ਚੰਡੀਗੜ੍ਹ, 9 ਜੂਨ (ਖ਼ਬਰ ਖਾਸ ਬਿਊਰੋ)
ਡੌਪ ਟੈਸਟ ਕਰਵਾਉਣ ਦੇ ਮੁੱਦੇ ਉਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਦੂਜੇ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਭਾਵੇਂ ਦੋਵੇਂ ਸਿਆਸਤਦਾਨਾਂ ਨੇ ਇਕ ਦੂਜੇ ਦੀ ਚੁਣੌਤੀ ਕਬੂਲ ਕਰ ਲਈ ਹੈ, ਪਰ ਸਹੀ ਮਾਅਨੇ ਵਿਚ ਉਹਨਾਂ ਫਿਰ ਇਕ ਦੂਜੇ ਨੂੰ ਚੁਣੌਤੀ ਦੇ ਦਿੱਤੀ ਹੈ।
ਸੋਮਵਾਰ ਨੂੰ ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਵੜਿੰਗ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹਨ, ਪਰ ਡੌਪ ਟੈਸਟ ਇਕੱਠੇ ਕਰਵਾਵਾਂਗੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿਚ ਰੁਕਾਵਟਾਂ ਪਾਉਣੀਆਂ ਚਾਹੁੰਦੀਆਂ ਹਨ। ਇਨ੍ਹਾਂ ਪਾਰਟੀਆਂ ਦੇ ਆਗੂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ। ਉਹ ਨਸ਼ਾ ਮੁਕਤੀ ਅਤੇ ਨਸ਼ਾ ਤਸਕਰਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ।
ਵਿੱਤ ਮੰਤਰੀ ਨੇ ਕਿਹਾ ਵੜਿੰਗ ਤਾਂ ਅਫੀਮ ਦੀ ਖੇਤੀ ਕਰਵਾਉਣਾ ਚਾਹੁੰਦੇ ਹਨ। ਇਹ ਨਸ਼ੇ ਦੀ ਆਦਤ ਨੂੰ ਉਤਸ਼ਾਹਿਤ ਕਰਨ ਵਰਗਾ ਹੈ। ਚੀਮਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਵੀ ਡੌਪ ਟੈਸਟ ਕਰਵਾਉਣਾ ਪਵੇਗਾ। ਡੋਪ ਟੈਸਟ ਲਈ ਵੜਿੰਗ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਚੀਮਾ ਨੇ ਕਿਹਾ ਕਿ ਉਹ ਆਉਣ ਮੇਰੇ ਨਾਲ ਟੈਸਟ ਕਰਵਾਉਣ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਕਿਹਾ
ਉਧਰ ਵੜਿੰਗ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸੁਝਾਅ ਦਿੱਤਾ ਹੈ ਕਿ ਕਾਂਗਰਸ ਅਤੇ ਅਕਾਲੀ ਆਗੂਆਂ ਦਾ ਡੌਪ ਟੈਸਟ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਚੀਮਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਇਸਦਾ ਸਿਆਸੀਕਰਨ ਕਰਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਚੀਮਾ ਸਾਹਿਬ ਦੇ ਸੁਝਾਅ ਦਾ ਸਵਾਗਤ ਕਰਦੇ ਹਨ, ਲੇਕਿਨ ਸਵਾਲ ਇਹ ਹੈ ਕਿ ਡੌਪ ਟੈਸਟ ਸਿਰਫ਼ ਅਕਾਲੀ ਅਤੇ ਕਾਂਗਰਸੀ ਆਗੂਆਂ ਦੇ ਹੀ ਕਿਉਂ ਹੋਣ, ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੀ ਕਿਉਂ ਨਹੀਂ?
