ਕਾਂਗਰਸੀਆਂ ਨੇ ਪੰਜ ਤਾਰਾ ਹੋਟਲ ’ਚ ਕੀਤੀ ਮੀਟਿੰਗ ਤੇ ਭੂਪੇਸ਼ ਬਘੇਲ ਕੋਲ ਲਾਈ ਇਸ ਆਗੂ ਦੀ ਸ਼ਿਕਾਇਤ

ਚੰਡੀਗੜ੍ਹ 16 ਜੂਨ (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਵਿੱਚ ਸੱਭ ਕੁੱਝ ਅੱਛਾ ਨਹੀਂ ਹੈ। ਜਦੋਂ ਸੂਬੇ ਵਿਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਰਹੀ ਹੈ ਤੇ ਸਾਰੀਆ ਸਿਆਸੀ ਪਾਰਟੀਆਂ ਨੇ ਚੋਣ ਜਿੱਤਣ ਲਈ ਸਭ ਕੁੱਝ ਦਾਅ ਉਤੇ ਲਗਾ ਰੱਖਿਆ ਹੈ ਤਾਂ ਕਾਂਗਰਸ ਦੇ ਕੁੱਝ ਆਗੂਆਂ ਦਾ ਗੁੱਸਾ ਸੱਤਵੇਂ ਅਸਮਾਨ ਚੜਿਆ ਪਿਆ ਹੈ।
ਪਾਰਟੀ ਆਗੂਆਂ ਦੇ ਮਨਾਂ ਵਿਚ ਪਈ ਤਰੇੜ ਅਤੇ ਗੁੱਸੇ ਦੀ ਬਰਫ਼ ਨੂੰ ਪਿਘਲਾਉਣ ਦੇ ਯਤਨ ਵਜੋਂ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਸੈਕਟਰ 17 ਦੇ ਇਕ ਪੰਜ ਤਾਰਾਂ ਹੋਟਲ ਵਿਚ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਸਵੇਰੇ ਸਵੇਰੇ ਬੁਲਾਇਆ ਅਤੇ ਚੋਣ ਤੇ ਕਾਂਗਰਸ ਦੇ ਹਾਲਾਤਾਂ ਬਾਰੇ ਜਾਇਜ਼ਾ ਲਿਆ।
ਪ੍ਰਾਪਤ ਵੇਰਵਿਆਂ ਅਨੁਸਾਰ ਮੀਟਿੰਗ ਵਿਚ ਕਰੀਬ ਸਾਰੇ ਨੇਤਾਵਾਂ ਨੇ ਭੂਪੇਸ਼ ਬਘੇਲ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਵਿਵਹਾਰ ਪ੍ਰਤੀ ਨਰਾਜ਼ਗੀ ਪ੍ਰਗਟ ਕੀਤੀ ਹੈ।
ਕਨਸੋਅ ਮਿਲੀ ਹੈ ਕਿ ਕਈ ਆਗੂਆਂ ਨੇ ਭੂਪੇਸ਼ ਬਘੇਲ ਨੂੰ ਵੀ ਸੁਣਾ ਦਿੱਤਾ ਕਿ ਪਾਰਟੀ ਹਾਈਕਮਾਨ ਨੇ ਵੀ ਸਮੇਂ ਰਹਿੰਦੇ ਦਖਲ ਨਹੀਂ ਦਿੱਤਾ। ਹੁਣ ਤਾਂ ਜੋ ਨੁਕਸਾਨ ਹੋਣਾ ਸੀ , ਉਹ ਹੋ ਗਿਆ ਹੈ। ਨੇਤਾਵਾਂ ਨੇ ਕਿਹਾ ਕਿ ਜੇਕਰ ਹਾਈਕਮਾਨ ਨੇ ਸਹੀ ਟਾਈਮ ਦਖਲ ਦਿੱਤਾ ਹੁੰਦਾਂ ਤਾ ਕਾਂਗਰਸ ਦੀ ਸਥਿਤੀ ਅੱਜ ਹੋਰ ਹੋਣੀ ਸੀ। ਦੱਸਿਆ ਜਾਂਦਾ ਹੈ ਕਿ ਇਕ ਸੀਨੀਅਰ ਆਗੂ ਨੇ ਕਿਹਾ ਕਿ ਵੋਟਾਂ ਵਿਚ ਤਾਂ ਉਮੀਦਵਾਰ ਹਰ ਇੱਕ ਵਿਅਕਤੀ ਤੋਂ ਮੱਦਦ ਮੰਗਣ ਲਈ ਕਾਹਲਾ ਪਿਆ ਹੁੰਦਾ ਹੈ, ਪਰ ਇੱਥੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬੁਲਾਇਆ ਤੱਕ ਨਹੀਂ ਗਿਆ।
ਨੇਤਾਵਾਂ ਨੇ ਦਲੀਲ ਦਿੱਤੀ ਕਿ ਰਾਜਾ ਵੜਿੰਗ ਜਿੱਥੇ ਪਾਰਟੀ ਦਾ ਸਟੇਟ ਪ੍ਰਧਾਨ ਹੈ, ਉਥੇ ਲੁਧਿਆਣਾ ਤੋਂ ਲੋਕ ਸਭਾ ਦੀ ਨੁਮਾਇੰਦਗੀ ਵੀ ਕਰਦੇ ਹਨ। ਨੇਤਾਵਾਂ ਨੇ ਕਿਹਾ ਕਿ ਕਿਸੇ ਵੀ ਸੰਸਥਾਂ ਦੇ ਨਿਯਮ ਹੁੰਦੇ ਹਨ। ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਕਿਵੇਂ ਇਗਨੋਰ ਕੀਤਾ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਕਈ ਆਗੂਆਂ ਨੇ ਇਹ ਵੀ ਕਿਹਾ ਕਿ ਸ਼ਾਇਦ ਭਾਰਤ ਭੂਸ਼ਣ ਆਸੂ ਪੁਲਿਸ ਵਲੋਂ ਦਰਜ਼ ਕੀਤੇ ਗਏ ਕੇਸਾਂ ਕਾਰਨ ਅਜਿਹਾ ਕਰ ਰਿਹਾ ਹੈ।
ਇਕ ਯੂਥ ਆਗੂ ਨੇ ਦੱਸਿਆ ਕਿ ਮੀਟਿੰਗ ਵਿਚ ਗੁਟਬਾਜ਼ੀ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਬਲਿਕ ਪਾਰਟੀ ਦੀ ਸੰਵਿਧਾਨ ਬਚਾਓ ਮੁਹਿੰਮ, ਬੂਥ ਤੇ ਮੰਡਲ ਕਮੇਟੀਆਂ ਬਣਾਉਣ ਬਾਰੇ ਚਰਚਾ ਹੋਈ ਹੈ। ਬਘੇਲ ਨੇ ਸਾਰੇ ਆਗੂਆਂ ਨੂੰ ਕਮੇਟੀਆਂ ਬਣਾਉਣ ਦਾ ਕੰਮ ਜ਼ਲਦ ਨੇਪਰੇ ਚਾੜਨ ਦੀ ਗੱਲ ਕਹੀ ਹੈ।
 
