ਅਹਿਮ ਅਹੁਦਿਆਂ ‘ਤੇ ਦਿੱਲੀ ਦੇ ਵਿਅਕਤੀਆਂ ਦੀਆਂ ਨਿਯੁਕਤੀਆਂ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ: ਬਲਬੀਰ ਸਿੱਧੂ

ਐਸ.ਏ.ਐਸ. ਨਗਰ, 20 ਮਈ, (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵਲੋਂ ਅਹਿਮ ਜਨਤਕ ਅਹੁਦਿਆਂ ਉਤੇ ਦਿੱਲੀ ਦੇ ਵਿਅਕਤੀਆਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਉਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਪੰਜਾਬ ਦੇ ਹਿੱਤਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਹੈ।

ਸ਼੍ਰੀ ਸਿੱਧੂ ਨੇ ਅੱਜ ਇਥੇ ਜਾਰੀ ਕੀਤੇ ਗਏ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੋਲ ਗਹਿਣੇ ਰੱਖ ਦਿੱਤਾ ਹੈ ਜਿਹੜਾ ਹਰ ਛੋਟੇ-ਵੱਡੇ ਮਾਮਲੇ ਵਿਚ ਆਪਣੀ ਮਨਮਰਜ਼ੀ ਕਰ ਰਿਹਾ ਹੈ। ਉਹਨਾਂ ਕਿਹਾ, “ਦਿੱਲੀ ਦੇ ਲੋਕਾਂ ਵਲੋਂ ਨਕਾਰੇ ਅਤੇ ਕਰੋੜਾਂ ਦੇ ਘਪਲਿਆਂ ਦੇ ਕੇਸਾਂ ਵਿਚ ਫਸੇ ਹੋਏ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਹੁਣ ਸੂਬੇ ਦੇ ਅਹਿਮ ਮਹਿਕਮਿਆਂ ਵਿਚ ਆਪਣੇ ਚਹੇਤੇ ਵਿਅਕਤੀਆਂ ਨੂੰ ਫਿੱਟ ਕਰ ਰਹੇ ਹਨ ਤਾਂ ਕਿ ਹਰ ਮਹਿਕਮੇ ਦੇ ਧੁਰ ਹੇਠਾਂ ਤੱਕ ਸਿੱਧੀ ਪਕੜ ਬਣਾਈ ਜਾ ਸਕੇ।”

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਕਾਂਗਰਸੀ ਆਗੂ ਨੇ ਕਿਹਾ, “ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਲਾਰਜ ਸਕੇਲ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨਾਂ ਦੀਆਂ ਪਦਵੀਆਂ ਉਤੇ ਦਿੱਲੀ ਤੋਂ ਲਿਆ ਕੇ ਉਹ ਵਿਅਕਤੀ ਬਿਠਾ ਦਿਤੇ ਹਨ ਜਿਨ੍ਹਾਂ ਨੂੰ ਨਾ ਤਾਂ ਪੰਜਾਬ ਦੀ ਕੋਈ ਸਮਝ ਹੈ ਅਤੇ ਨਾ ਹੀ ਉਹਨਾਂ ਨੂੰ ਪੰਜਾਬ ਨਾਲ ਕੋਈ ਲਗਾਅ ਹੈ। ਉਹਨਾਂ ਦਾ ਇੱਕੋ ਇੱਕ ਮਕਸਦ ਆਪਣੀਆਂ ਅਤੇ ਆਪਣੇ ਸਿਆਸੀ ਆਕਾਵਾਂ ਦੀਆਂ ਝੋਲੀਆਂ ਭਰਨਾ ਹੈ।”

ਉਹਨਾਂ ਕਿਹਾ ਕਿ ਦਿੱਲੀ ਤੋਂ ਲਿਆਂਦੇ ਜਾ ਰਹੇ ਇਹ ਸਾਰੇ ਵਿਅਕਤੀ ਉਹੀ ਹਨ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਦਿੱਲੀ ਵਿਚ ਕਿਸੇ ਨਾ ਕਿਸੇ ਤਰਾਂ ਘੋਟਾਲਾ ਮੰਤਰੀਆਂ ਨਾਲ ਸਬੰਧਤ ਸਨ ਅਤੇ ਹੁਣ ਇਹਨਾਂ ਵਿਹਲੇ ਹੋ ਗਏ ਵਿਅਕਤੀਆਂ ਨੂੰ ਪੰਜਾਬ ਲਾਂਦਾ ਜਾ ਰਿਹਾ ਹੈ ਤਾਂ ਇਹਨਾਂ ਦੇ “ਤਜ਼ਰਬੇ” ਦਾ ਲਾਹਾ ਇਥੇ ਵੀ ਲਿਆ ਜਾ ਸਕੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਿੱਧੂ ਨੇ ਪੰਜਾਬ ਸਰਕਾਰ ਨੇ ਸੂਬੇ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਿਚ ਐਡੀਸ਼ਨਲ ਐਡਵੋਕੇਟ ਜਨਰਲ ਦੀਆਂ ਤਿੰਨੇ ਹੀ ਅਸਾਮੀਆਂ ਉਤੇ ਪੰਜਾਬ ਦੇ ਵਕੀਲਾਂ ਨੂੰ ਛੱਡ ਕੇ ਦਿੱਲੀ ਦੇ ਤਿੰਨ ਵਕੀਲਾਂ ਮੋਹੰਮਦ ਇਰਸ਼ਾਦ, ਪ੍ਰਸ਼ਾਂਤ ਮਨਚੰਡਾ ਅਤੇ ਆਰ.ਵੀ. ਸਿਨਹਾ ਨੂੰ ਨਿਯੁਕਤ ਕਰ ਕੇ ਸੂਬੇ ਦੇ ਹਿੱਤਾਂ ਨਾਲ ਗਦਾਰੀ ਕੀਤੀ ਹੈ। ਉਹਨਾਂ ਕਿਹਾ ਕਿ ਐਡੀਸ਼ਨਲ ਐਡਵੋਕੇਟ ਜਨਰਲ ਵਰਗੇ ਮਹੱਤਵਪੂਰਨ ਅਹੁਦਿਆਂ ਉਤੇ ਗੈਰ ਪੰਜਾਬੀਆਂ ਨੂੰ ਨਿਯੁਕਤ ਕਰਨਾ ਇਕ ਗੰਭੀਰ ਅਪਰਾਧ ਹੈ ਕਿਉਂਕਿ ਗੈਰ ਪੰਜਾਬੀ ਵਿਅਕਤੀਆਂ ਤੋਂ ਇਹ ਆਸ ਨਹੀਂ ਕੀਤੀ ਜਾਣੀ ਚਾਹੀਦੀ ਕਿ ਉਹ ਪੰਜਾਬ ਦੇ ਹਿੱਤਾਂ ਲਈ ਲੜਣਗੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਿੱਧੂ ਨੇ ਪੰਜਾਬ ਦੀਆਂ ਲੋਕ ਪੱਖੀ ਜਥੇਬੰਦੀਆਂ, ਅਦਾਰਿਆਂ ਅਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਿੱਤਾਂ ਨਾਲ ਕੀਤੇ ਜਾ ਰਹੇ ਖਿਲਵਾੜ ਵਿਰੁੱਧ ਹਰ ਸੰਭਵ ਤਰੀਕੇ ਨਾਲ ਆਵਾਜ਼ ਉਠਾਉਣ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਨੂੰ ਘੇਰ ਘੇਰ ਕਿ ਇਹ ਸਵਾਲ ਪੁਛਿਆ ਜਾਣਾ ਚਾਹੀਦਾ ਹੈ, ਕੀ ਪੰਜਾਬ ਵਿਚ ਇਹਨਾਂ ਅਸਾਮੀਆਂ ਲਈ ਕੋਈ ਯੋਗ ਉਮੀਦਵਾਰ ਨਹੀਂ ਸੀ?

Leave a Reply

Your email address will not be published. Required fields are marked *