ਚੰਡੀਗੜ੍ਹ, 21 ਮਈ (ਖ਼ਬਰ ਖਾਸ ਬਿਊਰੋ)
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਬੇਚਿਰਾਗ ਪਿੰਡ ਬੀੜ ਐਸਵਾਨ ਸੰਗਰੂਰ ਵਿਖੇ 927 ਏਕੜ ਜ਼ਮੀਨ ਚ ਬੇਗ਼ਮਪੁਰਾ ਵਸਾਉਣ ਨੂੰ ਰੋਕਣ ਲਈ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਬੁਖਲਾਹਟ ਵਿੱਚ ਆ ਕੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਉੱਪਰ ਚਲਾਏ ਦਮਨ ਚੱਕਰ ਵਿੱਚ ਸੈਂਕੜੇ ਮਜ਼ਦੂਰ ਮਰਦ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਦਲਿਤਾਂ ਨਾਲ ਧ੍ਰੋਹ ਕਮਾਇਆ ਗਿਆ ਹੈ।
ਮਜ਼ਦੂਰ ਆਗੂਆਂ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਨੇ ਬੀੜ ਐਸਵਾਨ ਜ਼ਮੀਨ ਵੱਲ ਵੱਧ ਰਹੇ ਸੈਂਕੜੇ ਮਜ਼ਦੂਰਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ। ਕੁੱਝ ਲੋਕਾਂ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਲੇਕਿਨ 400 ਤੋਂ ਵੱਧ ਮਜ਼ਦੂਰ ਮਰਦ ਔਰਤਾਂ ਨੂੰ ਸੰਗਰੂਰ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕਰਨ ਉਪਰੰਤ ਸੰਗਰੂਰ ਜੇਲ੍ਹ ਚ 70, ਮਲੇਰਕੋਟਲਾ ਚ 35, ਪਟਿਆਲਾ ਚ 66 ਅਤੇ ਨਾਭਾ ਜੇਲ੍ਹ ਚ 85 ਮਜ਼ਦੂਰਾਂ ਨੂੰ ਕੈਦ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਬਠਿੰਡਾ ਜੇਲ੍ਹ ਵਿੱਚ 100 ਦੇ ਕ਼ਰੀਬ ਮਜ਼ਦੂਰ ਔਰਤਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਪ੍ਰੰਤੂ ਬਾਕੀ ਮਜ਼ਦੂਰ ਮਰਦ ਔਰਤਾਂ ਨੂੰ ਕਿਸ ਜੇਲ੍ਹ ਜਾਂ ਆਰਜੀ ਜੇਲ੍ਹ ਵਿੱਚ ਪ੍ਰਸ਼ਾਸਨ ਨੇ ਨਜ਼ਰਬੰਦ ਕੀਤਾ। ਪ੍ਰਸ਼ਾਸਨ ਉਹ ਦੱਸਣ ਲਈ ਤਿਆਰ ਨਹੀਂ।
ਯੂਨੀਅਨ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਬੇਗ਼ਮਪੁਰਾ ਵਸਾਉਣ ਤੋਂ ਰੋਕਣ ਲਈ ਗ੍ਰਿਫ਼ਤਾਰ ਮਜ਼ਦੂਰ ਮਰਦ ਔਰਤਾਂ ਦੀ ਸਮੇਤ ਗਿਣਤੀ ਜਨਤਕ ਕਰੇ ਕਿ ਉਹਨਾਂ ਨੂੰ ਕਿਸ ਕਿਸ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਤਾਂ ਕਿ ਫ਼ਿਕਰਮੰਦ ਪਰਿਵਾਰਾਂ ਨੂੰ ਉਹਨਾਂ ਦੇ ਆਪਣਿਆਂ ਦੀ ਸਹੀ ਸਲਾਮਤ ਹੋਣ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਮਜ਼ਦੂਰ ਨੂੰ ਕਿਸੇ ਕਿਸਮ ਦਾ ਨੁਕਸਾਨ ਪੁੱਜਾ ਤਾਂ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ਇਸ ਦੇ ਸਿੱਟੇ ਭੁਗਤਣ ਲਈ ਤਿਆਰ ਰਹੇ।