ਜੇਲ੍ਹ ਅੰਦਰ ਭੇਜ ਰਹੇ ਸੀ ਨਸ਼ਾ, ਗਿਰੋਹ ਦਾ ਕੀਤਾ ਪਰਦਾਫਾਸ਼ 

ਰੂਪਨਗਰ, 8 ਜੂਨ (ਖ਼ਬਰ ਖਾਸ ਬਿਊਰੋ)
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਰੂਪਨਗਰ ਅੰਦਰ ਨਸ਼ਾ ਅਤੇ ਹੋਰ ਵਰਜਿਤ ਵਸਤੂਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ।
ਐੱਸਐੱਸਪੀ ਰੂਪਨਗਰ ਨੇ ਦੱਸਿਆ ਕਿ ਦੋਸ਼ੀ ਕਰਮਚਾਰੀ ਹੋਲਦਾਰ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 101 ਗ੍ਰਾਮ ਚਰਸ, 154 ਨਸ਼ੀਲੇ ਕੈਪਸੂਲ, 80 ਨਸ਼ੀਲੀਆਂ ਗੋਲੀਆਂ ਅਤੇ 06 ਤੰਬਾਕੂ ਦੀ ਪੂੜੀਆਂ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਰੂਪਨਗਰ ਵੱਲੋਂ 02 ਜੂਨ 2025 ਨੂੰ ਇਤਲਾਹ ਮਿਲੀ ਸੀ ਕਿ ਜੇਲ੍ਹ ਅੰਦਰ ਡਿਊਟੀ ਕਰਦੇ ਹੋਲਦਾਰ ਕੁਲਦੀਪ ਸਿੰਘ ਨੰਬਰ 259/80 ਪੀ.ਏ.ਪੀ ਵਾਸੀ ਪੀ.ਏ.ਪੀ .ਲਾਈਨ ਜਲੰਧਰ ਪਾਸੋਂ ਵਰਜਿਤ ਵਸਤੂਆਂ ਮਿਲੀਆਂ ਹਨ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ, ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਇੰਸ. ਪਵਨ ਕੁਮਾਰ ਵੱਲੋਂ ਮੁਕੱਦਮਾ ਨੰਬਰ 134 ਮਿਤੀ 02 ਜੂਨ 2025 ਅ/ਧ 20, 22-61-85 ਐਨਡੀਪੀਐਸ ਐਕਟ, 223-ਬੀ ਬੀਐਨਐਸ ਅਤੇ ਸੈਕਸ਼ਨ 52-ਏ ਪਰੀਜਨ ਐਕਟ ਥਾਣਾ ਸਿਟੀ ਰੂਪਨਗਰ ਦਰਜ ਰਜਿਸਟਰ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਕੋਲੋ ਪੁੱਛਗਿੱਛ ਕਰਨ ਤੇ ਇਸ ਕੰਮ ਵਿੱਚ ਸ਼ਾਮਲ ਇਸਦੇ ਸਾਥੀ ਕੈਦੀ ਆਸਿਫ ਵਾਸੀ ਅਲੀਗੰਜ ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ), ਕੈਦੀ ਕਬੀਰ ਵਾਸੀ ਪਹਿਲਵਾੜਾ ਜ਼ਿਲ੍ਹਾ ਸੰਬਲ (ਉੱਤਰ ਪ੍ਰਦੇਸ਼), ਸ.ਥਾ. ਸੁਖਰਾਮ ਸਿੰਘ ਵਾਸੀ ਪੀ.ਏ.ਪੀ. ਕੰਪਲੈਕਸ ਜਲੰਧਰ, ਬੰਦੀ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਕਰਤਾਰ ਨਗਰ ਬਟਾਲਾ ਨੂੰ ਨਾਮਜ਼ਦ ਕਰਕੇ ਵੱਖ-ਵੱਖ ਮਿਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ (01 ਦੋਸ਼ੀ ਮੁਮਤਾਜ ਆਲਮ ਵਾਸੀ ਕੰਬਾਲਾ ਜ਼ਿਲ੍ਹਾ ਮੋਹਾਲੀ ਦੀ ਗ੍ਰਿਫਤਾਰੀ ਬਾਕੀ ਹੈ), ਜਿਸਦੀ ਗ੍ਰਿਫਤਾਰੀ ਵੀ ਜਲਦੀ ਹੀ ਕੀਤੀ ਜਾਵੇਗੀ।
ਇਸੇ ਲੜੀ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਵਿਰੁੱਧ ਮੁਕੱਦਮਾ ਨੰਬਰ 141 ਮਿਤੀ 07.06.2025 ਅ/ਧ 18-61-85 ਐਨਡੀਪੀਐਸ ਐਕਟ ਅਤੇ 52 ਏ ਪਰੀਜ਼ਨ ਐਕਟ ਥਾਣਾ ਸਿਟੀ ਰੂਪਨਗਰ ਦਰਜ ਰਜਿਸਟਰ ਕਰਕੇ ਦੋਸ਼ੀ ਪਾਸੋਂ 01 ਮੋਬਾਇਲ ਫੋਨ ਅਤੇ ਅਫੀਮ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵਲੋਂ ਕਿਹਾ ਗਿਆ ਕਿ ਜੇਲ੍ਹ ਅੰਦਰ ਨਸ਼ੇ ਦੇ ਕਾਰੋਬਾਰ ਵਿੱਚ ਕਿਸੇ ਵੀ ਕਰਮਚਾਰੀ ਜਾਂ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਲ੍ਹ ਅੰਦਰ ਨਸ਼ਾ ਤਸਕਰੀ ਨੂੰ ਕਿਸੇ ਵੀ ਤਰ੍ਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹੋਰ ਪੜ੍ਹੋ 👉  ਗਰਮ ਹਵਾਵਾਂ, ਲੂਅ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋ ਖਿਆਲ

Leave a Reply

Your email address will not be published. Required fields are marked *