ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਲਈ ਆਨਲਾਈਨ ਭਰਤੀ ਲਈ ਫਾਰਮ ਜਾਰੀ

https://www.akalidalbharti.com ਤੇ ਜਾਕੇ ਬਣ ਸਕਦੇ ਹੋ ਮੈਂਬਰ

ਚੰਡੀਗੜ੍ਹ, 19 ਮਈ (ਖਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਬਹੁਤਾਤ ਮੰਗ ਨੂੰ ਪੂਰਾ ਕਰਦਿਆਂ ਓਹਨਾ ਲਈ ਆਨ ਲਾਈਨ ਭਰਤੀ ਫਾਰਮ ਜਾਰੀ ਕਰ ਦਿੱਤਾ ਗਿਆ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਪੰਜਾਬੀ, ਭਾਂਵੇ ਉਹ ਕਿਸੇ ਵੀ ਜਾਤ ਧਰਮ ਨਾਲ ਸਬੰਧਤ ਹੈ, ਅਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਹੁੰਦਾ ਵੇਖਣਾ ਚਾਹੁੰਦਾ ਹੈ, ਉਹ ਆਪ ਵੀ ਮੈਂਬਰ ਬਣੇ ਅਤੇ ਆਪਣੇ ਪਰਿਵਾਰਿਕ ਮੈਬਰਾਂ, ਰਿਸ਼ਤੇਦਾਰਾਂ, ਦੋਸਤਾਂ ਸਕੇ ਸਬੰਧੀਆਂ ਨੂੰ ਵੀ ਜਾਰੀ ਆਨ ਲਾਈਨ ਫਾਰਮ ਭਰ ਕੇ ਮੈਬਰ ਬਣਾ ਸਕਦਾ ਹੈ । ਮੈਬਰਾਂ ਵੱਲੋਂ ਆਨ ਲਾਈਨ ਭਰਤੀ ਲਈ ਪੋਰਟਲ ਦਾ ਲਿੰਕ https://www.akalidalbharti.com ਜਾਰੀ ਕੀਤਾ ਗਿਆ।

ਚੰਡੀਗੜ ਵਿੱਚ ਮੀਡੀਆ ਨੂੰ ਮੁਖ਼ਾਤਿਬ ਹੁੰਦੇ ਭਰਤੀ ਕਮੇਟੀ ਮੈਂਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵੱਲੋ ਹੁਣ ਤੱਕ ਭਰਤੀ ਮੁਹਿੰਮ ਤੇ ਤਸੱਲੀ ਪ੍ਰਗਟ ਕੀਤੀ ਗਈ। ਸਰਦਾਰ ਇਯਾਲੀ ਨੇ ਕਿਹਾ ਕਿ 18 ਮਾਰਚ ਨੂੰ ਸ਼ੁਰੂ ਹੋਈ ਭਰਤੀ ਅੱਜ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚ ਚੁੱਕੀ ਹੈ। ਪਾਰਟੀ ਲੀਡਰਸ਼ਿਪ ਦੀਆਂ ਗਲਤ ਨੀਤੀਆਂ ਅਤੇ ਨਰਾਜ਼ਗੀ ਕਰਕੇ ਪਿਛਲੇ ਸਮੇਂ ਦੌਰਾਨ ਪਾਰਟੀ ਛੱਡ ਚੁੱਕੇ ਵਰਕਰ ਸਨਮਾਨ ਨਾਲ ਜਿੱੱਥੇ ਵਾਪਸੀ ਕਰ ਰਹੇ ਹਨ, ਉਥੇ ਹੀ ਸਰਗਰਮ ਭਾਵਨਾ ਨਾਲ ਮੈਂਬਰਸ਼ਿਪ ਮੁਹਿੰਮ ਨਾਲ ਜੁੜੇ ਹਨ। ਸਰਦਾਰ ਇਯਾਲੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ੀ ਧਰਤੀ ਤੇ ਬੈਠੇ ਸਾਡੇ ਪੰਜਾਬੀ ਨੌਜਵਾਨ ਲਗਾਤਾਰ ਇਸ ਭਰਤੀ ਮੁਹਿੰਮ ਨਾਲ ਜੁੜਨ ਲਈ ਕੋਸ਼ਿਸ਼ ਕਰ ਰਹੇ ਸਨ,ਓਹਨਾ ਦੀ ਇਸ ਮੰਗ ਨੂੰ ਬਿਨਾ ਦੇਰ ਕੀਤੇ ਪੂਰਾ ਕਰਨ ਲਈ ਆਨ ਲਾਈਨ ਭਰਤੀ ਫਾਰਮ ਜਾਰੀ ਕੀਤਾ ਗਿਆ।

