ਚੰਡੀਗੜ੍ਹ 13 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਵੀਰ ਸਿੰਘ ਨੇ ਪੰਜਾਬ ਵਿਚ ਨਸ਼ਿਆਂ ਦੀ ਜ਼ਮੀਨੀ ਹਕੀਕਤ ਬਾਰੇ ਸੱਚ ਬੋਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਕੈਬਨਿਟ ਮੰਤਰੀ, ਆਪ ਆਗੂ ਜਿਥੇ ਨਸ਼ੇ ਦੇ ਮੁੱਦੇ ਉਤੇ ਪਿਛਲੀਆਂ ਸਰਕਾਰਾਂ, ਰਾਜਸੀ ਆਗੂਆਂ ਨੂੰ ਘੇਰਦੇ ਹੋਏ ਹੁਣ ਸੂਬੇ ਵਿਚ ਨਸ਼ਾ ਖ਼ਤਮ ਹੋਣ ਦੀ ਗੱਲ ਕਰਦੇ ਹਨ, ਉਥੇ ਡਾ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਜੇ ਨਸ਼ਾ ਖ਼ਤਮ ਨਹੀਂ ਹੋਇਆ।
ਡਾ ਬਲਵੀਰ ਸਿੰਘ ਨੇ ਇਹ ਸੱਚ ਬੀਤੇ ਕੱਲ੍ਹ ਵੀਰਵਾਰ ਨੂੰ ਪੰਜਾਬ ਭਵਨ ਵਿਖੇ ਪੱਤਰਕਾਰ ਮਿਲਣੀ ਦੌਰਾਨ ਬਿਆਨ ਕੀਤਾ ਹੈ। ਇਸ ਮੌਕੇ ਸਿਹਤ ਵਿਭਾਗ ਦੇ ਤਿੰਨ ਆਈ.ਏ.ਐੱਸ ਅਧਿਕਰੀ ਤੇ ਵਿਭਾਗ ਦਾ ਹੋਰ ਅਮਲਾ ਵੀ ਮੌਜੂਦ ਸੀ। ਸਿਹਤ ਮੰਤਰੀ ਦੇ ਇਸ ਬਿਆਨ ਨੇ ਪੰਜਾਬ ਪੁਲਿਸ ਅਤੇ ਸਰਕਾਰ ਦੇ ਅੰਕੜਿਆਂ ਦਾ ਭੇਤ ਵੀ ਖੋਲ੍ਹ ਦਿ੍ਤਾ ਹੈ। ਪਿਛਲੀਆਂ ਸਰਕਾਰਾਂ ਵੇਲੇ ਵੀ ਪੁਲਿਸ ਤੇ ਸਰਕਾਰ ਨਸ਼ੇ ਦੇ ਆਦੀ ਲੋਕਾਂ ਨੂੰ ਫੜ੍ਹ ਕੇ ਜੇਲ੍ਹ ਭੇਜਣ ਅਤੇ ਕੇਸ ਦਰਜ਼ ਕਰਨ ਦੇ ਅੰਕੜਿਆਂ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਦੀ ਰਹੀ ਹੈ ਅਤੇ ਹੁਣ ਵੀ ਇਹੋ ਪ੍ਰੋਸੈਸ ਚੱਲ ਰਿਹਾ ਹੈ।
ਸਿਹਤ ਮੰਤਰੀ ਡਾ ਬਲਵੀਰ ਸਿੰਘ, ਪੰਜਾਬ ਸਰਕਾਰ ਦੁਆਰਾ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਨਸ਼ਿਆਂ ਨੂੰ ਰੋਕਣ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੇ ਮੈਂਬਰ ਵੀ ਹਨ। ਉਹਨਾਂ ਕਿਹਾ ਕਿ ਪੰਜਾਬ ਅਜੇ ਨਸ਼ਾ ਮੁਕਤ ਨਹੀਂ ਹੈ, ਪਰ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ। ਡਾ ਬਲਵੀਰ ਸਿੰਘ ਦਾ ਕਹਿਣਾ ਹੈੇ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਵਿਚ ਸਿਰਫ਼ ਚਾਰ ਪਿੰਡ ਅਜੇ ਨਸ਼ਾ ਮੁਕਤ ਹੋਏ ਹਨ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ ਤੋਂ ਬਾਅਦ ਹੁਣ ਨਸ਼ੇੜੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਲੋਕ ਖੁਦ ਅੱਗੇ ਆਉਣ ਲੱਗੇ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਨਸ਼ੇ ਦੇ ਆਦੀ ਲੋਕਾਂ, ਮਰੀਜ਼ਾ ਦੀ ਗਿਣਤੀ 10 ਲੱਖ ਤੋ ਟੱਪ ਗਈ ਹੈ। ਸਰਕਾਰ ਨੇ ਨਸ਼ਾ ਛਡਾਓ ਕੇਂਦਰਾਂ ਵਿਚ ਉਚੇਚੇ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਨਾਲ ਨਫ਼ਰਤ ਨਹੀਂ ਸਗੋਂ ਹਮਦਰਦੀ ਨਾਲ ਪੇਸ਼ ਆਉਣ ਦੀ ਜਰੂਰਤ ਹੈ। ਉਹਨਾਂ ਨੂੰ ਰੁਜ਼ਗਾਰ ਮਹੁੱਈਆ ਕਰਵਾਉਣ ਦੀ ਜਰੂਰਤ ਹੈ। ਫੈਕਟਰੀਆਂ ਵਿਚ ਫਿਟਰ, ਪੈਲੰਬਰ ਤੇ ਹੋਰ ਕੰਮਾਂ ਲਈ ਨੌਜਵਾਨਾਂ ਦੀ ਜਰੂਰਤ ਹੈ।
ਕੋਰੋਨਾ ਬਾਰੇ ਡਾ. ਬਲਬੀਰ ਨੇ ਕਿਹਾ ਕਿ ਹੁਣ ਤੱਕ ਸੂਬੇ ਵਿੱਚ 51 ਮਰੀਜ਼ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲੇ ਮਰੀਜ਼ ਪਹਿਲਾਂ ਹੀ ਗੰਭੀਰ ਬਿਮਾਰੀ ਤੋਂ ਪੀੜਤ ਸਨ। ਉਨਾਂ ਕਿਹਾ ਕਿ ਲੋਕਾਂ ਨੂੰ ਕਰੋਨਾ ਤੋਂ ਡਰਨ ਜਾਂ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਕੋਰੋਨਾ ਵਿਰੋਧੀ ਟੀਕੇ ਲਗਾਏ ਜਾ ਚੁੱਕੇ ਹਨ, ਇਸ ਲਈ ਇਸਦਾ ਕੋਈ ਖਾਸ ਪ੍ਰਭਾਵ ਨਹੀਂ ਪੈ ਰਿਹਾ। ਪਿਆ। ਫਿਰ ਵੀ ਸਰਕਾਰ ਨੇ ਸਾਰੀਆਂ ਤਿਆਰੀਆਂ ਕੀਤੀਆ ਹੋਈਆਂ ਹਨ।