ਮੋਹਾਲੀ, 9 ਜੂਨ ( ਖ਼ਬਰ ਖਾਸ ਬਿਊਰੋ)
ਪੰਜਾਬੀ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੂੰ ਗਹਿਰਾ ਸਦਮਾ ਲੱਗਿਆ ਹੈ। ਉਹਨਾਂ ਦੇ ਛੋਟੇ ਭਾਈ ਗੁਰਪੰਥ ਸਿੰਘ (68) ਦਾ ਇਕ ਗੰਭੀਰ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਹੈ।ਗੁਰਪੰਥ ਸਿੰਘ ਮਾਨ ਗਿੱਦੜਬਾਹਾ ਦੇ ਕੋਰਟ ਕੰਪਲੈਕਸ ਨੇੜੇ ਗਊਸ਼ਾਲਾ ਰੋਡ ‘ਤੇ ਰਹਿ ਰਿਹਾ ਸੀ।
ਜਾਣਕਾਰੀ ਅਨੁਸਾਰ ਗੁਰਪੰਥ ਸਿੰਘ ਇਕ ਗੰਭੀਰ ਬੀਮਾਰੀ ਤੋਂ ਪੀੜਤ ਸੀ, ਜੋ ਪਿਛਲੇ ਦਿਨਾਂ ਤੋ ਇੱਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸੀ, ਜਿਹਨਾਂ ਦਾ ਅੱਜ ਦਿਹਾਂਤ ਹੋ ਗਿਆ।
ਦੱਸਿਆ ਜਾਂਦਾ ਹੈ ਕਿ ਗੁਰਪੰਥ ਸਿੰਘ, ਆੜਤ ਦਾ ਵਪਾਰ ਕਰਦਾ ਸੀ। ਉਹ ਫੇਫੜੇ ਦੇ ਕੈਂਸਰ ਰੋਗ ਤੋਂ ਪੀੜਿਤ ਸੀ। ਬੀਮਾਰ ਹੋਣ ਕਰਕੇ ਉਹ ਇੱਥੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਕੁਝ ਦਿਨਾਂ ਤੋਂ ਦਾਖਲ ਸੀ। ਡਾਕਟਰਾਂ ਅਨੁਸਾਰ ਕੈਂਸਰ ਪੂਰੇ ਸਰੀਰ ਵਿੱਚ ਫੈਲ ਗਿਆ ਸੀ।
ਇਸ ਦੁੱਖ ਦੀ ਘੜੀ ਵਿੱਚ ਗਾਇਕ ਗੁਰਦਾਸ ਮਾਨ ਨਾਲ ਪੰਜਾਬੀ ਦੇ ਸਿਰਮੌਰ ਗਾਇਕਾਂ, ਗੀਤਕਾਰਾਂ, ਲੇਖਕਾਂ ਪੱਤਰਕਾਰਾਂ, ਗਾਇਕ ਹਰਦੀਪ ਸਿੰਘ, ਗੁਰਕਿਰਪਾਲ ਸੂਰਾਪੁਰੀ, ਜਰਨੈਲ ਜੈਲੀ, ਸੁਰਜੀਤ ਖਾਨ, ਬਿਲ ਸਿੰਘ, ਅਮਰ ਨੂਰੀ, ਦਰਸ਼ਨ ਔਲਖ, ਭੁਪਿੰਦਰ ਬੱਬਲ, ਅਮਰਜੀਤ ਨੇ ਦੁਖ ਸਾਂਝਾ ਕੀਤਾ ਹੈ।
ਗੁਰਪੰਥ ਸਿੰਘ ਦਾ ਅੰਤਿਮ ਸੰਸਕਾਰ 10 ਜੂਨ ਨੂੰ ਸਾਢੇ ਦਸ ਵਜੇ ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।