ਹੋਰ ਪੜ੍ਹੋ 👉  ’ਯੁੱਧ ਨਸ਼ਿਆਂ ਵਿਰੁੱਧ’ ਪੁਲਿਸ ਵੱਲੋਂ 117 ਨਸ਼ਾ ਤਸਕਰ ਗ੍ਰਿਫ਼ਤਾਰ; 7.5 ਕਿਲੋ ਹੈਰੋਇਨ ਅਤੇ 39 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ

ਇਸ ਦੇ ਨਾਲ ਹੀ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੱਖ ਵੱਖ ਸੂਬਿਆਂ ਵਿੱਚ ਬੈਠੇ ਪੰਜਾਬੀਆਂ ਨੂੰ ਖਾਸ ਅਪੀਲ ਕੀਤੀ ਕਿ ਉਹ ਵੀ ਇਸ ਦਿੱਤੇ ਫਾਰਮ ਜਰੀਏ ਮੈਂਬਰਸ਼ਿਪ ਲੈ ਸਕਦੇ ਹਨ। ਆਪਣੀ ਵਿਦੇਸ਼ੀ ਫੇਰੀ ਦਾ ਜਿਕਰ ਕਰਦਿਆਂ ਓਹਨਾ ਕਿਹਾ ਕਿ ਵਿਦੇਸ਼ਾਂ ਵਿੱਚ ਬੈਠਾ ਹਰ ਪੰਜਾਬੀ ਦੀ ਨਜ਼ਰ ਇਸ ਭਰਤੀ ਮੁਹਿੰਮ ਤੇ ਲੱਗੀ ਹੋਈ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਵੱਡਾ ਹੁੰਗਾਰਾ ਮਿਲਿਆ ਹੈ, ਉਸ ਤਰਾਂ ਹਰ ਕੋਨੇ ਵਿਚ ਬੈਠਾ ਪੰਜਾਬੀ ਇਸ ਮੁਹਿੰਮ ਨਾਲ ਜੁੜ ਰਿਹਾ ਹੈ।

ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ, ਨੈਤਿਕ ਤੌਰ ਤੇ ਸਿਆਸੀ ਅਗਵਾਈ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਵਲੋਂ ਵਾਰ ਵਾਰ ਜਾਣ ਬੁੱਝ ਕੇ ਗਲਤ ਪ੍ਰਚਾਰ ਜ਼ਰੀਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਕਮੇਟੀ ਦੇ ਕਾਰਜ ਖੇਤਰ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਓਹਨਾ ਮੁੜ ਦੁਹਰਾਇਆ ਕਿ ਸਾਡਾ ਕੋਈ ਨਿੱਜੀ ਮਨੋਰਥ ਨਹੀਂ ਹੈ। ਅਸੀ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੇਣ ਲਈ ਵਚਨਬੱਧ ਸੀ ਅਤੇ ਹਾਂ।

ਹੋਰ ਪੜ੍ਹੋ 👉  ਕੈਬਨਿਟ ਦਾ ਫੈਸਲਾ, ਇੰਡਸਟਰੀ ਪਲਾਟਾਂ ਵਿਚ ਹੋਵੇਗੀ ਵੰਡ, ਜੇਲ੍ਹ ਵਿਭਾਗ ਵਿੱਚ 500 ਖ਼ਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ

ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ 18 ਮਾਰਚ ਤੋਂ ਲੈਕੇ ਹੁਣ ਤੱਕ ਹੋਈ ਭਰਤੀ ਅਤੇ ਜਾਰੀ ਭਰਤੀ ਮੁਹਿੰਮ ਦੀ ਸਮੀਖਿਆ ਲਈ ਵੀਰਵਾਰ ਨੂੰ ਚੰੜੀਗੜ ਵਿਖੇ ਆਗੂਆਂ ਅਤੇ ਵਰਕਰ ਸਾਹਿਬਾਨਾਂ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਜਿੱਥੇ ਸੂਬੇ ਭਰ ਤੋਂ ਭਰੀਆਂ ਜਾ ਚੁੱਕੀਆਂ ਕਾਪੀਆਂ ਦੀ ਪ੍ਰਾਪਤੀ ਹੋਵੇਗੀ ਉਥੇ ਹੀ ਆਉਣ ਵਾਲੇ ਦਿਨਾਂ ਅੰਦਰ ਹੋਰ ਤੇਜ਼ ਗਤੀ ਨਾਲ ਭਰਤੀ ਮੁਹਿੰਮ ਨੂੰ ਹਰ ਬੂਥ ਤੱਕ ਲੈਕੇ ਜਾਇਆ ਜਾਵੇ ਇਸ ਨੂੰ ਲੈਕੇ ਤਿਆਰੀ ਕੀਤੀ ਜਾਵੇਗੀ।

