ ਗਿਆ ਹੈ, ਪਰ ਪਾਰਟੀ ਦਾ ਜੋ ਨੁਕਸਾਨ ਹੋਣਾ ਸੀ , ਉਹ ਹੋ ਗਿਆ ਹੈ। ਸੂਤਰ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੇ ਅੰਦਰ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵਿਰੋਧ ਹੋਰ ਤਿੱਖਾ ਹੋ ਸਕਦਾ ਹੈ। ਚਰਚਾ ਤਾਂ ਇਹ ਵੀ ਸ਼ੁਰੂ ਹੋ ਗਈ ਹੈ ਕਿ ਪਾਰਟੀ ਯੂ ਟਰਨ ਵੀ ਲੈ ਸਕਦੀ ਹੈ।

 

Leave a Reply

Your email address will not be published. Required fields are marked *