ਉਨ੍ਹਾਂ ਸੁਝਾਅ ਦਿੱਤਾ ਕਿ ਸਾਰੇ ਸਿਆਸੀ ਆਗੂਆਂ ਦੇ ਸਮੇਂ-ਸਮੇਂ ‘ਤੇ ਡੌਪ ਟੈਸਟ ਹੋਣੇ ਚਾਹੀਦੇ ਹਨ ਅਤੇ ਇਸ ਵਿੱਚ ਸ਼ਰਾਬ ਵੀ ਸ਼ਾਮਲ ਹੋਣੀ ਚਾਹੀਦੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਹਰ ਆਗੂ ਅਤੇ ਜਨਤਕ ਪ੍ਰਤੀਨਿਧੀ ‘ਤੇ ਸਮੇਂ-ਸਮੇਂ ‘ਤੇ ਡੌਪ ਟੈਸਟ ਲਾਗੂ ਕਰਨ ਲਈ ਕਾਨੂੰਨ ਲਿਆਉਣ ਦਾ ਸੁਝਾਅ ਦਿੱਤਾ।
ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇੱਥੇ ਬਹੁਤ ਜ਼ਿਆਦਾ ‘ਸਿੰਥੈਟਿਕ ਡਰੱਗ’ ਦੀ ਲਤ ਨਹੀਂ ਹੈ, ਕਿਉਂਕਿ ਲੋਕ ਸਰਹੱਦੀ ਰਾਜਸਥਾਨ ਵਿੱਚ ਲਾਇਸੈਂਸਸ਼ੁਦਾ ਠੇਕਿਆਂ ਤੋਂ ਭੁੱਕੀ ਪ੍ਰਾਪਤ ਕਰਦੇ ਹਨ ਅਤੇ ਇਹ ਸਿੰਥੈਟਿਕ ਡਰੱਗਜ਼ ਨਾਲੋਂ ਬਹੁਤ ਘੱਟ ਨੁਕਸਾਨਦੇਹ ਹੈ।
ਉਨ੍ਹਾਂ ਕਿਹਾ ਕਿ ਇਹ ਇੱਕ ਸਵੀਕਾਰਯੋਗ ਤੱਥ ਹੈ ਕਿ ਭੁੱਕੀ ਸਿੰਥੈਟਿਕ ਡਰੱਗਜ਼ ਨਾਲੋਂ ਘੱਟ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਹਕੀਕਤ ਹੈ ਅਤੇ ਇਸਨੂੰ ਖਤਮ ਕਰਨਾ ਇੱਕ ਚੁਣੌਤੀਪੂਰਨ ਕੰਮ ਹੈ। ਉਨ੍ਹਾਂ ਕਿਹਾ ਕਿ ਸਿਰਫ਼ 9000 ਕੇਸ ਦਰਜ ਕਰਨ ਜਾਂ ਛੋਟੇ ਤਸਕਰਾਂ ਦੇ ਕੁਝ ਘਰਾਂ ਨੂੰ ਢਾਹ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ 31 ਮਈ ਤੋਂ ਬਾਅਦ, ਪੰਜਾਬ ਸਰਕਾਰ ਦੁਆਰਾ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਨਿਰਧਾਰਤ ਕੀਤੀ ਗਈ ਸਮਾਂ ਸੀਮਾ ਤੋਂ ਬਾਅਦ, ਨਸ਼ਿਆਂ ਦੀ ਓਵਰਡੋਜ਼ ਕਾਰਨ ਲਗਭਗ 8 ਜਾਂ 9 ਮੌਤਾਂ ਦੀਆਂ ਖ਼ਬਰਾਂ ਹਨ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਸਾਰੇ ਅਕਾਲੀ ਧੜਿਆਂ ਨੂੰ ਪੰਜਾਬ ਦੇ ਹਿੱਤ ਵਿੱਚ ਇੱਕਜੁੱਟ ਹੋਣ ਬਾਰੇ ਦਿੱਤੇ ਬਿਆਨ ਉਤੇ ਵੜਿੰਗ ਨੇ ਦਾਅਵਾ ਕੀਤਾ ਕਿ ਅਕਾਲੀ ਅਤੇ ਭਾਜਪਾ ਪਹਿਲਾਂ ਹੀ ਇੱਕ ਗੁਪਤ ਸਮਝੌਤਾ ਕਰ ਚੁੱਕੇ ਹਨ। ਪਰ ਦੋਵਾਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਕੋਲ ਕੋਈ ਮੌਕਾ ਨਹੀਂ ਹੈ।