ਬੀਬੀ ਸਤਵੰਤ ਕੌਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਇਸ ਭਰਤੀ ਮੁਹਿੰਮ ਨਾਲ ਵੱਡੀ ਗਿਣਤੀ ਵਿੱਚ ਬੀਬੀਆਂ ਦੇ ਕਾਫ਼ਲੇ ਜੁੜ ਰਹੇ ਹਨ। ਨੌਜਵਾਨ ਵਰਗ ਦਾ ਮੁੜ ਵਿਸ਼ਵਾਸ ਆਪਣੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਵਧਣ ਲੱਗਾ ਹੈ। ਬੀਬੀ ਸਤਵੰਤ ਕੌਰ ਨੇ ਜੋਰ ਦੇਕੇ ਕਿਹਾ ਕਿ ਇਹ ਭਰਤੀ ਕਿਸੇ ਨੂੰ ਹਰਾਉਣ ਜਾਂ ਕਿਸੇ ਦੇ ਜਿੱਤਣ ਦਾ ਪ੍ਰਤੀਕ ਨਹੀ ਹੈ, ਇਹ ਭਰਤੀ ਪੰਥ ਅਤੇ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਜਰੀਆ ਬਣੇਗੀ। ਪੂਰਾ ਪੰਥ ਅਤੇ ਪੰਜਾਬ ਇੱਕ ਵਿਧਾਨ ਹੇਠ ਇਕੱਠਾ ਹੋਵੇਗਾ ਜਿਸ ਦਾ ਮਕਸਦ ਪੰਜਾਬ ਅਤੇ ਪੰਥ ਦੇ ਵੱਡੇ ਹਿੱਤਾਂ ਦੀ ਪ੍ਰਾਪਤੀ ਹੋਵੇਗੀ।

ਹੋਰ ਪੜ੍ਹੋ 👉  54,422 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਮੁਕੰਮਲ : ਮੁੱਖ ਮੰਤਰੀ

ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਵਾਰ ਵਾਰ ਉੱਠਣ ਵਾਲੇ ਸਵਾਲ ਦਾ ਬੜੀ ਸਪੱਸ਼ਟਤਾ ਨਾਲ ਜਵਾਬ ਦਿੱਤਾ ਕਿ ਇਹ ਭਰਤੀ ਕਿਸੇ ਨਵੀਂ ਧਿਰ ਬਣਾਉਣ ਜਾਂ ਕਿਸੇ ਨਵੀਂ ਧਿਰ ਨਾਲ ਜੁੜਨ ਲਈ ਨਹੀਂ ਕੀਤੀ ਜਾ ਰਹੀ । ਇਸ ਭਰਤੀ ਮੁਹਿੰਮ ਦਾ ਮਨੋਰਥ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ ਨੂੰ ਪੂਰਾ ਕਰਨਾ ਹੈ, ਜਿਸ ਵਿੱਚ ਇੱਕ ਪਾਸੇ ਨੈਤਿਕ ਤੌਰ ਤੇ ਸਿਆਸੀ ਅਗਵਾਈ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਕਰਕੇ ਖੜੋਤ ਆਉਣ ਦੀ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਮਿਲੇ ਹੁਕਮਾਂ ਤੇ ਪਹਿਰਾ ਦੇਣਾ ਹੈ। ਭਰਤੀ ਕਮੇਟੀ ਮੈਬਰਾਂ ਨੇ ਮੁੜ ਦੁਹਰਾਇਆ ਕਿ ਹੁਕਮਨਾਮਾ ਸਾਹਿਬ ਦੇ ਇਕ ਇੱਕ ਅੱਖਰ ਦੀ ਇੰਨ ਬਿੰਨ ਪਾਲਣਾ ਬਿਨਾ ਕਿਸੇ ਸਵਾਰਥ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਜੂਨ ਦੇ ਪਹਿਲੇ ਹਫਤੇ ਭਰਤੀ ਸਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਜਾਵੇਗਾ। ਇਸ ਹਫਤੇ ਨੂੰ ਸਿੱਖ ਕੌਮ ਕਦੇ ਨਹੀਂ ਭੁਲਾ ਸਕਦੀ। ਇਸ ਦੇ ਨਾਲ ਹੀ ਮੈਬਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਿਹੜੀ ਸੇਵਾ ਓਹਨਾਂ ਦੇ ਹਿੱਸੇ ਆਈ ਹੈ, ਉਸ ਨੂੰ ਹਰ ਹੀਲੇ ਅਤੇ ਹਰ ਕਸੌਟੀ ਤੇ ਖਰਾ ਉੱਤਰ ਕੇ ਪੂਰਾ ਕੀਤਾ ਜਾਵੇਗਾ।

Leave a Reply

Your email address will not be published. Required fields are marked *