ਮੋਹਾਲੀ 9 ਜੂਨ (ਖਬਰ ਖਾਸ ਬਿਊਰੋ)
“ਬਚਪਨ ਵਿੱਚ ਸਿੱਖੀ ਭਾਸ਼ਾ ਹੀ ਕਿਸੇ ਵਿਅਕਤੀ ਦੀ ਮੁਢਲੀ ਬੋਲੀ ਬਣਦੀ ਹੈ ਤੇ ਉਸ ਵਿਰਸੇ ਨੂੰ ਵਿਅਕਤੀ ਬਾਕੀ ਸਾਰੀ ਉਮਰ ਸੰਭਾਲਦਾ ਹੈ। ਦੋਸਤ ਬੋਲੀਆਂ ਦਾ ਅਸਰ ਵੀ ਬਚਪਨ ਵਿੱਚ ਸਿੱਖੀਆਂ ਰਹੁ-ਰੀਤਾਂ ਉੱਤੇ ਪੈਂਦਾ ਹੈ ਪਰ ਜੇਕਰ ਮਾਂ ਬੋਲੀ ਦੀ ਸਰਵ-ਉੱਚਤਾ ਵਿਅਕਤੀ ਦੇ ਮਨ ਵਿੱਚ ਵਸ ਜਾਵੇ ਤਾਂ ਮਨੁੱਖੀ ਵਿਕਾਸ ਦੇ ਨਾਲ-ਨਾਲ ਵਿਅਕਤੀ ਦੇ ਸਰਵ ਪੱਖੀ ਵਿਕਾਸ ਵਿੱਚ ਕੋਈ ਅੜਿੱਕਾ ਨਹੀਂ ਬਣ ਸਕਦਾ।” ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਅੱਜ ਇੱਥੇ ਬੋਰਡ ਦੇ ਮੁੱਖ ਦਫਤਰ ਵਿੱਚ ‘ਮਾਖਿਓਂ ਮਿੱਠੀ ਪੰਜਾਬੀ ਕਿਵੇਂ ਬਣੇ ਨੌਜਵਾਨਾਂ ਅਤੇ ਬੱਚਿਆਂ ਦੇ ਬੋਲਾਂ ਦਾ ਸ਼ਿੰਗਾਰ’ ਵਿਸ਼ੇ ਤੇ ਗੋਲਮੇਜ਼ ਕਾਨਫਰੰਸ ਨੂੰ ਸੰਬੋਧਨ ਦੌਰਾਨ ਉਪਰੋਕਤ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਮਿੱਠ-ਬੋਲੜੀ ਸ਼ੈਲੀ ਨੂੰ ਸਮਾਜਿਕ ਪੱਖੋਂ ਬਹਾਲ ਕਰਨ ਲਈ ਮੀਡੀਆ ਦਾ ਵੱਡਾ ਰੋਲ ਹੋਵੇਗਾ ਕਿਉਂਕਿ ਮੀਡੀਆ ਦੇ ਸਹਿਯੋਗ ਨਾਲ ਹੀ ਨੌਜਵਾਨਾਂ ਤੇ ਬੱਚਿਆਂ ਵਿੱਚ ਭਾਸ਼ਾ ਦੀ ਸ਼ਾਨ ਤੇ ਸਾਖ ਮੁੜ ਬਣ ਸਕੇਗੀ । ਕਾਨਫਰੰਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਸੰਚਾਰ ਮਾਧਿਅਮਾਂ ਨਾਲ ਸੰਬੰਧਿਤ ਸ਼ਖਸ਼ੀਅਤਾਂ ਨੇ ਹਿੱਸਾ ਲਿਆ ਤੇ ਆਪੋ ਆਪਣੇ ਵਿਚਾਰ ਸਭ ਦੇ ਸਾਹਮਣੇ ਰੱਖੇ।
