ਚੰਡੀਗੜ੍ਹ 23 ਮਈ, ( ਖ਼ਬਰ ਖਾਸ ਬਿਊਰੋ)
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਸੰਗਰੂਰ ਵਿਖੇ ਬੇਗਮੁਪਰਾ ਵਸਾਉਣ ਵਾਲੇ ਕਿਸਾਨਾਂ ਤੇ ਪੁਲਿਸ ਤਸ਼ਦਦ ਕਰਨ ਅਤੇ ਉਹਨਾਂ ਨੂੰ ਜ਼ੇਲ੍ਹਾਂ ਵਿਚ ਭੇਜਣ ਦੀ ਸਖ਼ਤ ਸ਼ਬਦਾ ਵਿਚ ਨਿੰਦਾ ਕੀਤੀ ਹੈ।
ਦੂਲੋ ਨੇ ਜਾਰੀ ਬਿਆਨ ਵਿਚ ਕਿਹਾ ਕਿ ਮੁ੍ੱਖ ਮੰਤਰੀ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਸੰਤ ਰਾਮ ਉਦਾਸੀ ਦੇ ਗੀਤ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ ਹਰ ਚੋਣ ਰੈਲੀ ਵਿਚ ਗਾਉਂਦਾ ਰਿਹਾ ਹੈ , ਪਰ ਹੁਣ ਸੱਤਾ ਸੰਭਾਲਣ ਬਾਅਦ ਉਹ ਆਪਣੀ ਪੁਲਿਸ ਤੋ ਕੰਮੀਆਂ ਉਤੇ ਲਾਠੀਆਂ ਵਰਸਾ ਰਿਹਾ ਹੈ। ਸੀਨੀਅਰ ਕਾਂਗਰਸੀ ਨੇਤਾ ਦੂਲੋ ਨੇ ਕਿਹਾ ਕਿ ਸੱਤਾ ਮਿਲਣ ਉਪਰੰਤ ਹੁਣ ਆਪ ਲੀਡਰਸ਼ਿਪ ਆਮ ਤੋ ਖਾਸ ਬਣ ਗਈ ਹੈ।
ਦੂਲੋ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਸਮੇਤ ਹੋਰਨਾਂ ਸਰਕਾਰੀ ਦਫ਼ਤਰਾਂ ਵਿਚ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀਆਰ ਅੰਬੇਦਕਰ ਦੀ ਫੋਟੋ ਲਾਈ ਹੋਈ ਹੈ, ਜਿਹਨਾਂ ਹਮੇਸ਼ਾਂ ਦੱਬੇ ਕੁੱਚਲੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ। ਇਸੇ ਤਰਾਂ ਕ੍ਰਾਂਤੀਕਾਰੀ ਭਗਤ ਸਿੰਘ ਦੀ ਫੋਟੋ ਲਾਈ ਹੋਈ ਹੈ, ਜੋ ਮਨੁੱਖ ਹੱਥੋ ਮਨੁੱਖ ਦੀ ਲੁੱਟ ਦੇ ਬਰਖਿਲਾਫ਼ ਸੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਦੋਵੇਂ ਕ੍ਰਾਂਤੀਕਾਰੀ, ਯੁੱਗ ਪਲਟਾਊ ਆਗੂਆਂ ਦੀਆਂ ਤਸਵੀਰਾਂ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਲਾਈਆਂ ਹੋਈਆਂ ਹਨ।
ਦੂਲੋ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1972 ਵਿਚ ਸਰਪਲੱਸ ਜ਼ਮੀਨਾਂ (17 ਏਕੜ) ਤੋ ਵੱਧ ਬੇਜ਼ਮੀਨੇ ਲੋਕਾਂ, ਭਾਵੇਂ ਉਹ ਕੋਈ ਵੀ ਜਾਤੀ ਨਾਲ ਸਬੰਧਤ ਹੋਵੇ, ਨੂੰ ਵੰਡਣ ਦਾ ਹੁਕਮ ਦਿੱਤਾ ਸੀ। ਕਈ ਰਾਜਾਂ ਵਿਚ ਇਸ ਹੁਕਮ ਦੀ ਪਾਲਣਾ ਹੋਈ ਅਤੇ ਬੇਜ਼ਮੀਨੇ ਲੋਕਾਂ, ਖੇਤ ਮਜ਼ਦੂਰਾਂ, ਦਲਿਤਾਂ, ਪਿਛੜੀ ਸ੍ਰੇਣੀ ਦੇ ਲੋਕਾਂ ਨੂੰ ਇਹ ਜ਼ਮੀਨਾਂ ਮਿਲੀਆਂ ਪਰ ਪੰਜਾਬ ਵਿਚ ਜਗੀਰਦਾਰੀ ਸੋਚ ਦੇ ਆਗੂਆਂ ਅਤੇ ਅਫ਼ਸਰਸਾਹੀ ਕਾਰਨ ਹੁਕਮ ਦੀ ਸਹੀ ਮਾਅਨੇ ਵਿਚ ਪਾਲਣਾ ਨਹੀਂ ਹੋ ਸਕਗੀ। ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਚਾਇਤੀ ਜ਼ਮੀਨ ਦਾ ਤੀਜ਼ਾ ਹਿੱਸਾ ਜ਼ਮੀਨ ਭੂਮੀ ਹੀਣ ਕਿਸਾਨਾਂ ਨੂੰ ਦਿੱਤੀ ਜਾਵੇ।