ਲੁਧਿਆਣਾ 9 ਜੂਨ ( ਖ਼ਬਰ ਖਾਸ ਬਿਊਰੋ)
ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਜਨਰਲ ਸਕੱਤਰ ਸੰਜੈ ਨਿਰਮਲ ਅਤੇ ਪੰਜਾਬ ਭਾਜਪਾ ਦੇ ਐੱਸ.ਸੀ. ਮੋਰਚਾ ਦੇ ਪ੍ਰਧਾਨ ਐੱਸ ਆਰ ਲੱਧੜ ਦੀ ਅਗਵਾਈ ਹੇਠ ਭਾਜਪਾਈਆ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਕੋਲ ਸ਼ਾਂਤਮਈ ਧਰਨਾ ਦਿੱਤਾ। ਇਹ ਧਰਨਾ ਪੰਜਾਬ ’ਚ ਡਾ. ਅੰਬੇਡਕਰ ਦੀਆਂ ਮੂਰਤੀਆਂ ਦੀ ਮੁੜ ਮੁੜ ਹੋ ਰਹੀ ਬੇਅਦਬੀ ਦੇ ਵਿਰੋਧ ’ਚ ਦੋ ਘੰਟੇ ਤੱਕ ਮੂੰਹ ਉਤੇ ਕਾਲਾ ਕੱਪੜਾ ਬੰਨ੍ਹ ਕੇ ਸ਼ਾਂਤਮਈ ਢੰਗ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੰਜੈ ਨਿਰਮਲ ਨੇ ਕਿਹਾ ਕਿ ਪੰਜਾਬ ਸਰਕਾਰ ਦਫ਼ਤਰਾਂ ’ਚ ਡਾ ਅੰਬੇਡਕਰ ਦੀਆਂ ਤਸਵੀਰਾਂ ਲਗਾ ਕੇ ਮਗਰਮੱਛ ਹੰਝੂ ਵਹਾ ਰਹੀ ਹੈ, ਜਦਕਿ ਹਕੀਕਤ ਵਿੱਚ ਪੰਜਾਬ ਦੇਸ਼ ਦਾ ਸਭ ਤੋਂ ਵੱਧ ਦਲਿਤ ਆਬਾਦੀ ਵਾਲਾ ਰਾਜ ਹੈ ਅਤੇ ਲਗਾਤਾਰ ਡਾ. ਅੰਬੇਡਕਰ ਦੀ ਤੌਹੀਨ ਹੋ ਰਹੀ ਹੈ।
ਪੰਜਾਬ ਪ੍ਰਧਾਨ ਸੁੱਚਾ ਰਾਮ ਲੱਧੜ ਨੇ ਐੱਸ.ਸੀ. ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦੀ ਦਲਿਤ ਵਿਰੋਧੀ ਨੀਤੀ ਨੂੰ ਪੰਜਾਬ ਦੀ ਜਨਤਾ ਅੱਗੇ ਬੇਨਕਾਬ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਉਤੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।