ਕਾਨਫਰੰਸ ਨੂੰ ਸੰਬੋਧਨ ਦੌਰਾਨ ਸ੍ਰੀ ਬਲਜੀਤ ਬੱਲੀ ਨੇ ਕਿਹਾ ਕਿ ਭਾਸ਼ਾਵਾਂ ਦਾ ਬਦਲਦਾ ਸਰੂਪ ਹੀ ਭਾਸ਼ਾਵਾਂ ਦੇ ਰਲੇਵੇ ਦਾ ਆਧਾਰ ਬਣਦਾ ਹੈ । ਉਹਨਾਂ ਕਿਹਾ ਕਿ ਭਾਸ਼ਾ ਜਿਵੇਂ ਪੜ੍ਹਾਈ ਜਾਂਦੀ ਹੈ ਬਿਲਕੁਲ ਉਵੇਂ ਹੀ ਪੜ੍ਹੀ ਜਾਂ ਸਿੱਖੀ ਨਹੀਂ ਜਾਂਦੀ ਸਗੋਂ ਚਲੰਤ ਵਾਤਾਵਰਣ ਕਿਸੇ ਵੀ ਵਿਅਕਤੀ ਦੇ ਭਾਸ਼ਾਈ ਗਿਆਨ ਅਤੇ ਵਰਤੋਂ ਉੱਤੇ ਅਸਰਦਾਇਕ ਹੁੰਦਾ ਹੈ। ਸਰਬਜੀਤ ਧਾਲੀਵਾਲ ਨੇ ਕਿਹਾ ਕਿ ਵਧੀਆ ਤੇ ਮਿੱਠੀ ਪੰਜਾਬੀ ਬੋਲਣ ਤੇ ਵਰਤਣ ਲਈ ਜ਼ਰੂਰੀ ਹੈ ਕਿ ਅਮਰਜੀਤ ਚੰਦਨ, ਕਿਰਪਾਲ ਕਜ਼ਾਕ, ਨਾਹਰ ਸਿੰਘ, ਜਲੌਰ ਸਿੰਘ ਖੀਵਾ ਆਦਿ ਜਿਹੇ ਪੰਜਾਬੀ ਪ੍ਰੇਮੀਆਂ ਦੀਆਂ ਰਚਨਾਵਾਂ ਪੜ੍ਹ ਕੇ, ਸਾਹਿਤ ਦੇ ਸਹਾਰੇ ਹੀ ਭਾਸ਼ਾ ਦੀ ਵਰਤੋਂ ਵਿੱਚ ਸੁਧਾਰ ਕੀਤਾ ਜਾਵੇ। ਹਰਬੰਸ ਸਿੰਘ ਸੋਢੀ ਨੇ ਕਿਹਾ ਕਿ ਪੰਜਾਬੀ ਨਿਰੰਤਰ ਚਲਦਾ ਭਾਸ਼ਾਈ ਪ੍ਰਵਾਹ ਹੈ ਜੋ ਸਾਡੀ ਆਮ ਬੋਲ-ਚਾਲ ਵਿੱਚੋਂ ਕਹਾਵਤਾਂ ਆਦਿ ਦੀ ਵਰਤੋਂ ਨਾਲ ਸ਼ਿੰਗਾਰਿਆ ਜਾਂਦਾ ਹੈ।
ਸ਼੍ਰੀਮਤੀ ਕੰਚਨ ਵਾਸਦੇਵ ਨੇ ਕਿਹਾ ਕਿ ਮਾਂ ਬੋਲੀ ਦੀ ਮਿਠਾਸ ਕਾਇਮ ਕਰਨ ਲਈ ਸਾਹਿਤ ਦੇ ਸਹਾਰੇ ਤੋਂ ਇਲਾਵਾ ਤਕਨੀਕ ਦਾ ਸਹਾਰਾ ਲੈਣਾ ਵੀ ਜ਼ਰੂਰੀ ਹੈ ਕਿਉਂਕਿ ਨੌਜਵਾਨ ਅਤੇ ਬੱਚੇ ਤਕਨੀਕ ਦੀ ਨਜ਼ਰੋਂ ਹੀ ਸਮਾਜ ਨੂੰ ਵੇਖਦੇ ਹਨ। ਉਹਨਾਂ ਕਿਹਾ ਕਿ ਮਾਂ ਬੋਲੀ ਦੀ ਸਰਬ ਉੱਚਤਾ ਮਾਵਾਂ ਦੇ ਜ਼ਰੀਏ ਹੀ ਸਮਾਜ ਵਿੱਚ ਜਾ ਸਕਦੀ ਹੈ। ਸਤਵਿੰਦਰ ਸਿੰਘ ਧੜਾਕ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੇ ਇਲਾਕਾਈ ਤੇ ਮੁਢਲੇ ਸਰੂਪ ਦੋਹੇ ਹੀ ਜਿਉਂਦੇ ਰਹਿਣੇ ਅਤਿ ਜ਼ਰੂਰੀ ਹਨ। ਕਿਉਂਕਿ ਦੋਸਤ ਭਾਸ਼ਾਵਾਂ ਹਰ ਮਨੁੱਖ ‘ਤੇ ਭਾਰੂ ਹੁੰਦੀਆਂ ਹਨ ਤੇ ਮੁਢਲੀ ਭਾਸ਼ਾ ਉਨ੍ਹਾਂ ਭਾਸ਼ਾਵਾਂ ਹੇਠ ਦੱਬੀ ਜਾਂਦੀ ਹੈ। ਉਨਾਂ ਵਧੀਆ ਅਨੁਵਾਦ ਉੱਤੇ ਜ਼ੋਰ ਵੀ ਦਿੰਦਿਆਂ ਕਿਹਾ ਕਿ ਲੋਕ ਧਾਰਾ ਨਾਲੋਂ ਭਾਸ਼ਾ ਦਾ ਟੁੱਟਣਾ ਬਹੁਤ ਹੀ ਨੁਕਸਾਨਦੇਹ ਹੁੰਦਾ ਹੈ।
ਸ਼੍ਰੀ ਬੀਰ ਇੰਦਰ ਸਿੰਘ ਨੇ ਪੰਜਾਬੀ ਭਾਸ਼ਾ ਵਿੱਚ ਨਵੇਂ ਸ਼ਬਦਾਂ ਦੀ ਆਮਦ ਦੇ ਨਾਲ ਨਾਲ ਪੁਰਾਣਿਆਂ ਦੀ ਸੰਭਾਲ ਉੱਤੇ ਜ਼ੋਰ ਦਿੱਤਾ ਤੇ ਇਸ ਕਾਰਜ ਵਿੱਚ ਮਾਵਾਂ ਦੇ ਰੋਲ ਨੂੰ ਉਭਾਰਿਆ। ਜਸਵੰਤ ਸਿੰਘ ਪੁਰਬਾ ਨੇ ਕਿਹਾ ਕਿ ਪੰਜਾਬੀ ਨੂੰ ਅਧਿਆਤਮਵਾਦ ਨਾਲੋਂ ਤੋੜ ਕੇ ਵੇਖਣ ਨਾਲ ਅਸੀਂ ਪੰਜਾਬੀ ਦਾ ਅਸਲ ਗਹਿਣਾ ਉਸ ਤੋਂ ਖੋਹ ਰਹੇ ਹੋਵਾਂਗੇ।
ਜੈ ਸਿੰਘ ਛਿੱਬੜ ਨੇ ਭਾਸ਼ਾਈ ਬਰੀਕੀਆਂ ਤੇ ਜ਼ੋਰ ਦੇਣ ਦਾ ਹੋਕਾ ਦਿੱਤਾ ਤੇ ਕਿਹਾ ਕਿ ਦਫਤਰੀ ਅਤੇ ਅਦਾਲਤੀ ਭਾਸ਼ਾ ਅਸਲੋਂ ਪੰਜਾਬੀ ਕੀਤੇ ਬਿਨਾਂ ਕਾਰਜ ਮੁਕੰਮਲ ਨਹੀਂ ਹੋ ਸਕਦਾ। ਧਰਮਿੰਦਰ ਸਿੰਘ ਸਿੱਧੂ ਨੇ ਸਾਹਿਤ ਤੇ ਤਕਨੀਕ ਦੇ ਪ੍ਰਚਾਰ ਉੱਤੇ ਜੋਰ ਦੇਣ ਨੂੰ ਅਹਿਮ ਦੱਸਦਿਆਂ ਕਿਹਾ ਕਿ ਸੁਹਾਰਤ ਦੇ ਅਜੋਕੇ ਤੇ ਸਮਕਾਲੀ ਢੰਗ ਅਪਣਾਉਣੇ ਜਰੂਰੀ ਹਨ। ਰਮਨਜੀਤ ਸਿੰਘ ਨੇ ਵੱਧੀਆ ਭਾਸ਼ਾਈ ਵਿਕਾਸ ਲਈ ਲੋੜੀਂਦਾ ਵਾਤਾਵਰਨ ਪੈਦਾ ਕਰਨ ਉੱਤੇ ਜ਼ੋਰ ਦਿੱਤਾ ਜਦੋਂ ਕਿ ਇੰਦਰਜੀਤ ਸਿੰਘ ਨੇ ਭਾਸ਼ਾਈ ਖੋਜ ਤੇ ਜੋਰ ਦਿੱਤਾ। ਹੁਸ਼ਿਆਰ ਸਿੰਘ ਰਾਣੂ ਨੇ ਪੰਜਾਬੀ ਵਿਰਸੇ ਦੇ ਤਾਕਤਵਰ ਹੋਣ ਨੂੰ ਪੰਜਾਬੀ ਭਾਸ਼ਾ ਦੀ ਪੱਕੀ ਨਹੀਂ ਦੱਸਿਆ, ਜਦੋਂ ਕਿ ਤਰਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਅਦਾਰਿਆਂ ਦੀ ਇਮਾਨਦਾਰੀ ਹੀ ਭਾਸ਼ਾ ਦੀ ਸ਼ਾਨ ਬਹਾਲੀ ਦਾ ਆਧਾਰ ਬਣ ਸਕਦਾ ਹੈ। ਉਨਾਂ ਕਿਹਾ ਕਿ ਭਾਸ਼ਾ ਵਿੱਚ ਨਵੀਆਂ ਲਿਖਤਾਂ ਨੂੰ ਉਤਸਾਹਿਤ ਕਰਨਾ ਬਹੁਤ ਜਰੂਰੀ ਹੈ। ਗੁਰਪ੍ਰੀਤ ਸਿੰਘ ਨਿਆਮੀਆਂ ਨੇ ਚੰਗੀ ਲੇਖਣੀ ਪੜ੍ਹਨ ਦੀ ਚੇਟਕ ‘ਤੇ ਜੋਰ ਦਿੱਤਾ ਜਦੋਂ ਕਿ ਅਵਤਾਰ ਸਿੰਘ ਤੇ ਕਰਮਜੀਤ ਸਿੰਘ ਚਿੱਲਾ ਨੇ ਘਰ ਦੇ ਵਾਤਾਵਰਨ ਅਤੇ ਵਿਆਕਰਣ ਦੇ ਗਿਆਨ ਨੂੰ ਅਹਿਮੀਅਤ ਦਿੱਤੇ ਜਾਣ ਦਾ ਸੱਦਾ ਦਿੱਤਾ।
ਕਾਨਫਰੰਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀ ਗੁਰਿੰਦਰ ਸਿੰਘ ਸੋਢੀ ਪੀ.ਸੀ.ਐਸ, ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਅਤੇ ਕੰਟਰੋਲਰ ਲਵਿਸ਼ ਚਾਵਲਾ ਤੋਂ ਇਲਾਵਾ ਸਹਾਇਕ ਸਕੱਤਰ ਰਮਿੰਦਰਜੀਤ ਸਿੰਘ ਵਾਸੂ, ਵਿਸ਼ਾ ਮਾਹਰ ਪਰਮਿੰਦਰ ਕੌਰ ਤੇ ਮਨਵਿੰਦਰ ਸਿੰਘ ਵੀ ਹਾਜ਼ਰ ਸਨ।