ਚੰਡੀਗੜ੍ਹ, 21 ਜੁਲਾਈ (ਖ਼ਬਰ ਖਾਸ ਬਿਊਰੋ)
ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਆਮ ਲੋਕਾਂ ਵੱਲੋਂ ਆਪਣੇ ਮੁੱਦੇ, ਸ਼ਿਕਾਇਤਾਂ ਜਾਂ ਅਜਿਹੀਆਂ ਅਰਜ਼ੀਆਂ ਜੋ ਕਿਸੇ ਸਰਕਾਰੀ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਨਿਪਟਾਉਣੀਆਂ ਜ਼ਰੂਰੀ ਹੋਣ, ਦਾ ਨਿਪਟਾਰਾ ਸਮੇਂ ਸਿਰ ਕਰਨ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਲੋਕਾਂ ਦੀਆਂ ਜਾਇਜ਼ ਅਰਜ਼ੀਆਂ ‘ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਿੰਪਾ ਨੂੰ ਵਿੱਤੀ ਸਾਲ 2025-26 ਲਈ ਪਟੀਸ਼ਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਅਹਿਮ ਕਮੇਟੀ ਦਾ ਚੇਅਰਮੈਨ ਲਾਉਣ ‘ਤੇ ਜਿੰਪਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪਾਰਟੀ ਦੇ ਪੰਜਾਬ ਇਕਾਈ ਦੇ ਇੰਚਾਰਜ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ ਹੈ।
ਜਿੰਪਾ ਨੇ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਿਭਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਾਗਰਿਕ ਆਪਣੀਆਂ ਸ਼ਿਕਾਇਤਾਂ/ਅਰਜ਼ੀਆਂ ਲਿਖਤੀ ਰੂਪ ਵਿੱਚ ਸਥਾਨਕ ਵਿਧਾਇਕ ਤੋਂ ਸਿਫਾਰਸ਼ ਕਰਵਾ ਕੇ ਸਕੱਤਰ, ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਨੂੰ ਭੇਜ ਸਕਦੇ ਹਨ। ਦਰਖਾਸਤ ਵਿੱਚ ਸ਼ਿਕਾਇਤ ਦਾ ਵਿਸਥਾਰ, ਸੰਬੰਧਤ ਤੱਥ ਅਤੇ ਜੇ ਹੋਣ ਤਾਂ, ਸਬੂਤ ਜ਼ਰੂਰ ਲਗਾਏ ਜਾਣ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆਂਦੇ ਜਾ ਰਹੇ ‘ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਸਬੰਧੀ ਬਿੱਲ-2025’ ਨੂੰ ਅਮਲੀ ਰੂਪ ਦੇਣ ਲਈ ਪੰਜਾਬ ਵਿਧਾਨ ਸਭਾ ਵੱਲੋਂ ਬਣਾਈ 15 ਮੈਂਬਰੀ ਸਿਲੈਕਟ ਕਮੇਟੀ ਵਿੱਚ ਵੀ ਬ੍ਰਮ ਸ਼ੰਕਰ ਜਿੰਪਾ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਾਸੀਆਂ ਦੀ ਸੇਵਾ ਨਿਰਸਵਾਰਥ ਕਰਦੇ ਰਹਿਣਗੇ ਅਤੇ ਨਵੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਨਾਲ ਨਿਭਾਉਣਗੇ।
—–