ਆਗੂਆਂ ਦੀ ਦਿਲ ਦੀ ਗੱਲ ਸੁਣਨ ਅਤੇ ਉਨ੍ਹਾਂ ਦਾ ਗੁੱਸਾ ਠੰਡਾਂ ਕਰਨ ਤੋਂ ਬਾਅਦ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਨਾਲ ਲੁਧਿਆਣਾ ਚੋਣ ਪ੍ਰਚਾਰ ਲਈ ਲੈ ਗਏ। ਦੱਸਿਆ ਜਾਂਦਾ ਹੈ ਕਿ ਜਦੋ ਭੂਪੇਸ਼ ਬਘੇਲ, ਰਾਜਾ ਵੜਿੰਗ ਤੇ ਬਾਜਵਾ ਨੇ ਲੁਧਿਆਣਾ ਵਿਚ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਥੇ ਭਾਰਤ ਭੂਸ਼ਣ ਆਸੂ ਹਾਜ਼ਰ ਨਹੀਂ ਸੀ।
ਮੀਟਿੰਗ ਵਿਚ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋ, ਰਾਣਾ ਕੇਪੀ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਡਾ ਅਮਰ ਸਿੰਘ, ਵਿਜੈ ਇੰਦਰ ਸਿੰਗਲਾ, ਵਰਿੰਦਰਮੀਤ ਸਿੰਘ ਪਾਹੜਾ,ਸੁਖਵਿੰਦਰ ਸਿੰਘ ਡੈਣੀ, ਕੁਲਬੀਰ ਸਿੰਘ ਜ਼ੀਰਾ ਤੇ ਕੈਪਟਨ ਸੰਦੀਪ ਸੰਧੂ ਸਮੇਤ ਕਈ ਆਗੂ ਹਾਜ਼ਰ ਸਨ।
ਹੋਰ ਪੜ੍ਹੋ 👉  ਜੈਨ ਨੇ ਕਿਹਾ ਕਿਸਾਨਾਂ ਨੂੰ ਸਮਝਾਓ ਤਾਂ ਆਪ ਦੇ ਵਿਧਾਇਕ ਬੋਲੇ, ਸਾਨੂੰ ਲੈਂਡ ਪੂਲਿੰਗ ਦੀ ਜਾਣਕਾਰੀ ਨਹੀਂ

Leave a Reply

Your email address will not be published. Required fields are marked *