ਕਰਾਚੀ, 26 ਮਈ ( ਖ਼ਬਰ ਖਾਸ ਬਿਊਰੋ)
ਵਿਸ਼ਵ ਭਰ ਵਿਚ ਹੁਕਮਰਾਨਾਂ ਲਈ ਚੁਣੌਤੀ ਬਣਨ ਵਾਲੇ ਪੱਤਰਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦੇ ਦੌਰ ਵਿਚ ਗੁਜ਼ਰਨਾ ਪੈ ਰਿਹਾ ਹੈ। ਪੱਤਰਕਾਰ ਅਬਦੁਲ ਲਤੀਫ ਬਲੋਚ ਦੀ ਬਲੋਚਿਸਤਾਨ ਸਥਿਤ ਉਨ੍ਹਾਂ ਦੇ ਘਰ ਦੇ ਅੰਦਰ ਗੋਲੀ ਮਾਰ ਦਿੱਤੀ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਪੁੱਜੀਆਂ ਰਿਪੋਰਟਾਂ ਅਨੁਸਾਰ ਹਮਲਾਵਰ ਉਸਨੂੰ ਅਗਵਾ ਕਰਨਾ ਚਾਹੁੰਦੇ ਸਨ, ਪਰ ਜਦੋਂ ਪੱਤਰਕਾਰ ਅਬਦੁਲ ਲਤੀਫ਼ ਬਲੋਚ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸਨੂੰ ਮਾਰ ਦਿੱਤਾ।
ਦੁਖਦ ਪਹਿਲੂ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਉਸਦੇ ਪੁੱਤਰ ਨੂੰ ਵੀ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਸ਼ਨੀਵਾਰ ਨੂੰ ਬੰਦੂਕਧਾਰੀਆਂ ਨੇ ਬਲੋਚ ਪੱਤਰਕਾਰ ਅਬਦੁਲ ਲਤੀਫ ਬਲੋਚ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੱਤਰਕਾਰ ਨੇ ਇਸਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸਨੂੰ ਗੋਲੀ ਮਾਰ ਦਿੱਤੀ । ਲਤੀਫ਼ ਕਵੇਟਾ ਦੇ ਇੱਕ ਅਖ਼ਬਾਰ ਲਈ ਕੰਮ ਕਰਦਾ ਸੀ। ਲਤੀਫ਼ ਦੇ ਵੱਡੇ ਪੁੱਤਰ ਨੂੰ ਵੀ ਕੁਝ ਮਹੀਨੇ ਪਹਿਲਾਂ ਅਗਵਾ ਕਰ ਲਿਆ ਗਿਆ ਸੀ। ਬਾਅਦ ਵਿੱਚ ਉਸਦੀ ਲਾਸ਼ ਬਰਾਮਦ ਹੋਈ ਸੀ।
ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਦਾਨਿਆਲ ਕੱਕੜ ਨੇ ਕਿਹਾ ਕਿ ਬੰਦੂਕਧਾਰੀ ਅਵਾਰਨ ਜ਼ਿਲ੍ਹੇ ਦੇ ਮਸ਼ਕਾਏ ਵਿੱਚ ਲਤੀਫ਼ ਦੇ ਘਰ ਵਿੱਚ ਦਾਖਲ ਹੋ ਕੇ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਸਨੇ ਵਿਰੋਧ ਕੀਤਾ ਤਾਂ ਬੰਦੂਕਧਾਰੀਆਂ ਨੇ ਉਸਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਹਮਲਾਵਰ ਭੱਜ ਗਏ।
ਪਾਕਿਸਤਾਨ ਫੈਡਰਲ ਯੂਨੀਅਨ ਆਫ਼ ਜਰਨਲਿਸਟਸ (PFUJ) ਸਮੇਤ ਕਈ ਪੱਤਰਕਾਰ ਸੰਗਠਨਾਂ ਨੇ ਡੇਲੀ ਇੰਤਖਾਬ ਅਖਬਾਰ ਨਾਲ ਜੁੜੇ ਪੱਤਰਕਾਰ ਲਤੀਫ਼ ਦੀ ਹੱਤਿਆ ਦੀ ਨਿੰਦਾ ਕੀਤੀ ਹੈ। ਇਸੇ ਮਾਮਲੇ ਵਿੱਚ, ਬਲੋਚ ਯਾਕਜੇਹਤੀ ਕਮੇਟੀ (BYC) ਨੇ ਸਰਕਾਰ-ਸਮਰਥਿਤ ਮਿਲੀਸ਼ੀਆ ‘ਤੇ ਕਤਲ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਾਕਿਸਤਾਨੀ ਸਰਕਾਰ-ਸਮਰਥਿਤ ਮਿਲੀਸ਼ੀਆ ਨੇ ਪੱਤਰਕਾਰ ਲਤੀਫ ਨੂੰ ਉਸਦੀ ਪਤਨੀ ਅਤੇ ਬੱਚਿਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ।
ਨਿਡਰ ਰਿਪੋਰਟਿੰਗ ਲਈ ਮਸ਼ਹੂਰ ਸੀ ਅਬਦੁਲ ਲਤੀਫ਼
ਲਤੀਫ ਨੂੰ ਅਸ਼ਾਂਤ ਸੂਬੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਨਿਡਰ ਰਿਪੋਰਟਿੰਗ ਲਈ ਵਿਆਪਕ ਤੌਰ ‘ਤੇ ਸਤਿਕਾਰਿਆ ਜਾਂਦਾ ਸੀ। ਉਨ੍ਹਾਂ ਦੇ ਕੰਮ ਨੇ ਦੱਬੇ-ਕੁਚਲੇ ਲੋਕਾਂ ਨੂੰ ਆਵਾਜ਼ ਦਿੱਤੀ ਅਤੇ ਪਾਕਿਸਤਾਨੀ ਫੌਜੀ ਕਾਰਵਾਈਆਂ ਅਧੀਨ ਬਲੋਚ ਭਾਈਚਾਰਿਆਂ ਦੇ ਦੁੱਖਾਂ ਨੂੰ ਇੱਕ ਜਨਤਕ ਪਲੇਟਫਾਰਮ ਦਿੱਤਾ।